India International Punjab

ਜੇਲ੍ਹ ‘ਚ ਨੌਦੀਪ ਕੌਰ ਨਾਲ ਭੈਣ ਰਾਜਵੀਰ ਕੌਰ ਦੀ 15 ਮਿੰਟ ਮੁਲਾਕਾਤ, ਦਿੱਤਾ ਜੋਸ਼ੀਲਾ ਸੁਨੇਹਾ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਮੁਕਤਸਰ ਸਾਹਿਬ ਦੀ ਨੌਦੀਪ ਕੌਰ ਨੂੰ ਹੁਣ ਰਿਹਾਈ ਦਾ ਇੰਤਜ਼ਾਰ ਹੈ ਅਤੇ ਰਿਹਾਈ ਤੋਂ ਬਾਅਦ ਵੀ ਜ਼ਮਹੂਰੀ ਹੱਕਾਂ ਲਈ ਲੜਾਈ ਜਾਰੀ ਰੱਖਣ ਦਾ। ਫੋਨ ਰਾਹੀਂ ਇੱਕ ਵਿਸ਼ੇਸ਼ ਗੱਲਬਾਤ ਵਿੱਚ ਉਸਦੀ ਭੈਣ ਰਾਜਵੀਰ ਕੌਰ ਨੇ ਦੱਸਿਆ ਕਿ ਨੌਦੀਪ ਕੌਰ ‘ਤੇ ਤਿੰਨ ਐੱਫਆਈਆਰ ਦਰਜ ਹਨ। ਇਨ੍ਹਾਂ ਵਿੱਚੋਂ 28 ਦਸੰਬਰ ਨੂੰ 26 ਨੰਬਰ ਵਾਲੀ ਐੱਫਆਈਆਰ ‘ਤੇ ਜ਼ਮਾਨਤ ਮਿਲ ਰਹੀ ਹੈ। 26 ਨੰਬਰ ‘ਤੇ 384 ਧਾਰਾ ਲਾਈ ਹੈ। ਜਦਕਿ ਇਹ ਧਾਰਾ ਜ਼ਬਰਨ ਵਸੂਲੀ ਲਈ ਲਾਈ ਜਾਂਦੀ ਹੈ। ਮਜ਼ਦੂਰ ਆਪਣੀ ਦਿਹਾੜੀ ਮੰਗ ਰਹੇ ਸਨ ਤੇ ਮਿਹਨਤ ਦਾ ਪੈਸਾ ਮੰਗਣ ਨੂੰ ਧਾਰਾ 384 ਲਾ ਕੇ ਜ਼ਬਰਨ ਵਸੂਲੀ ਦੱਸਿਆ ਗਿਆ ਹੈ। 25 ਨੰਬਰ ਐੱਫਆਈਆਰ ਵਿੱਚ 307 ਇਰਾਦਾ ਕਤਲ,  379 ਸਨੈਚਿੰਗ ਤੇ 384 ਧਾਰਾਵਾਂ ਲਾਈਆਂ ਗਈਆਂ ਹਨ। 307 ਦੀ ਧਾਰਾ ਦੇ ਖਿਲਾਫ ਸੈਸ਼ਨ ਕੋਰਟ ‘ਚ ਪਾਈ ਪਟੀਸ਼ਨ ਨੂੰ 2 ਫਰਵਰੀ ਨੂੰ ਰੱਦ ਕਰ ਦਿੱਤਾ ਗਿਆ ਸੀ। ਸੈਸ਼ਨ ਕੋਰਟ ਤੋਂ ਬਾਅਦ ਫਿਰ ਹਾਈਕੋਰਟ ‘ਚ ਪਟੀਸ਼ਨ ਲਾਈ ਜਾਵੇਗੀ।

ਨੌਦੀਪ ਕੌਰ ਦੀ ਭੈਣ ਨੇ ਕਿਹਾ ਕਿ ਇਸ ਕੇਸ ਵਿੱਚ ਬਹੁਤ ਰਾਜਨੀਤਿਕ ਦਬਾਅ ਹੈ। ਫਿਰ ਵੀ ਲੋਕਾਂ ਦੇ ਮਦਦ ਲਈ ਫੋਨ ਆ ਰਹੇ ਹਨ। ਸਰਕਾਰ ਬਹੁਤ ਕਸੂਤੀ ਫਸੀ ਹੋਈ ਹੈ। ਮੀਡਿਆ ਵੀ ਹੁਣ ਸਵਾਲ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਇੱਕ ਮਹੀਨੇ ਤੋਂ ਬੰਦ ਸ਼ਿਵ ਕੁਮਾਰ ਨੂੰ ਕੋਈ ਕਾਨੂੰਨੀ ਮਦਦ ਨਹੀਂ ਮਿਲ ਰਹੀ। ਉਹਨਾਂ ਨੂੰ 16 ਜਨਵਰੀ ਤੋਂ 24 ਜਨਵਰੀ ਤੱਕ ਕੋਰਟ ਵਿੱਚ ਪੇਸ਼ ਨਹੀਂ ਕੀਤਾ ਗਿਆ ਅਤੇ 10 ਦਿਨਾਂ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ। ਉਨ੍ਹਾਂ ਨੂੰ ਕਿਸੇ ਵਕੀਲ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਜੇਲ੍ਹ ਪ੍ਰਸ਼ਾਸ਼ਨ ਕਾਰਨ ਪਰਿਵਾਰ ਵੀ ਸ਼ਿਵ ਕੁਮਾਰ ਨੂੰ ਨਹੀਂ ਮਿਲ ਪਾ ਰਹੇ।

ਨੌਦੀਪ ਕੌਰ ਦੀ ਮੰਗ ‘ਤੇ ਅਸੀਂ ਕੁੱਝ ਸਮਾਨ ਵੀ ਲੈ ਕੇ ਗਏ ਸੀ। ਨੌਦੀਪ ਕੌਰ ਨੇ ਦੱਸਿਆ ਹੈ ਕਿ ਜੇਲ੍ਹ ਵਿੱਚ 20-25 ਕੁੜੀਆਂ ਹੋਰ  ਬੰਦ ਹਨ। ਕੋਵਿਡ ਦਾ ਬਹਾਨਾ ਦੱਸ ਕੇ ਉਸਨੂੰ ਉਨ੍ਹਾਂ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਹੈ। ਨੌਦੀਪ ਕੌਰ ਨਾਲ ਵੀ 15 ਮਿੰਟ ਹੀ ਗੱਲ ਹੋਈ ਸੀ। ਬਹੁਤ ਸਾਰੀਆਂ ਕੁੜੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਜ਼ਮਾਨਤ ਨਹੀਂ ਹੋ ਰਹੀ ਹੈ। ਕੁੱਝ ਪਰਿਵਾਰ ਵਾਲੇ ਵੀ ਸਪੋਰਟ ਨਹੀਂ ਕਰ ਰਹੇ। ਉਹਨਾਂ ਨੇ ਵਕੀਲ ਦੀ ਮੰਗ ਕੀਤੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਉਨ੍ਹਾਂ ਕੁੜੀਆਂ ਦਾ ਨੌਦੀਪ ਕੌਰ ਦੇ ਕੇਸ ਨਾਲ ਕੋਈ ਸੰਬੰਧ ਨਹੀਂ ਹੈ।

ਰਾਜਵੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਬਿਨਾਂ ਮੈਡੀਕਲ ਕੀਤਿਆਂ ਜੇਲ੍ਹ ਭੇਜ ਦਿੱਤਾ ਸੀ। ਹੁਣ  25 ਜਨਵਰੀ ਨੂੰ ਉਸਦਾ ਮੈਡੀਕਲ ਹੋਇਆ ਹੈ। ਇਸ ਕੇਸ ਨੂੰ ਹਾਈਕੋਰਟ ਤੇ ਸੋਨੀਪਤ ਦੇ ਵਕੀਲ ਦੇਖ ਰਹੇ ਹਨ।

ਨੌਦੀਪ ਕੌਰ ਮਜ਼ਦੂਰ ਅਧਿਕਾਰ ਸੰਗਠਨ ਲਈ ਕੰਮ ਕਰਦੀ ਹੈ। ਇਹ ਸੰਗਠਨ ਕੋਈ ਤਿੰਨ ਸਾਲ ਪਹਿਲਾਂ ਬਣਿਆ ਹੈ। ਨੌਦੀਪ ਇਸ ‘ਚ 4 ਮਹੀਨੇ ਪਹਿਲਾਂ ਹੀ ਸ਼ਾਮਿਲ ਹੋਈ ਹੈ। ਨੌਦੀਪ ਕੁੰਡਲੀ ਦੀ ਫੈਕਟਰੀ ‘ਚ ਕੰਮ ਕਰਦੀ ਹੈ।

ਇਸ ਵਾਰ ਨੌਦੀਪ ਕੌਰ ਦਾ ਜੇਲ੍ਹ ਵਿੱਚ ਜਨਮਦਿਨ ਖ਼ਾਸ

ਨੌਦੀਪ ਕੌਰ ਦੀ ਭੈਣ ਨੇ ਦੱਸਿਆ ਕਿ ਕਿਸਾਨ ਲੀਡਰ ਸਾਡੀ ਮਦਦ ਕਰਨ ਲਈ ਅੱਗੇ ਆ ਰਹੇ ਹਨ। ਅਸੀਂ ਵੀ ਸਿੰਘੂ ਬਾਰਡਰ ‘ਤੇ ਹੀ ਡਟੇ ਹੋਏ ਹਾਂ। ਨੌਦੀਪ ਦਾ ਕਹਿਣਾ ਹੈ ਕਿ ਜਨਮ ਦਿਨ ਤੋਂ ਪਹਿਲਾਂ ਇਹ ਧੰਨਵਾਦ ਕਰ ਰਹੀ ਸੀ ਅਤੇ ਨੌਦੀਪ ਕੌਰ ਨੇ ਕਿਹਾ ਹੈ ਕਿ ਬਾਹਰ ਆ ਕੇ ਵੀ ਇਸੇ ਤਰ੍ਹਾਂ ਆਪਣੇ ਹੱਕਾਂ ਲਈ ਲੜੇਗੀ। ਰਾਜਵੀਰ ਕੌਰ ਨੇ ਦੱਸਿਆ ਕਿ ਇਸ ਵਾਰ ਅਸੀਂ ਨੌਦੀਪ ਲਈ ਕਾਰਡ ਲਿਖਿਆ ਹੈ ਕਿ 2021 ਵਾਲਾ ਨੌਦੀਪ ਕੌਰ ਦਾ ਜਨਮਦਿਨ ਬਹੁਤ ਖਾਸ ਹੈ। ਜੇਲ੍ਹ ਵਿੱਚ ਬੰਦ ਕੁੜੀਆਂ ਨੇ ਉਸਦਾ ਜਨਮ ਦਿਨ ਮਨਾਇਆ ਹੈ।  ਉਨ੍ਹਾਂ ਕਿਹਾ ਕਿ ਸਾਡੇ ਮਾਤਾ ਜੀ ਵੀ ਕਹਿੰਦੇ ਹਨ ਕਿ ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਆਪਣੇ ਹੱਕਾਂ ਦੀ ਲੜਾਈ ਛੱਡਣੀ ਨਹੀਂ ਚਾਹੀਦੀ।

ਨੌਦੀਪ ਕੌਰ ਨੇ ਜੇਲ੍ਹ ਵਿੱਚੋਂ ਆਪਣੀ ਭੈਣ ਨੂੰ ਆਡਿਓ ਰਾਹੀਂ ਇੱਕ ਸੁਨੇਹਾ ਵੀ ਦਿੱਤਾ ਹੈ। ‘ਦ ਖ਼ਾਲਸ ਟੀਵੀ ਨਾਲ ਨੌਦੀਪ ਕੌਰ ਦੀ ਭੈਣ ਰਾਜਵੀਰ ਕੌਰ ਦੀ ਫੋਨ ‘ਤੇ ਹੋਈ ਇਸ ਸੰਬੰਧੀ ਵਿਸ਼ੇਸ਼ ਗੱਲਬਾਤ ਨੂੰ ਸੁਣਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…