‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਏਈ ਨੇ ਕੋਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਰਮਜ਼ਾਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਸੰਯੁਕਤ ਅਰਬ ਅਮੀਰਾਤ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਰਮਜ਼ਾਨ ਦੇ ਮਹੀਨੇ ਦੌਰਾਨ ਨਵੇਂ ਸੁਰੱਖਿਆ ਨਿਯਮਾਂ ਨੂੰ ਲਾਗੂ ਕਰੇਗਾ। ਰਮਜ਼ਾਨ ਦਾ ਮਹੀਨਾ 13 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਕੱਲ੍ਹ ਸਿਹਤ ਮੰਤਰਾਲੇ ਨੇ ਕਿਹਾ ਸੀ ਕਿ ਇਸ ਮਹੀਨੇ ਦੇ ਦੌਰਾਨ, ਜਿਹੜੇ ਲੋਕ ਇੱਕ ਘਰ ਵਿੱਚ ਨਹੀਂ ਰਹਿੰਦੇ, ਉਨ੍ਹਾਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਤੋਂ ਬਚਣਾ ਚਾਹੀਦਾ ਹੈ ਅਤੇ ਇੱਕ ਦੂਜੇ ਨਾਲ ਖਾਣੇ ਦਾ ਲੈਣ-ਦੇਣ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਤਰਾਵੀਹ ਦੀ ਨਮਾਜ਼, ਜੋ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਦੌਰਾਨ ਈਸ਼ਾ (ਅਰਥਾਤ ਰਾਤ) ਦੀ ਨਮਾਜ਼ ਤੋਂ ਬਾਅਦ ਪੜੀ ਜਾਂਦੀ ਹੈ, ਉਸਨੂੰ ਸਿਰਫ ਸਖ਼ਤ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਆਗਿਆ ਦਿੱਤੀ ਜਾਏਗੀ। ਇਸ ਤੋਂ ਇਲਾਵਾ ਈਸ਼ਾ ਅਤੇ ਤਰਾਵੀਹ ਦੀ ਨਮਾਜ਼ ਦੀ ਮਿਆਦ ਵੱਧ ਤੋਂ ਵੱਧ 30 ਮਿੰਟ ਤੱਕ ਹੋਵੇਗੀ।

ਸਰਕਾਰ ਦਾ ਕਹਿਣਾ ਹੈ ਕਿ ਮਸਜਿਦਾਂ ਨਮਾਜ਼ ਦੇ ਤੁਰੰਤ ਬਾਅਦ ਬੰਦ ਕਰ ਦਿੱਤੀਆਂ ਜਾਣਗੀਆਂ। ਉੱਥੇ ਹੀ, ਔਰਤਾਂ ਦੇ ਖੇਤਰ ਅਤੇ ਹੋਰ ਹਿੱਸੇ ਬੰਦ ਹੀ ਰਹਿਣਗੇ। ਯੂਏਈ ਨੇ ਸਾਰਿਆਂ ਨੂੰ ਨਵੇਂ ਉਪਾਵਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਧਿਕਾਰੀ ਰਮਜ਼ਾਨ ਦੇ ਸਮੇਂ ਨਿਰੀਖਣ ਅਭਿਆਨ ਚਲਾਉਣਗੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੈਸ਼ਨਲ ਐਮਰਜੈਂਸੀ ਸੰਕਟ ਅਤੇ ਪ੍ਰਬੰਧਨ ਅਥਾਰਟੀ ਨੇ ਕਿਹਾ ਹੈ ਕਿ “ਸਮਾਜ ਦੀ ਸਿਹਤ ਅਤੇ ਸੁਰੱਖਿਆ ਲਈ, ਅਸੀਂ ਸਾਰਿਆਂ ਨੂੰ ਰਮਜ਼ਾਨ ਦੇ ਦੌਰਾਨ ਸ਼ਾਮ ਦੀਆਂ ਸਭਾਵਾਂ ਤੋਂ ਪਰਹੇਜ਼ ਕਰਨ, ਪਰਿਵਾਰਕ ਮੁਲਾਕਾਤਾਂ ਨੂੰ ਸੀਮਤ ਕਰਨ, ਪਰਿਵਾਰਕ ਯਾਤਰਾਵਾਂ ਨੂੰ ਸੀਮਤ ਕਰਨ ਦੀ ਸਲਾਹ ਦਿੰਦੇ ਹਾਂ।

ਅਥਾਰਟੀ ਨੇ ਕਿਹਾ ਕਿ ਸਮੂਹ ਇਫ਼ਤਾਰ ਟੈਂਟਾਂ ਨੂੰ ਮਸਜਿਦਾਂ ਦੇ ਸਾਹਮਣੇ ਖਾਣ ਪੀਣ ਦੀ ਸਟਾਲ ਲਗਾਉਣ ਦੀ ਸਖਤ ਮਨਾਹੀ ਹੈ। ਰੈਸਟੋਰੈਂਟਾਂ ਨੂੰ ਭੋਜਨ ਵੰਡਣ ਦੀ ਆਗਿਆ ਵੀ ਨਹੀਂ ਦਿੱਤੀ ਜਾਏਗੀ। ਭੋਜਨ ਸਿਰਫ ਮਜ਼ਦੂਰਾਂ ਦੀ ਰਿਹਾਇਸ਼ ਵਿੱਚ ਹੀ ਵੰਡਿਆ ਜਾ ਸਕਦਾ ਹੈ। ਹਾਲਾਂਕਿ, ਉਹ ਲੋਕ ਜੋ ਮਜ਼ਦੂਰਾਂ ਨੂੰ ਭੋਜਨ ਦਾਨ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਨੂੰ ਇੱਕ ਪੈਕੇਟ ਵਿੱਚ ਰੱਖਣਾ ਚਾਹੀਦਾ ਹੈ, ਤਾਂ ਜੋ ਭੋਜਨ ਨੂੰ ਸੁਚਾਰੂ ਅਤੇ ਸਾਵਧਾਨੀ ਨਾਲ ਵੰਡਿਆ ਜਾ ਸਕੇ।

Leave a Reply

Your email address will not be published. Required fields are marked *