‘ਦ ਖ਼ਾਲਸ ਬਿਊਰੋ:- ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਨੂੰ ਦਾਖਲਾ ਨਹੀਂ ਮਿਲ ਸਕੇਗਾ। ਮੁਹਾਲੀ ਤੇ ਪੰਚਕੂਲਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਖਾਲੀ ਸੀਟਾਂ ਵਿੱਚ ਅਡਜਸਟ ਕਰਨ ਦੇ ਪਿਛਲੇ ਮਹੀਨੇ ਤਿਆਰ ਕੀਤੇ ਗਏ ਪ੍ਰਸਤਾਵ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਕੋਰੋਨਾ ਮਹਾਂਮਾਰੀ ਕਾਰਨ ਪਰਵਾਸੀ ਵਿਦਿਆਰਥੀ ਆਪਣੇ ਰਾਜਾਂ ਨੂੰ ਵਾਪਿਸ ਚਲੇ ਗਏ ਸਨ ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ‘ਚ ਸੀਟਾਂ ਖਾਲੀ ਹੋ ਗਈਆਂ ਹਨ।

ਵਿਦਿਆਰਥੀਆਂ ਨੂੰ ਹੁਣ ਸਿਰਫ਼ ਆਪਣੇ ਘਰ ਦੇ ਨੇੜੇ ਸਰਕਾਰੀ ਸਕੂਲਾਂ ਵਿੱਚ ਹੀ ਦਾਖਲਾ ਮਿਲ ਸਕੇਗਾ। ਸਕੂਲਾਂ ਵਿੱਚ ਦਾਖਲਿਆਂ ਲਈ 31 ਜੁਲਾਈ ਤੋਂ 14 ਅਗਸਤ ਤੱਕ ਆਨਲਾਈਨ ਰਜਿਸਟਰੇਸ਼ਨ ਹੋਵੇਗੀ। 114 ਸਰਕਾਰੀ ਸਕੂਲਾਂ ਨੂੰ 20 ਕਲੱਸਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਸਹੂਲਤ ਲਈ ਹਰ ਕਲੱਸਟਰ ਹੈੱਡ ਦਾ ਮੋਬਾਈਲ ਨੰਬਰ ਦੱਸਿਆ ਗਿਆ ਹੈ।

ਸਾਰੇ ਸਰਕਾਰੀ ਸਕੂਲਾਂ ਨੂੰ ਪਹਿਲੀ ਤੋਂ ਅੱਠਵੀਂ ਜਮਾਤ ਵਿੱਚ ਦਾਖਲੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਨੇ ਕਿਹਾ ਹੈ ਕਿ ਪ੍ਰਾਇਮਰੀ ਜਮਾਤਾਂ ਲਈ ਬੱਚੇ ਨੂੰ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਹੀ ਦਾਖਲਾ ਦਿੱਤਾ ਜਾਵੇਗਾ। ਜੇਕਰ ਪ੍ਰਾਇਮਰੀ ਜਮਾਤਾਂ ਵਿੱਚ ਸੀਟਾਂ ਨਹੀਂ ਭਰਦੀਆਂ ਤਾਂ ਇਹ ਦਾਇਰਾ ਤਿੰਨ ਕਿਲੋਮੀਟਰ ਤੱਕ ਵਧਾਇਆ ਜਾ ਸਕਦਾ ਹੈ। ਪ੍ਰਾਇਮਰੀ ਜਮਾਤਾਂ ਤੋਂ ਉੱਪਰ ਦੀਆਂ ਜਮਾਤਾਂ ਲਈ ਸਕੂਲ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਵਸਦੇ ਵਿਦਿਆਰਥੀਆਂ ਨੂੰ ਦਾਖਲੇ ਦੇਣਗੇ ਤੇ ਸੀਟਾਂ ਖਾਲੀ ਰਹਿਣ ’ਤੇ ਇਹ ਘੇਰਾ ਪੰਜ ਕਿਲੋਮੀਟਰ ਤੱਕ ਵਧਾਇਆ ਜਾ ਸਕਦਾ ਹੈ।

ਜੇਕਰ ਕਿਸੇ ਵਿਦਿਆਰਥੀ ਨੇ ਸੈਕਟਰ 35 ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਲੈਣਾ ਹੈ ਤਾਂ ਸੈਕਟਰ 35 ਦੇ ਵਸਨੀਕਾਂ ਨੂੰ ਇੱਕ ਜ਼ੋਨ ਵਿੱਚ ਰੱਖਿਆ ਗਿਆ ਹੈ। ਬੀ-ਜ਼ੋਨ ਵਿੱਚ ਸੈਕਟਰ 22, 36, 43 ਤੇ 34 ਹੋਣਗੇ ਤੇ ਸੀ-ਜ਼ੋਨ ਵਿੱਚ ਸੈਕਟਰ 21, 23, 42,44 ਤੇ ਅਟਾਵਾ ਹੋਣਗੇ।

Leave a Reply

Your email address will not be published. Required fields are marked *