India Punjab

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਦਨ ‘ਚ ਚੁੱਕਿਆ ਰਣਜੀਤ ਸਿੰਘ ‘ਤੇ ਕੀਤੇ ਗਈ ਕਾਰਵਾਈ ਦਾ ਮੁੱਦਾ

‘ਦ ਖ਼ਾਲਸ ਬਿਊਰੋ :- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਜ਼ੀਰੋ ਆਊਰ (Zero Hour) ਵਿੱਚ 29 ਜਨਵਰੀ ਨੂੰ ਸਿੰਘੂ ਬਾਰਡਰ ‘ਤੇ ਬੀਜੇਪੀ ਦੇ ਬੰਦਿਆਂ ਵੱਲੋਂ ਇੱਕ ਤੰਬੂ ‘ਤੇ ਕੀਤੇ ਗਏ ਹਮਲੇ ਤੋਂ ਬਚਾਉਣ ਵਾਲੇ ਨੌਜਵਾਨ ਰਣਜੀਤ ਸਿੰਘ ‘ਤੇ ਪੁਲਿਸ ਵੱਲੋਂ ਕੀਤੇ ਗਈ ਕਾਰਵਾਈ ਦਾ ਮੁੱਦਾ ਚੁੱਕਿਆ ਹੈ। ਖਹਿਰਾ ਨੇ ਸਦਨ ਵਿੱਚ ਰਣਜੀਤ ਸਿੰਘ ‘ਤੇ ਕੀਤੀ ਜਾ ਰਹੀ ਕਾਰਵਾਈ ਦੀ ਇੱਕ ਤਸਵੀਰ ਦਿਖਾਉਂਦਿਆ ਕਿਹਾ ਕਿ ਇਸ ਤਸਵੀਰ ਵਿੱਚ ਸਾਫ ਦਿਖ ਰਿਹਾ ਹੈ ਕਿ ਕਿਵੇਂ ਇੱਕ ਸਥਾਨਕ ਐੱਸਐੱਚਓ ਰਣਜੀਤ ਸਿੰਘ ਦੇ ਚਿਹਰੇ ‘ਤੇ ਆਪਣੇ ਪੈਰ ਨੂੰ ਰੱਖ ਕੇ ਉਸ ‘ਤੇ ਜ਼ੁਲਮ ਕਰ ਰਿਹਾ ਹੈ। ਐੱਸਐੱਚਓ ‘ਤੇ ਕਾਰਵਾਈ ਕਰਨ ਦੀ ਬਜਾਏ ਰਣਜੀਤ ਸਿੰਘ ‘ਤੇ ਹੀ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਉਸਨੂੰ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਨੌਦੀਪ ਕੌਰ, ਸ਼ਿਵ ਕੁਮਾਰ ਸਮੇਤ ਹੋਰਨਾਂ ‘ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਗ੍ਰਹਿ ਮੰਤਰੀ ਨੂੰ ਇੱਕ ਚਿੱਠੀ ਭੇਜਣ।