India Punjab

ਨਿਹੰਗ ਸਿੰਘਾਂ ਨੇ ਕਿਸਾਨ ਲੀਡਰਾਂ ਨੂੰ ਲਾਈਵ ਗੱਲਬਾਤ ਦਾ ਦਿੱਤਾ ਖੁੱਲ੍ਹਾ ਸੱਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਹੰਗ ਸਿੰਘਾਂ ਨੇ ਕੱਲ੍ਹ ਪ੍ਰੈੱਸ ਕਾਨਫਰੰਸ ਕਰਕੇ 27 ਅਕਤੂਬਰ ਨੂੰ ਦੁਪਹਿਰ 2 ਵਜੇ ਜਥੇਦਾਰਾਂ ਦੀ ਰਹਿਮਨੁਮਾਈ ਹੇਠ ਸਾਰੇ ਪੰਥ ਦਰਦੀਆਂ ਦੀ ਇੱਕ ਮੀਟਿੰਗ ਹੋਵੇਗੀ। ਇਸ ਮੌਕੇ ਨਿਹੰਗ ਸਿੰਘਾਂ ਨੇ ਕਿਸਾਨ ਲੀਡਰਾਂ ਨੂੰ ਨਿਸ਼ਾਨੇ ‘ਤੇ ਲਿਆ ਹੈ। ਨਿਹੰਗ ਸਿੰਘਾਂ ਨੇ ਕਿਹਾ ਕਿ ਇੱਕ ਤਾਂ ਇਹ ਧਰਮ ਦਾ ਨਾਂ ਲੈ ਕੇ ਲੋਕਾਂ ਨੂੰ ਇਕੱਠਾ ਕਰ ਰਹੇ ਹਨ ਪਰ ਦੂਜੇ ਪਾਸੇ ਕਹਿ ਰਹੇ ਹਨ ਕਿ ਧਰਮ ਦਾ ਕੋਈ ਮੁੱਦਾ ਹੀ ਨਹੀਂ। ਕਿਸਾਨ ਲੀਡਰ ਆਪਣੀ ਗੱਲ ਨੂੰ ਸਪੱਸ਼ਟ ਕਰਨ। ਸਾਨੂੰ ਕਿਸਾਨ ਲੀਡਰਾਂ ਦੀ ਕੋਈ ਪਰਵਾਹ ਨਹੀਂ ਅਤੇ ਨਾ ਹੀ ਅਸੀਂ ਇਨ੍ਹਾਂ ਦੇ ਕਰਕੇ ਆਏ ਹਾਂ। ਅਸੀਂ ਤਾਂ ਮਜ਼ਲੂਮ ਕਿਸਾਨਾਂ, ਮਜ਼ਦੂਰਾਂ ਦੇ ਕਰਕੇ ਆਏ ਹਾਂ। ਜਿੰਨਾ ਚਿਰ ਕਿਸਾਨ, ਬੁੱਧੀਜੀਵੀ ਸਾਨੂੰ ਇੱਥੋਂ ਜਾਣ ਲਈ ਨਹੀਂ ਕਹਿੰਦੇ, ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ। ਨਿਹੰਗ ਸਿੰਘਾਂ ਨੇ ਇੱਕ ਨੰਬਰ 8360040070 ਵੀ ਦਿੱਤਾ ਅਤੇ ਇਸਨੂੰ ਪੂਰੇ ਸੰਸਾਰ ਵਿੱਚ ਫੈਲਾਉਣ ਦੀ ਅਪੀਲ ਕੀਤੀ। ਨਿਹੰਗ ਸਿੰਘਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਨੂੰ ਇਸ ਨੰਬਰ ‘ਤੇ ਆਪਣੇ ਸੁਝਾਅ ਦੇਣ ਕਿ ਅਸੀਂ ਇੱਥੋਂ ਜਾਈਏ ਕਿ ਨਹੀਂ।

ਨਿਹੰਗ ਸਿੰਘਾਂ ਨੇ ਕਿਹਾ ਕਿ ਕਿਸਾਨੀ ਮੁੱਦੇ ਨੂੰ ਢਾਹ ਲਾਉਣ ਲਈ ਇਹ ਸਾਜਿਸ਼ ਘੜੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਵੱਡੇ ਪੱਧਰ ‘ਤੇ ਸਾਜਿਸ਼ ਰਚੀ ਗਈ ਹੈ। ਇਸ ਹੋਈ ਬੇਅਦਬੀ ਦੀ ਸੱਚਾਈ ਬਾਹਰ ਨਹੀਂ ਨਿਕਲੇਗੀ ਕਿਉਂਕਿ ਸਰਕਾਰ ਨੇ ਨਿਕਲਣ ਹੀ ਨਹੀਂ ਦੇਣੀ। ਪਰ ਅਸੀਂ ਚਾਹੁੰਦੇ ਹਾਂ ਕਿ ਇਸਦੀ ਜਾਂਚ ਹੋਵੇ। ਸਾਨੂੰ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਨਿਹੰਗ ਸਿੰਘਾਂ ਨੇ ਕਾਂਗਰਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਡੇ ਕੋਲ 84 ਦੇ ਸਾਰੇ ਸਬੂਤ ਹਨ ਕਿ ਤੁਸੀਂ ਕਿੰਨੇ ਸਿੱਖ ਮਾਰੇ ਹਨ, ਕਿੰਨੀਆਂ ਭੈਣਾਂ ਦਾ ਰੇਪ ਕੀਤਾ, ਕਿੰਨਿਆਂ ਨੂੰ ਅੱਗ ਲਾ ਕੇ ਸਾੜਿਆ। ਉਨ੍ਹਾਂ ਨੇ ਕਾਂਗਰਸ ਤੋਂ ਇਸਦਾ ਹਿਸਾਬ ਮੰਗਿਆ। ਨਿਹੰਗ ਸਿੰਘਾਂ ਨੇ ਲਖੀਮਪੁਰ ਖੀਰੀ ਦੀ ਘਟਨਾ ਦਾ ਵੀ ਹਵਾਲਾ ਦੇ ਕੇ ਸਿਆਸੀ ਲੀਡਰਾਂ ਤੋਂ ਜਵਾਬ ਮੰਗਿਆ ਜੋ ਇਸ ਘਟਨਾ ਨੂੰ ਸਿਆਸੀ ਰੰਗਤ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦਾ ਘਾਣ ਕਰਕੇ ਰੱਖ ਦਿੱਤਾ ਹੈ ਤੇ ਅੱਤਵਾਦੀ ਸਾਨੂੰ ਕਹਿੰਦੇ ਹਨ। ਹੁਣ ਵੇਖਿਉ ਕੋਈ ਬੇਅਦਬੀ ਨਹੀਂ ਹੋਵੇਗੀ ਤੇ ਜੋ ਹੋਈ ਤਾਂ ਉਹ ਵੀ ਸੋਧਿਆ ਜਾਵੇਗਾ। ਭਾਰਤ ਦੀ ਸਰਕਾਰ ਇਸ ਵੇਲੇ ਅੱਤਵਾਦੀ ਬਣੀ ਹੋਈ ਹੈ ਜੋ ਸਾਡੇ ਕਿਸਾਨਾਂ ਨੂੰ ਦਰੜ ਕੇ ਮਾਰ ਰਹੀ ਹੈ।

ਨਿਹੰਗ ਸਿੰਘਾਂ ਨੇ ਸਾਰਿਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੂੰ ਵੀ ਸਾਡੇ ਤੋਂ ਤਕਲੀਫ ਹੈ, ਅਸੀਂ ਸਿੰਘੂ ਬਾਰਡਰ ‘ਤੇ ਬੈਠੇ ਹਾਂ। ਉਹ ਜੋ ਵੀ ਪੁੱਛਣਗੇ, ਅਸੀਂ ਸਭ ਦੱਸ ਦਿਆਂਗੇ। ਨਿਹੰਗ ਸਿੰਘਾਂ ਨੇ ਕਿਹਾ ਕਿ ਚਾਰ ਸਿੰਘਾਂ ਨੇ ਗ੍ਰਿਫਤਾਰੀ ਦੇ ਦਿੱਤੀ ਹੈ ਪਰ ਜੇ ਇਨ੍ਹਾਂ ਨੇ ਹੋਰ ਸਿੰਘਾਂ ਨੂੰ ਨਾਮਜ਼ਦ ਕੀਤਾ ਤਾਂ ਅਸੀਂ ਇਸਦਾ ਵਿਰੋਧ ਕਰਾਂਗੇ। ਇਸ ਵਾਸਤੇ ਅਸੀਂ ਤਿਆਰ ਬਰ ਤਿਆਰ ਹਾਂ। ਨਿਹੰਗ ਸਿੰਘਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਪਤਾ ਲਗਾਇਆ ਜਾਵੇਗਾ ਕਿ ਦੋਸ਼ੀ ਕਿੱਥੋਂ ਆਇਆ ਹੈ। ਜੇ ਸਾਡੀ ਉਸ ਵਿਅਕਤੀ ਦੇ ਨਾਲ ਕੋਈ ਨਿੱਜੀ ਰੰਜਿਸ਼ ਨਿਕਲਦੀ ਹੈ ਤਾਂ ਅਸੀਂ ਸਾਰੇ ਜੇਲ੍ਹ ਜਾਣ ਨੂੰ ਤਿਆਰ ਹਾਂ।

ਕਿਸਾਨ ਲੀਡਰ ਯੋਗੇਂਦਰ ਯਾਦਵ ‘ਤੇ ਨਿਹੰਗਾਂ ਨੇ ਵਰ੍ਹਦਿਆਂ ਕਿਹਾ ਕਿ ਉਹ ਬੀਜੇਪੀ ਦਾ, ਆਰਐੱਸਐੱਸ ਦਾ ਬੰਦਾ ਹੈ, ਜਿਸਨੂੰ ਸੰਯੁਕਤ ਕਿਸਾਨ ਮੋਰਚਾ ਨੇ ਸਿਰ ‘ਤੇ ਬਿਠਾ ਕੇ ਰੱਖਿਆ ਹੋਇਆ ਹੈ। ਅਸੀਂ ਯੋਗੇਂਦਰ ਯਾਦਵ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਜਿੱਥੇ ਮਰਜ਼ੀ ਸਾਡੇ ਨਾਲ ਬਹਿਸ ਕਰ ਲਵੇ। ਜੇ ਅਸੀਂ ਆਪਣੀ ਆਈ ‘ਤੇ ਆ ਗਏ ਤਾਂ ਇਨ੍ਹਾਂ ਨੂੰ ਭੱਜਣ ਦਾ ਰਾਹ ਨਹੀਂ ਲੱਭਣਾ। ਜੋ ਕੁੱਝ ਹੋ ਰਿਹਾ ਹੈ, ਇਹ ਸਭ ਇਨ੍ਹਾਂ ਦੇ ਕਰਕੇ ਹੋ ਰਿਹਾ ਹੈ। ਅਸੀਂ ਸਾਰਿਆਂ ਨੂੰ ਚੈਲੇਂਜ ਕਰਦੇ ਹਾਂ ਕਿ ਸਾਡੇ ਸਵਾਲਾਂ ਦੇ ਜਵਾਬ ਦੇਣ।

ਸਾਨੂੰ ਕਿਸੇ ਹੋਰ ਨੇ ਮੋਰਚੇ ਤੋਂ ਜਾਣ ਲਈ ਨਹੀਂ ਕਿਹਾ ਤਾਂ ਅਸੀਂ ਇਕੱਲਾਂ ਕਿਸਾਨ ਲੀਡਰਾਂ ਦੇ ਕਹਿਣ ‘ਤੇ ਇੱਥੋਂ ਕਿਉਂ ਚਲੇ ਜਾਵਾਂਗੇ। ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਜਿਸ ਕਰਕੇ ਨਿਹੰਗ ਸਿੰਘਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ। ਅਸੀਂ ਵੀ 10 ਮਹੀਨਿਆਂ ਤੋਂ ਕਿਸਾਨ ਮੋਰਚੇ ਵਿੱਚ ਬੈਠੇ ਹੋਏ ਹਾਂ। ਨਿਹੰਗ ਸਿੰਘਾਂ ਨੇ ਅੰਤ ‘ਤੇ ਸਾਰੇ ਪੱਤਰਕਾਰਾਂ ਨੂੰ ਸਿਰਫ ਇੱਕ ਸਵਾਲ ਕੀਤਾ ਅਤੇ ਉਸਦਾ ਜਵਾਬ ਮੰਗਿਆ ਕਿ ਜੇ ਕੋਈ ਵਿਅਕਤੀ ਤੁਹਾਡੇ ਸਾਹਮਣੇ ਤੁਹਾਡੇ ਪਿਉ ਦੀ ਦਾੜੀ ਫੜ੍ਹਦਾ ਹੋਵੇ, ਤੁਹਾਡੇ ਪਿਉ ਨੂੰ ਮਾਰਦਾ ਹੋਵੇ ਤਾਂ ਫਿਰ ਤੁਸੀਂ ਕੀ ਫੈਸਲਾ ਲਵੋਗੇ। ਅੱਗੋਂ ਪੱਤਰਕਾਰਾਂ ਨੇ ਜਵਾਬ ਦਿੱਤਾ ਕਿ ਜੋ ਤੁਸੀਂ ਕੀਤਾ, ਉਹੀ ਕਰਾਂਗੇ।