Punjab

ਸੁਲਤਾਨਪੁਰ ਲੋਧੀ ‘ਚ “ਪਿੰਡ ਬਾਬੇ ਨਾਨਕ ਦਾ ” ਵਿਸ਼ਾਲ ਪ੍ਰੋਜੈਕਟ ਜਲਦ ਕੀਤਾ ਜਾਵੇ ਸ਼ੁਰੂ – ਸੁਖਵਿੰਦਰ ਸਿੰਘ ਸੁੱਖ

‘ਦ ਖ਼ਾਲਸ ਬਿਊਰੋ :- ਗੁਰੂ ਨਗਰੀ ਸੁਲਤਾਨਪੁਰ ਲੋਧੀ ਦੀ ਤਰੱਕੀ ਨੂੰ ਲੈ ਕੇ ਵਿਧਾਨ ਸਭਾ ਦੇ ਆਗੂ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰ ਤੇ ਸੂਬਾ ਸਰਕਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਤੇ ਪਿਛਲੇ ਸਾਲ ਐਲਾਨ ਕੀਤੇ ਗਏ “ਪਿੰਡ ਬਾਬੇ ਨਾਨਕ ਦਾ ” ਵਿਸ਼ਾਲ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਮੰਗ ਕੀਤੀ। ਲੰਬੇ ਅਰਸੇ ਬਾਅਦ ਆਪਣੀ ਸਿਆਸੀ ਸਰਗਰਮੀਆਂ ਸ਼ੁਰੂ ਕਰਦਿਆਂ ਚੇਅਰਮੈਨ ਸੁੱਖ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ ਆਪਣੇ ਹਿੱਸੇ ਦੇ ਕੁੱਝ ਪੈਸੇ ਇਸ ਪ੍ਰੋਜੈਕਟ ਲਈ ਦਿੱਤੇ ਸਨ, ਪਰ ਸੂਬਾ ਸਰਕਾਰ ਵਲੋਂ ਪਿੰਡ ਬਾਬੇ ਨਾਨਕ ਦਾ ਬਣਾਉਣ ਲਈ ਕੋਈ ਠੋਸ ਉਪਰਾਲਾ ਹਾਲੇ ਤੱਕ ਨਹੀ ਕੀਤਾ ਗਿਆ ਹੈ। ਜਿਸ ਕਾਰਨ ਸੁਲਤਾਨਪੁਰ ਲੋਧੀ ‘ਚ ਬਣਨ ਵਾਲਾ  “ਪਿੰਡ ਬਾਬੇ ਨਾਨਕ ਦਾ” ਇੱਕੋ-ਇੱਕ ਪ੍ਰੋਜੈਕਟ ਵੀ ਠੰਢੇ ਬਸਤੇ ‘ਚ ਪੈਦਾ ਦਿਖਾਈ ਦੇ ਰਿਹਾ ਹੈ।

ਉਨ੍ਹਾਂ ਇਸ ਸਮੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਬਚਾਉਣ ਲਈ ਕੋਈ ਹੱਲ ਲੱਭਣ, ਉਨ੍ਹਾਂ ਕਿਹਾ ਕਿ ਖੇਤੀਬਾੜੀ ਬਹੁਤ ਮਹਿੰਗੀ ਹੋ ਗਈ ਹੈ, ਫਸਲਾਂ ਵਾਸਤੇ ਯੂਰੀਆ ਦੀ ਭਾਰੀ ਕਿੱਲਤ ਆ ਰਹੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੁਲਤਾਨਪੁਰ ਲੋਧੀ ਦੇ ਪਿੰਡਾਂ ਚੋਂ ਲੰਘ ਰਹੇ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਜਾ ਰਹੀ ਕਿਸਾਨਾਂ ਦੀ ਜ਼ਮੀਨ ਦਾ 2 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣੀ ਕੀਮਤੀ ਜ਼ਮੀਨ ਗਵਾਉਣ ਵਾਲੇ ਕਿਸਾਨ ਆਪਣੇ ਪਰਿਵਾਰ ਪਾਲਣ ਲਈ ਬਦਲਵੇਂ ਪ੍ਰਬੰਧ ਕਰ ਸਕਣ।

ਉਨ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੂਬਾ ਸਰਕਾਰ ਵਲੋਂ ਕਰਵਾਏ ਗਏ ਸਮਾਗਮ ਤੇ ਹੋਰ ਵਿਕਾਸ ਕਾਰਜਾਂ ਦੌਰਾਨ 100 ਕਰੋੜ ਤੋਂ ਵੱਧ ਦਾ ਘਪਲਾ ਹੋਣ ਦੇ ਲੱਗ ਰਹੇ ਦੋਸ਼ਾਂ ਦੀ ਨਿਰਪੱਖ ਪੜਤਾਲ ਕਰਵਾਉਣ ਦੀ ਮੰਗ ਕੀਤੀ ਤੇ ਘਪਲੇ ਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਮਨੁੱਖਤਾ ਦੇ ਰਹਿਬਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਮਨਾਈ ਗਈ ਸ਼ਤਾਬਦੀ ਦੇ ਫੰਡਾਂ ਚੋਂ ਵੀ ਕੁੱਝ ਲੋਕ ਕਰੋੜਾਂ ਰੁਪਏ ਦਾ ਗਬਨ ਕਰ ਗਏ। ਉਨ੍ਹਾਂ ਸੂਬਾ ਸਰਕਾਰ ਵਲੋਂ ਪਿਛਲੇ ਸਾਲ ਸੁਲਤਾਨਪੁਰ ਲੋਧੀ ‘ਚ ਖੋਹਲੇ ਸੁਪਰ ਸ਼ਪੈਸ਼ਲਿਟੀ ਹਸਪਤਾਲ ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਉਹ ਹਸਪਤਾਲ ਕਿਸ ਕੰਮ ਦਾ ਜਿੱਥੇ ਕੋਈ ਡਾਕਟਰ ਤੇ ਸਟਾਫ ਹੀ ਨਾ ਹੋਵੇ।

ਚੇਅਰਮੈਨ ਸੁੱਖ ਨੇ ਮੰਗ ਕੀਤੀ ਕਿ ਹਸਪਤਾਲ ਚ ਡਾਕਟਰਾਂ ਦੀ ਖਾਲੀ ਪੋਸਟਾਂ ਭਰੀਆਂ ਜਾਣ ਤੇ ਲੋੜੀਂਦਾ ਸਟਾਫ ਦਿੱਤਾ ਜਾਵੇ ਤਾਂ ਜੋ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋਂ ਮਰੀਜ ਬੱਚ ਸਕਣ। ਉਨ੍ਹਾਂ ਨਾਲ ਇਸ ਸਮੇਂ ਜਥੇ ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ, ਐਡਵੋਕੇਟ ਗਗਨਦੀਪ ਸਿੰਘ ਸੁੱਖ , ਰਿਟਾਇਰਡ ਪੰਚਾਇਤ ਅਫਸਰ ਸ਼੍ਰੀ ਪ੍ਰੇਮ ਲਾਲ ਤਲਵੰਡੀ ਚੌਧਰੀਆਂ ਆਦਿ ਨੇ ਵੀ ਸ਼ਿਰਕਤ ਕੀਤੀ ਤੇ ਦੀਵਾਲੀ ਦੀ ਵਧਾਈ ਦਿੱਤੀ।