Punjab

ਲਾਪਤਾ ਸਰੂਪ ਮਾਮਲੇ ‘ਚ ਸਤਿਕਾਰ ਕਮੇਟੀਆਂ ਦਾ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਤੱਕ ਮੋਟਰਸਾਈਕਲ ਮਾਰਚ, ਲੌਂਗੋਵਾਲ ਨੂੰ ਚੇਤਾਵਨੀ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ।  ਸਤਿਕਾਰ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਮਿਲ ਕੇ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਤੱਕ ਮੋਟਰਸਾਈਕਲ ਮਾਰਚ ਕੱਢ ਰਹੀਆਂ ਹਨ।  SGPC ਵੱਲੋਂ ਮਾਮਲੇ ਦੀ ਜਾਂਚ ਕਰਨ ਲਈ ਬਣਾਈ ਗਈ ਜਾਂਚ ਕਮੇਟੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਤੋਂ ਸਿੱਖ ਜਥੇਬੰਦੀਆਂ ਸੰਤੁਸ਼ਟ ਨਹੀਂ ਹਨ। ਇਸ ਕਰਕੇ ਇਨ੍ਹਾਂ ਵੱਲੋਂ ਮਾਰਚ ਕੱਢ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਜਵਾਬ ਮੰਗਿਆ ਜਾ ਰਿਹਾ ਹੈ।  ਸਿੱਖ ਜਥੇਬੰਦੀਆਂ SGPC ਤੋਂ ਲਾਪਤਾ ਹੋਏ ਪਾਵਨ ਸਰੂਪਾਂ ਦਾ ਹਿਸਾਬ ਮੰਗ ਰਹੀਆਂ ਹਨ।

ਸਿੱਖ ਜਥੇਬੰਦੀਆਂ ਨੇ ਕਿਹਾ ਕਿ “ਇਹ ਮੋਰਚਾ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਦੀਵਾਨ ਮੰਜੀ ਹਾਲ ‘ਚ ਪਹਿਲਾਂ ਲੱਗੇ ਹੋਏ ਮੋਰਚੇ ਦਾ ਸਮਥਨ ਕਰੇਗਾ।  ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ ਕਰਮਚਾਰੀਆਂ ‘ਤੇ ਹਾਲੇ ਤੱਕ ਕੋਈ ਵੀ FIR ਦਰਜ ਨਹੀਂ ਕੀਤੀ ਗਈ।  ਅਸੀਂ SGPC ਵੱਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਾਂ, ਇਸ ਲਈ ਅਸੀਂ ਆਪਣੇ ਤੌਰ ‘ਤੇ ਦੋਸ਼ੀਆਂ ‘ਤੇ ਕਾਰਵਾਈ ਕਰਨਾ ਚਾਹੁੰਦੇ ਹਾਂ”।

ਜਦੋਂ ਸਤਿਕਾਰ ਕਮੇਟੀਆਂ ਵੱਲੋਂ ਧਰਨਾ ਦੇਣ ਦੀ ਗੱਲ ਕਹੀ ਗਈ ਸੀ ਤਾਂ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਉੱਪਰ ਇੱਕ ਵੱਡਾ ਸਵਾਲ ਖੜ੍ਹਾ ਕੀਤਾ ਸੀ ਕਿ ਸਤਿਕਾਰ ਕਮੇਟੀਆਂ ਪਹਿਲਾਂ ਇਹ ਦੱਸਣ ਕਿ ਜਿਹੜੇ ਸਰੂਪ ਉਹ ਲੋਕਾਂ ਦੇ ਘਰਾਂ ਵਿੱਚੋਂ ਲੈ ਕੇ ਆਉਂਦੇ ਰਹੇ ਹਨ, ਉਹ ਕਿੱਥੇ ਹਨ। ਹੋਰ ਵੀ ਸਮੱਗਰੀ ਜੋ ਉਹ ਲੋਕਾਂ ਦੇ ਘਰਾਂ ਵਿੱਚੋਂ ਜਾਂ ਡੇਰਿਆਂ ਵਿੱਚੋਂ ਲੈ ਕੇ ਆਉਂਦੇ ਰਹੇ ਹਨ, ਉਸਦਾ ਵੀ ਹਿਸਾਬ ਦਿੱਤਾ ਜਾਵੇ। ਇਸ ਸਵਾਲ ਦਾ ਜਵਾਬ ਦਿੰਦਿਆਂ ਸਤਿਕਾਰ ਕਮੇਟੀਆਂ ਨੇ ਕਿਹਾ ਕਿ “ ਅੱਜ ਅਸੀਂ ਚੱਲੇ ਹਾਂ ਸ਼੍ਰੀ ਦਰਬਾਰ ਸਾਹਿਬ, ਲੌਂਗੋਵਾਲ ਜੇ ਪਿਉ ਦਾ ਪੁੱਤ ਹੈ ਤਾਂ ਉਹ ਵੀ ਉੱਥੇ ਆਵੇ”।