International

ਕੋਰੋਨਾ ਦੀ ਵਾਪਸੀ, ਚੀਨ ਦਾ ਇਹ ਸ਼ਹਿਰ ਹੋਇਆ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾ ਮਹਾਂਮਾਰੀ ਨੇ ਮੁੜ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਚੀਨ ਵਿੱਚੋਂ ਇੱਕ ਅਜਿਹੀ ਹੀ ਖਬਰ ਸਾਹਮਣੇ ਆਈ ਹੈ ਜੋ ਪੜ੍ਹ ਕੇ ਸ਼ਾਇਦ ਤੁਹਾਡੇ ਚਿਹਰੇ ‘ਤੇ ਉਦਾਸੀ ਛਾ ਜਾਵੇ। ਚੀਨ ਦੇ ਇੱਕ ਸ਼ਹਿਰ ਵਿੱਚ ਕੋਰੋਨਾ ਦੇ ਵੱਧਦੇ ਕੇਸਾਂ ਤੋਂ ਬਾਅਦ ਅੱਜ ਤੋਂ ਪੂਰੀ ਤਰ੍ਹਾਂ ਦੇ ਨਾਲ ਲੌਕਡਾਊਨ ਲਗਾ ਦਿੱਤਾ ਗਿਆ ਹੈ। ਚੀਨ ਦੇ ਗਾਂਸੂ ਪ੍ਰਾਂਤ ਦੀ ਰਾਜਧਾਨੀ ਲਾਨਜ਼ੂ ਨੂੰ ਲੌਕਡਾਊਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਇਸ ਸ਼ਹਿਰ ਵਿੱਚ ਕਰੀਬ 40 ਲੱਖ ਆਬਾਦੀ ਵੱਸਦੀ ਹੈ। ਸ਼ਹਿਰ ਦੇ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਿਰਫ ਐਮਰਜੈਂਸੀ ਦੀ ਹਾਲਤ ਵਿੱਚ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ। ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਲਾਨਜ਼ੂ ਵਿੱਚ ਲੋਕਾਂ ਦੇ ਆਉਣ-ਜਾਣ ‘ਤੇ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਕੀਤਾ ਜਾਵੇਗਾ। ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਆਪਣੇ ਹਾਊਸਿੰਗ ਕੰਪਲੈਕਸ ਦੇ ਅੰਦਰ ਹੀ ਰਹਿਣਾ ਪਵੇਗਾ। ਹਾਲਾਂਕਿ, ਚੀਨ ਵਿੱਚ ਮਾਮਲੇ ਬਹੁਤ ਘੱਟ ਹਨ। ਇਸ ਤੋਂ ਪਹਿਲਾਂ ਉੱਤਰੀ ਚੀਨ ਵਿੱਚ ਵੀ ਹਜ਼ਾਰਾਂ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੇ ਸਖ਼ਤ ਆਦੇਸ਼ ਦਿੱਤੇ ਜਾ ਚੁੱਕੇ ਹਨ। ਚੀਨ ਵਿੱਚ ਕੋਰੋਨਾ ਦਾ ਤਾਜ਼ਾ ਸੰਕਰਮਣ ਡੈਲਟਾ ਵੈਰੀਐਂਟ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਟੈਸਟਿੰਗ ਵਧੇਗੀ, ਸੰਕਰਮਿਤ ਲੋਕਾਂ ਦੀ ਗਿਣਤੀ ਵੀ ਵੱਧ ਸਕਦੀ ਹੈ।