India Punjab

ਕੇਂਦਰ ਸਰਕਾਰ ‘ਤੇ ਲਾਏ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਨਿਸ਼ਾਨੇ

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰਾਂ ਨੇ ਕੇਂਦਰ ਸਰਕਾਰ ਨੂੰ, ਉਸਦੇ ਆਦੇਸ਼ਾਂ ਨੂੰ ਸਮੇਂ-ਸਮੇਂ ਨਕਾਰਿਆ ਹੈ। ਕੇਂਦਰ ਸਰਕਾਰ ਦੀਆਂ ਹਦਾਇਤਾਂ ਨੂੰ ਸੂਬਿਆਂ ‘ਚ ਲਾਗੂ ਨਹੀਂ ਹੋਣ ਦਿੱਤਾ। ਖੇਤੀ ਕਾਨੂੰਨ ਗੈਰ-ਸੰਵਿਧਾਨਿਕ ਹਨ।

ਸਰਕਾਰ ਨੂੰ ਕਣਕ, ਝੋਨੇ ਦੇ ਚੱਕਰ ਵਿੱਚੋਂ ਨਿਕਲਣਾ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤੀ ਕਾਨੂੰਨ ਬਣਾਵੇ, ਹਰ ਪੰਜ ਪਿੰਡ ਲਈ ਸਟੋਰ ਬਣਾਏ ਜਾਣ। ਮਾਂਹ, ਮਸਰ ਅਤੇ ਤਿਲ ਤੋਂ ਕਿਸਾਨ ਫਸਲੀ ਚੱਕਰ ਵਿੱਚੋਂ ਨਿਕਲਣ ਦੀ ਸ਼ੁਰੂਆਤ ਕਰ ਸਕਦੇ ਹਨ।

ਝੋਨਾ ਲਾਉਣਾ ਕਿਸਾਨ ਦੀ ਮਜ਼ਬੂਰੀ ਹੈ ਕਿਉਂਕਿ MSP ਝੋਨੇ ‘ਤੇ ਹੀ ਮਿਲਦੀ ਹੈ। ਸਰਕਾਰ ਨੂੰ ਬਾਕੀ ਫਸਲਾਂ ‘ਤੇ ਵੀ MSP ਦੇਣੀ ਚਾਹੀਦੀ ਹੈ। ਝੋਨੇ ਦੇ ਚੱਕਰ ‘ਚੋਂ ਨਿਕਲ ਕੇ ਪਾਣੀ ਦੀ ਬੱਚਤ ਹੋਵੇਗੀ। ਪੰਜਾਬ ਸਰਕਾਰ ਲੋਕਤੰਤਰਿਕ ਤਰੀਕੇ ਦੇ ਨਾਲ ਕਦਮ ਚੁੱਕੇ। ਸਿੱਖ ਕੌਮ ਹੱਕ ਮੰਗਦੀ ਨਹੀਂ, ਖੋਹ ਲੈਂਦੀ ਹੈ। ਸੂਬੇ ਦੇ ਉਤਪਾਦ ‘ਤੇ ਫੈਸਲੇ ਲੈਣ ਦਾ ਅਧਿਕਾਰ ਸਿਰਫ ਸੂਬੇ ਦੇ ਕੋਲ ਹੀ ਹੈ।

ਕੇਂਦਰ ਸਰਕਾਰ ਨੇ ਇੱਕ ਨਵਾਂ ਸ਼ਬਦ ‘ਟਰੇਡ ਏਰੀਆ’ ਵਰਤਣਾ ਸ਼ੁਰੂ ਕਰ ਦਿੱਤਾ ਹੈ, ਪਰ ਅੱਜ ਤੱਕ ਸਾਬਿਤ ਨਹੀਂ ਕਰ ਸਕੀ ਕਿ ਸੰਵਿਧਾਨ ਵਿੱਚ ਟਰੇਡ ਏਰੀਆ ਨਾਂ ਦਾ ਕੋਈ ਸ਼ਬਦ ਹੈ। ਇਹ ਵੀ ਸਮਝਾ ਦੇਣ ਕਿ ਬਾਜ਼ਾਰ ਅਤੇ ਟਰੇਡ ਏਰੀਆ ਵਿੱਚ ਫਰਕ ਕੀ ਹੈ। ਕੇਂਦਰ ਸਰਕਾਰ ਸ਼ਬਦਾਂ ਦਾ ਜਾਲ ਬੁਣ ਰਹੀ ਹੈ।

ਕੇਂਦਰ ਸਰਕਾਰ ਨੇ ਜੇ ਖੇਤੀ ਕਾਨੂੰਨ ਪਾਸ ਕਰ ਦਿੱਤੇ ਤਾਂ ਗੇਮ ਓਵਰ ਨਹੀਂ ਹੈ। ਅਸੀਂ ਗੇਮ ਚੇਂਜਰ ਬਣ ਸਕਦੇ ਹਾਂ। ਸਾਨੂੰ ਆਪਣਾ ਮੁਕੱਦਰ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਹੈ।