Punjab

SFJ ਨੇ ਪੰਜਾਬ ਪੁਲਿਸ ਨੂੰ ਪਾਈਆਂ ਭਾਜੜਾਂ, ਹੁਣ ਕਿਸੇ ਨੇ ਪੁਲ ‘ਤੇ ਗੱਡਿਆ ਖਾਲਿਸਤਾਨ ਲਿਖਿਆ ਝੰਡਾ

‘ਦ ਖ਼ਾਲਸ ਬਿਊਰੋ:- ‘ਸਿੱਖਸ ਫਾਰ ਜਿਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਰੈਫਰੈਂਡਮ-2020 ਦੀ ਵੋਟਿੰਗ ਕਰਵਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਲਈ ਪੰਨੂੰ ਵੱਲੋਂ ਕਦੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਅਤੇ ਕਦੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਸਿੱਖ ਨੌਜਵਾਨਾਂ ਨੂੰ ਡਾਲਰਾਂ ਦੇ ਲਾਲਚ ਦਿੱਤੇ ਜਾ ਰਹੇ ਹਨ।

ਇੱਕ ਵਾਰ ਫਿਰ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਸਥਿਤ ਭੁੱਚੋ ਕੈਂਚੀਆਂ ਚੌਂਕ ਦੇ ਪੁਲ ਅਤੇ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਬਾਹਰਲੇ ਗੇਟ ’ਤੇ ਕੁੱਝ ਅਣਪਛਾਤਿਆਂ ਨੇ ਖਾਲਿਸਤਾਨੀ ਝੰਡੇ ਲਹਿਰਾਏ। ਇਸ ਬਾਰੇ ਪਤਾ ਲੱਗਣ ’ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਾਰਕੀਟ ਕਮੇਟੀ ਦੇ ਦਫ਼ਤਰ ਦੇ ਗੇਟ ’ਤੇ ਲਹਿਰਾਏ ਗਏ ਝੰਡੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕੁੱਝ ਵਿਅਕਤੀ ਗੇਟ ’ਤੇ ਝੰਡਾ ਲਹਿਰਾ ਕੇ ਖਾਲਿਸਤਾਨੀ ਨਾਅਰੇ ਲਾਉਂਦੇ ਦਿਖਾਈ ਦੇ ਰਹੇ ਹਨ।

ਮਾਮਲੇ ਦੀ ਜਾਂਚ ਲਈ ਭੁੱਚੋ ਦੇ ਡੀਐੱਸਪੀ ਅਸ਼ੋਕ ਸ਼ਰਮਾ ਅਤੇ ਚੌਂਕੀ ਇੰਚਾਰਜ  ਗੁਰਪ੍ਰੀਤ ਸਿੰਘ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਪਰ ਉਸ ਵੇਲੇ ਉੱਥੇ ਕੋਈ ਝੰਡਾ ਨਹੀਂ ਸੀ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਣਪਛਾਤਿਆਂ ਨੇ ਇੱਥੇ ਝੰਡਾ ਲਹਿਰਾਉਂਦਿਆਂ ਦੀ ਵੀਡੀਓ ਬਣਾ ਕੇ ਉਹੀ ਝੰਡਾ ਕੌਮੀ ਮਾਰਗ ’ਤੇ ਲਹਿਰਾ ਦਿੱਤਾ। ਇਸ ਮਗਰੋਂ ਪੁਲਿਸ ਨੇ ਕੌਮੀ ਮਾਰਗ ’ਤੇ ਜਾ ਕੇ ਉੱਥੋਂ ਖਾਲਿਸਤਾਨੀ ਝੰਡਾ ਉਤਾਰਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਝੰਡੇ ’ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਸੀ।

ਮਾਰਕੀਟ ਕਮੇਟੀ ਦੇ ਚੇਅਰਮੈਨ ਨਾਹਰ ਸਿੰਘ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ  ਦਫ਼ਤਰ ਵਿੱਚ ਬਾਕਾਇਦਾ ਚੌਂਕੀਦਾਰ ਰੱਖਿਆ ਹੋਇਆ ਹੈ ਪਰ ਉਹ ਦਫ਼ਤਰ ਦੇ ਅੰਦਰ ਹੁੰਦਾ ਹੈ।  ਝੰਡਾ ਕਿਸੇ ਨੇ ਬਾਹਰ ਲਹਿਰਾਇਆ ਹੋ ਸਕਦਾ ਹੈ। ਇਸ ਦੀ ਸਿਰਫ਼ ਵੀਡੀਓ ਹੀ ਮਿਲੀ ਹੈ। ਇਹ ਵੀਡੀਓ  ਕਦੋਂ ਦੀ ਹੈ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।