‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦਾ ਦੂਸਰਾ ਕਾਫਲਾ ਅੱਜ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਦਿੱਲੀ ਵਿੱਚ ਲਾਏ ਮੋਰਚੇ ਵਿੱਚ ਪਹੁੰਚ ਗਿਆ ਹੈ। ਕਾਫਲਾ ਇੰਨਾ ਵੱਡਾ ਸੀ ਕਿ ਇਸ ਨੂੰ 8 ਲਾਊਡ ਸਪੀਕਰਾਂ ਵਾਲੀਆਂ ਗੱਡੀਆਂ ਲਾ ਕੇ ਵੀ ਕੰਟਰੋਲ ਨਹੀਂ ਸੀ ਕੀਤਾ ਜਾ ਰਿਹਾ। ਮਜ਼ਦੂਰਾਂ ਅਤੇ ਕਿਸਾਨਾਂ ਦਾ ਕਾਫਲਾ ਕੁੰਡਲੀ ਬਾਰਡਰ ਉੱਤੇ ਲੱਗੇ ਪਹਿਲੇ ਨਾਕੇ ਨੂੰ ਤੋੜ ਕੇ ਅੱਗੇ ਵਧਿਆ।

ਪੁਲਿਸ ਵੱਲੋਂ ਦੂਸਰੇ ਨਾਕੇ ਨੂੰ ਮਜ਼ਬੂਤ ਕਰਨ ਲਈ ਰਸਤੇ ਵਿੱਚ ਟਿੱਪਰ, ਟਰੱਕਾਂ ਅਤੇ ਹੋਰਨਾਂ ਸਾਧਨਾਂ ਰਾਹੀਂ ਭਾਰੀ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ ਪਰ ਜਦੋਂ ਕਾਫਲੇ ਦਾ ਦਬਾਅ ਲਗਾਤਾਰ ਵੱਧਦਾ ਗਿਆ ਤਾਂ ਭਾਰੀ ਪੁਲਿਸ ਬਲਾਂ ਨੂੰ ਵੀ ਪਿੱਛੇ ਹਟਣਾ ਪਿਆ। ਲੰਮੇ ਜਾਮ ਲੱਗੇ ਹੋਣ ਕਰਕੇ ਸੈਂਕੜੇ ਵਹੀਕਲ ਰਸਤੇ ਵਿੱਚ ਹੀ ਫਸੇ ਰਹੇ। ਪੁਲਿਸ ਨੇ ਅਨੇਕਾਂ ਥਾਂਵਾਂ ਉੱਤੇ ਕਾਫਲੇ ਦੇ ਵਹੀਕਲਾਂ ਨੂੰ ਉਲਟੇ ਪਾਸੇ ਵੱਲ ਨੂੰ ਜਾਣ ਲਈ ਗੁੰਮਰਾਹ ਵੀ ਕੀਤਾ।

ਕਿਸਾਨਾਂ-ਮਜ਼ਦੂਰਾਂ ਦੇ ਕਾਫਲੇ ਦਾ ਪਹਿਲਾ ਹਿੱਸਾ ਭਾਵੇਂ ਦਿੱਲੀ-ਪਾਣੀਪਤ ਰੋਡ ਉੱਤੇ ਨਰੇਲਾ-ਕੁੰਡਲੀ ਬਾਰਡਰ ਉੱਤੇ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਪਰ ਹਜ਼ਾਰਾਂ ਸਾਧਨ ਸਾਰੀ ਰਾਤ ਅਤੇ ਦੂਸਰੇ ਦਿਨ ਵੀ ਟਰੈਫਿਕ ਜਾਮ ਵਿੱਚ ਫਸੇ ਰਹੇ। ਵਾਲੰਟੀਅਰਾਂ ਦੀ ਵਿਸ਼ੇਸ਼ ਤਾਇਨਾਤੀ ਕਰਕੇ ਕਾਫਲਿਆਂ ਨੂੰ ਪੰਡਾਲ ਵਿੱਚ ਲਿਆਂਦਾ ਗਿਆ। ਸੂਬਾ ਲੀਡਰਾਂ ਨੇ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਖੇਤਰਾਂ ਵਿੱਚ ਹੋਰ ਸੁਧਾਰ ਕਰਨ ਦੀਆਂ ਗੱਲਾਂ ਕਰ ਰਹੇ ਹਨ ਕਿ ਖੇਤੀ ਖੇਤਰ ਵਿੱਚ ਹੋਰ ਨਿੱਜੀ ਨਿਵੇਸ਼ ਕੀਤਾ ਜਾਵੇਗਾ। ਖੇਤੀ ਤਾਂ ਪਹਿਲਾਂ ਹੀ ਨਿੱਜੀ ਹੈ। ਪਰ ਪ੍ਰਧਾਨ ਮੰਤਰੀ ਦਾ ਇਰਾਦਾ ਹੁਣ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਖੇਤਰ ਵਿੱਚ ਲਿਆਉਣਾ ਹੈ।

ਮੋਦੀ ਹਕੂਮਤ ਦੀਆਂ ਅਜਿਹੀਆਂ ਨੀਤੀਆਂ ਦੇ ਖਿਲਾਫ ਮੋਰਚਾ ਲੰਮਾ ਸਮਾਂ ਚੱਲੇਗਾ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜੇਕਰ ਮੋਰਚਾ 2024 ਤੱਕ ਵੀ ਚਲਾਉਣਾ ਪਿਆ ਤਾਂ ਚਲਾਇਆ ਜਾਵੇਗਾ। ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਖੇ ਰੇਲ ਰੋਕੋ ਅੰਦੋਲਨ 81ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਕਮੇਟੀ ਦਾ ਗੁਰਦਾਸਪੁਰ ਤੋਂ ਦਿੱਲੀ ਲਈ ਅਗਲਾ ਜਥਾ 25 ਦਸੰਬਰ ਨੂੰ ਰਵਾਨਾ ਹੋਵੇਗਾ।

Leave a Reply

Your email address will not be published. Required fields are marked *