India International Punjab

ਤਾਲਾਬੰਦੀ ਦੀ ਮਾਰ ਨੇ 10 ਹਜ਼ਾਰ 113 ਕੰਪਨੀਆਂ ਦੇ ਤਾਲੇ ਕਰ ਦਿੱਤੇ ਬੰਦ

ਅਪ੍ਰੈਲ 2020 ਤੋਂ ਫਰਵਰੀ 2021 ਤੱਕ ਕਈ ਕੰਪਨੀਆਂ ਨੂੰ ਕਰਨਾ ਪਿਆ ਆਪਣਾ ਕਾਰੋਬਾਰ ਬੰਦ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਕੋਰੋਨਾ ਮਹਾਂਮਾਰੀ ਨੇ ਦੁਨੀਆ ਦੇ ਨਾਲ-ਨਾਲ ਦੇਸ਼ ਦਾ ਕੋਈ ਹਿੱਸਾ ਨਹੀਂ ਛੱਡਿਆ ਜਿਸ ‘ਤੇ ਸੱਟ ਨਾ ਮਾਰੀ ਹੋਵੇ। ਤਾਲਾਬੰਦੀ ਦੇ ਦਿਨਾਂ ਵਿੱਚ ਖੁੱਸੇ ਰੁਜ਼ਗਾਰ ਦੇ ਮੌਕਿਆਂ ਤੇ ਕੰਪਨੀਆਂ ਨੂੰ ਲੱਗੇ ਤਾਲੇ ਨੇ ਹਰੇਕ ਵਰਗ ਦਾ ਬਹੁਤ ਵੱਡੇ ਪੱਧਰ ‘ਤੇ ਆਰਥਿਕ ਨੁਕਸਾਨ ਕੀਤਾ ਹੈ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ (MCA) ਨੇ ਜੋ ਅੰਕੜੇ ਜਾਰੀ ਕੀਤੇ ਹਨ, ਉਹ ਬਹੁਤ ਹੀ ਚਿੰਤਾ ਪੈਦਾ ਕਰਨ ਵਾਲੇ ਹਨ।

ਇਨ੍ਹਾਂ ਅਨੁਸਾਰ ਪਿਛਲੇ ਸਾਲ ਅਪ੍ਰੈਲ 2020 ਤੋਂ ਇਸ ਵਰ੍ਹੇ ਫਰਵਰੀ ਤੱਕ ਦੇਸ਼ ਦੀਆਂ ਕੋਈ 10,000 ਤੋਂ ਜ਼ਿਆਦਾ ਕੰਪਨੀਆਂ ਨੇ ਆਪਣੀ ਸਵੈ-ਇੱਛਾ ਨਾਲ ਕਾਰੋਬਾਰ ਠੱਪ ਕਰ ਦਿੱਤਾ ਹੈ। ਇਸ ਤਰ੍ਹਾਂ ਚਾਲੂ ਵਿੱਤੀ ਸਾਲ ਦੌਰਾਨ ਕੰਪਨੀ ਐਕਟ, 2013 ਦੀ ਧਾਰਾ 248 (2) ਦੇ ਤਹਿਤ ਕੁਲ ਹੁਣ ਤੱਕ ਕੋਈ 10 ਹਜ਼ਾਰ 113 ਕੰਪਨੀਆਂ ਬੰਦ ਕੀਤੀਆਂ ਗਈਆਂ ਹਨ। ਇਸਦਾ ਅਰਥ ਇਹ ਹੈ ਕਿ ਇਨ੍ਹਾਂ ਕੰਪਨੀਆਂ ਨੇ ਆਪਣੇ ਕਾਰੋਬਾਰਾਂ ਨੂੰ ਸਵੈਇੱਛਤ ਤੌਰ ਤੇ ਬੰਦ ਕੀਤਾ ਹੈ ਨਾ ਕਿ ਕਿਸੇ ਕੰਪਨੀ ‘ਤੇ ਕੋਈ ਕਾਰਵਾਈ ਕਾਰਨ ਅਜਿਹਾ ਕਰਨਾ ਪਿਆ ਹੈ।  

ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਮੰਤਰਾਲਾ ਅਜਿਹੀਆਂ ਕੰਪਨੀਆਂ ਦਾ ਕੋਈ ਰਿਕਾਰਡ ਨਹੀਂ ਰੱਖਦਾ, ਜੋ ਕਾਰੋਬਾਰ ਬੰਦ ਕਰ ਦਿੰਦੀਆਂ ਹਨ।

ਜ਼ਿਕਰਯੋਗ ਹੈ ਕਿ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਦਿੱਲੀ ਵਿੱਚ 2,394, ਉੱਤਰ ਪ੍ਰਦੇਸ਼ ਵਿਚ 1,936 ਕੰਪਨੀਆਂ ਨੇ ਆਪਣਾ ਕਾਰੋਬਾਰ ਬੰਦ ਕੀਤਾ ਹੈ। ਅਪ੍ਰੈਲ 2020 ਤੋਂ ਫਰਵਰੀ 2021 ਦੇ ਸਾਲ ਦੌਰਾਨ ਤਾਮਿਲਨਾਡੂ ਵਿੱਚ 1,322 ਕੰਪਨੀਆਂ ਅਤੇ ਮਹਾਰਾਸ਼ਟਰ ਵਿੱਚ 1,279 ਕੰਪਨੀਆਂ ਬੰਦ ਹੋਈਆਂ ਹਨ। ਚੰਡੀਗੜ੍ਹ  ਵਿੱਚ 9 ਰਾਜਸਥਾਨ 47, ਤੇਲੰਗਾਨਾ 4०4, ਕੇਰਲ 307, ਝਾਰਖੰਡ 137, ਮੱਧ ਪ੍ਰਦੇਸ਼ 111 ਅਤੇ ਬਿਹਾਰ ਵਿੱਚ 104 ਦਾ ਕਾਰੋਬਾਰ ਬੰਦ ਹੋਇਆ ਹੈ।