Punjab

ਬਠਿੰਡਾ ‘ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

‘ਦ ਖ਼ਾਲਸ ਬਿਊਰੋ :- ਬਠਿੰਡਾ ‘ਚ ਅੱਜ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੋ ਦੀ ਕਲੋਨੀ ਕਮਲਾ ਨਹਿਰੂ ਨਗਰ ਦੇ ਅੰਦਰ ਸੰਘਣੀ ਅਬਾਦੀ ’ਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਲੋਨੀ ਦੀ ਕੋਠੀ ਨੰਬਰ 387 ’ਚ ਚਰਨਜੀਤ ਸਿੰਘ ਖੋਖਰ ,ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਲੜਕੀ ਸਿਮਰਨ ਉਰਫ ਗੁੱਡੂ ਦੇ ਸਿਰਾਂ ’ਚ ਗੋਲੀਆਂ ਮਾਰੀਆਂ ਗਈਆਂ ਜੋ ਉਹਨਾਂ ਦੀ ਮੌਤ ਦਾ ਕਾਰਨ ਬਣੀਆਂ ਹਨ।

ਸੂਤਰਾਂ ਦੀ ਜਾਣਕਾਰੀ ਮੁਤਾਬਿਕ ਇਹ ਵਾਰਦਾਤ ਰਾਤ ਦੀ ਦੱਸੀ ਜਾ ਰਹੀ ਹੈ ਜਿਸ ਦਾ ਉਦੋਂ ਪਤਾ ਲੱਗਿਆ ਜਦੋਂ ਸਵੇਰ ਵੇਲੇ ਦੁੱਧ ਪਾਉਣ ਵਾਲਾ ਦੋਧੀ ਆਇਆ। ਮੌਕੇ ਉੱਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਕਾਫੀ ਦੇਰ ਦਰਵਾਜਾ ਨਾਂ ਖੋਲ੍ਹਣ ਉੱਤੇ ਦੋਧੀ ਨੇ ਗੁਆਂਢੀਆਂ ਨੂੰ ਦੱਸਿਆ ਜਿਨ੍ਹਾਂ ਚਰਨਜੀਤ ਸਿੰਘ ਦੇ ਨਵੀਂ ਬਸਤੀ ’ਚ ਰਹਿੰਦੇ ਰਿਸ਼ਤੇਦਾਰ ਨੂੰ ਜਾਣਕਾਰੀ ਦਿੱਤੀ। ਕਤਲ ਦੀ ਇਸ ਵਾਰਦਾਤ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ।

ਦੱਸਣਯੋਗ ਹੈ ਕਿ ਵੱਡੀ ਗੱਲ ਹੈ ਕਿ ਕਿਸੇ ਨੇ ਗੋਲੀਆਂ ਚੱਲਣ ਦੀ ਆਵਾਜ ਨਹੀਂ ਸੁਣੀ ਹੈ। ਪੁਲਿਸ ਨੂੰ ਸੂਚਨਾ ਦੇਣ ਉੱਤੇ ਐਸਪੀ ਸਿਟੀ ਜਸਪਾਲ ਸਿੰਘ ਅਤੇ ਥਾਣਾ ਕੈਂਟ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਗੁਰਮੀਤ ਸਿੰਘ ਮੌਕੇ ਉੱਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕੋਠੀ ਦੇ ਅੰਦਰ ਪਈਆਂ ਲਾਸ਼ਾਂ ਦਾ ਜਾਇਜਾ ਲਿਆ। ਪੁਲਿਸ ਨੇ ਆਸ ਪਾਸ ਦੇ ਘਰਾਂ ਤੋਂ ਸੀਸੀਟੀਵੀ ਕੈਮਰਿਆਂ ਬਾਰੇ ਵੀ ਜਾਣਕਾਰੀ ਲਈ ਹੈ ਤਾਂ ਜੋ ਫੁੱਟੇਜ਼ ਤੋਂ ਕਤਲ ਸਬੰਧੀ ਕੋਈ ਸੁਰਾਗ ਹਾਸਲ ਕੀਤਾ ਜਾ ਸਕੇ।

ਹੇਠਲੀ ਮੰਜਿਲ ਉੱਤੇ ਹੋਈ ਇਸ ਵਾਰਦਾਤ ਕਾਰਨ ਖੂਨ ਦਾ ਛੱਪੜ ਲੱਗਿਆ ਪਿਆ ਸੀ। ਮ੍ਰਿਤਕ ਦੇ ਪ੍ਰੀਵਾਰ ਨੇ ਜਰਮਨ ਸ਼ੈਫਰਡ ਕੁੱਤਾ ਵੀ ਰੱਖਿਆ ਹੋਇਆ ਹੈ ਜੋ ਉੱਪਰਲੀ ਮੰਜਿਲ ਉੱਤੇ ਬੈਠਾ ਸੀ। ਪੁਲਿਸ ਸੂਤਰ ਦੱਸਦੇ ਹਨ ਕਿ ਮੁਢਲੀ ਪੜਤਾਲ ’ਚ ਇਹ ਕਿਸੇ ਭੇਤੀ ਦਾ ਕਾਰਾ ਜਾਪਦਾ ਹੈੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਵਾਰਦਾਤ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਪੀ ਸਿਟੀ ਜਸਪਾਲ ਸਿੰਘ ਨੇ ਦੱਸਿਆ ਕਿ ਪ੍ਰੀਵਾਰ ਦੇ ਤਿੰਨਾਂ ਜੀਆਂ ਨੂੰ ਉਹਨਾਂ ਦੇ ਸਿਰ ’ਚ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੌਕੇ ਤੋਂ ਕੋਈ ਹਥਿਆਰ ਵਗੈਰਾ ਬਰਾਮਦ ਨਹੀਂ ਹੋਇਆ ਹੈ। ਉਹਨਾਂ ਡੂੰਘਾਈ ਨਾਲ ਪੜਤਾਲ ਦੀ ਗੱਲ ਵੀ ਆਖੀ ਹੈ।

ਉਧਰ, ਮ੍ਰਿਤਕ ਚਰਨਜੀਤ ਸਿੰਘ ਦੇ ਸਾਲੇ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰ ਵਕਤ ਕਰੀਬ 10 ਵਜੇ ਫੋਨ ਕਰਕੇ ਕਿਸੇ ਗੁਆਂਢੀ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਪਿੱਛੋਂ ਉਹ ਮੌਕੇ ਉੱਤੇ ਆਏ ਹਨ। ਉਹਨਾਂ ਦੱਸਿਆ ਕਿ ਉਹਨਾਂ ਦਾ ਭਾਣਜਾ, ਚਰਨਜੀਤ ਸਿੰਘ ਦਾ ਲੜਕਾ ਮਨਪ੍ਰੀਤ ਸਿੰਘ ਇੰਗਲੈਂਡ ਰਹਿੰਦਾ ਹੈ ਜਿਸ ਨੂੰ ਸੂਚਨਾ ਦਿੱਤੀ ਜਾ ਰਹੀ ਹੈ। ਮੌਕੇ ਉਤੇ ਪੁੱਜੇ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੇ ਵਲੰਟੀਅਰ ਟੇਕ ਚੰਦ ਦੀ ਅਗਵਾਈ ਹੇਠ ਵਲੰਟੀਅਰਾਂ ਹਰਬੰਸ ਸਿੰਘ, ਮਨੀਕਰਨ ਅਤੇ ਰਜਿੰਦਰ ਸਿੰਘ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ’ਚ ਭਿਜਵਾਇਆ ਹੈ।