International Punjab

ਕੈਨੇਡਾ ‘ਚ ਸਰੂਪ ਛਾਪਣ ਵਾਲੇ ਮਲਿਕ ਅਤੇ ਪੰਧੇਰ ਨੇ ਅਕਾਲ ਤਖਤ ਨੂੰ ਭੇਜਿਆ ਸਪੱਸ਼ਟੀਕਰਨ, ਸਾਰਾ ਇੱਥੇ ਪੜ੍ਹੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 24 ਅਗਸਤ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਕੱਤਰਤਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕੈਨੇਡਾ ਦੇ ਸਰੀ ਵਿੱਚ ਛਾਪਣ ਦੇ ਮੁੱਦੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਕੈਨੇਡਾ ਵਿੱਚ ਸਰੂਪ ਛਾਪਣ ਵਾਲੇ ਬਲਵੰਤ ਸਿੰਘ ਪੰਧੇਰ ਅਤੇ ਰਿਪੁਦਮਨ ਸਿੰਘ ਮਲਿਕ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਆਦੇਸ਼ ਦਿੱਤਾ ਸੀ ਕਿ ਉਕਤ ਦੋਵੇਂ ਵਿਅਕਤੀ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣਾ ਸਪੱਸ਼ਟੀਕਰਨ ਦੇਣ। ਇਨ੍ਹਾਂ ਨੇ ਮਹਿਜ਼ ਇੱਕ ਹਫਤੇ ਦੇ ਅੰਦਰ-ਅੰਦਰ ਹੀ ਆਪਣਾ ਸਪੱਸ਼ਟੀਕਰਨ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪ ਦਿੱਤਾ ਹੈ।

ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਕੱਤਰਤਾ

ਉਨ੍ਹਾਂ ਨੇ ਆਪਣੇ ਸਪੱਸ਼ਟੀਕਰਨ ਵਿੱਚ ਲਿਖਿਆ ਕਿ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਹਰ ਹੁਕਮ ਨੂੰ ਸਤਿਕਾਰ ਨਾਲ ਮੰਨਦੇ ਹਾਂ ਅਤੇ ਮੰਨਦੇ ਰਹਾਂਗੇ। ਅਸੀਂ ਹਮੇਸ਼ਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦੇ ਆਏ ਹਾਂ ਤੇ ਕਰਦੇ ਰਹਾਂਗੇ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਸਾਜੋ-ਸਮਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਉਣਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਸਾਜੋ-ਸਮਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਉਣ ‘ਤੇ ਉਨ੍ਹਾਂ ਲਿਖਿਆ ਕਿ ‘ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਮਿਲਦਿਆਂ ਹੀ ਉਸੇ ਸਮੇਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਸਾਜੋ-ਸਮਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਉਣ ਦਾ ਪ੍ਰਬੰਧ ਪੂਰੇ ਸਤਿਕਾਰ ਨਾਲ ਕਰ ਲਿਆ ਹੈ। ਇਸਦੇ ਨਾਲ ਹੀ ਸਾਡੇ ਵੱਲੋਂ ਆਪ ਜੀ ਦੁਆਰਾ ਜਾਰੀ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ।  ਕੁੱਲ 61 ਸਰੂਪ ਛਾਪੇ ਗਏ ਸਨ, ਉਨ੍ਹਾਂ ਵਿੱਚੋਂ 52 ਸਰੂਪ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਪਹੁੰਚਾ ਦਿੱਤੇ ਗਏ ਹਨ ਅਤੇ ਬਾਕੀ ਦੇ 9 ਸਰੂਪ ਸੰਗਤ ਨੂੰ ਦਿੱਤੇ ਗਏ ਹਨ’।

ਉਨ੍ਹਾਂ ਕਿਹਾ ਕਿ ‘ਕੈਨੇਡਾ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦੀ ਮਨਜ਼ੂਰੀ ਲਈ 2008 ਤੋਂ ਕੰਮ ਕਰ ਰਹੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੰਜਾਬ ਤੋਂ ਕੈਨੇਡਾ ਲਿਜਾਣ ਸਮੇਂ ਦੌਰਾਨ ਵਾਪਰ ਰਹੀਆਂ ਘਟਨਾਵਾਂ ਤੋਂ ਬਚਣ ਲਈ ਕੈਨੇਡਾ ਵਿੱਚ ਛਪਾਈ ਕਰਨ ਲਈ ਬੇਨਤੀ ਕੀਤੀ ਗਈ ਸੀ।

ਰਿਪੁਦਮਨ ਸਿੰਘ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਗਿਆ ਪੂਰਾ ਸਪੱਸ਼ਟੀਕਰਨ ਪੜ੍ਹਨ ਲਈ ਇੱਥੇ ਕਲਿੱਕ ਕਰੋ।

Akal Takhat August 29 Final

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਰੂਪ ਛਾਪਣ ਦੀ ਆਗਿਆ ਮਿਲਣ ਦੀ ਪ੍ਰਕਿਰਿਆ

3 ਮਾਰਚ, 2015 ਨੂੰ SGPC ਦੀ ਅੰਤ੍ਰਿੰਗ ਦੀ ਕਮੇਟੀ ਨੇ ਸਤਿਨਾਮ ਐਜੂਕੇਸ਼ਨ ਟਰੱਸਟ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਛਪਾਈ ਦਾ ਮਤਾ ਪਾਸ ਕੀਤਾ ਸੀ ਅਤੇ ਇਹ ਫੈਸਲਾ SGPC ਅਤੇ ਹੋਰ ਖਬਰਾਂ ਦੇ ਸ੍ਰੋਤਾਂ ਦੁਆਰਾ ਪ੍ਰਕਾਸ਼ਿਤ ਵੀ ਕੀਤਾ ਗਿਆ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅੰਤ੍ਰਿੰਗ ਕਮੇਟੀ ਦੇ ਇਸ ਫੈਸਲੇ ਤੋਂ ਬਾਅਦ ਇੱਕ ਸਬ-ਕਮੇਟੀ ਨੂੰ ਛਪਾਈ ਦੀ ਸ਼ੁਰੂਆਤ ਕਰਨ ਦੇ ਕੰਮ ਦੀ ਪਾਲਣਾ ਕਰਨ ਨੂੰ ਕਿਹਾ ਗਿਆ। ਇਸਦਾ ਕਾਰਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਦਖਲਅੰਦਾਜ਼ੀ ਸੀ, ਨਾ ਕਿ SGPC ਦੇ ਕੀਤੇ ਹੋਏ ਫੈਸਲੇ ਵਿੱਚ ਕੋਈ ਤਬਦੀਲੀ ਸੀ। ਸੁਖਬੀਰ ਬਾਦਲ ਕੈਨੇਡਾ ਵਿੱਚ ਛਪਾਈ ਸ਼ੁਰੂ ਨਹੀਂ ਸੀ ਕਰਨਾ ਚਾਹੁੰਦੇ’।

ਰਿਪੁਦਮਨ ਸਿੰਘ ਮਲਿਕ

ਉਨ੍ਹਾਂ ਨੇ ਦੱਸਿਆ ਕਿ ‘ਦਸੰਬਰ 2019 ਵਿੱਚ ਅਸੀਂ ਦੋਵੇਂ ਪੰਜਾਬ ਆਏ ਤੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਮੀਤ-ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨਾਲ ਕੈਨੇਡਾ ਵਿੱਚ ਛਪਾਈ ਦੇ ਮੁੱਦੇ ‘ਤੇ ਦੁਬਾਰਾ ਵਿਚਾਰ-ਵਟਾਂਦਰਾ ਕਰਨ ਲਈ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਮੁੱਦੇ ਉੱਪਰ ਸਿੱਧੇ ਤੌਰ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਸੁਖਬੀਰ ਬਾਦਲ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ। ਸੁਖਬੀਰ ਬਾਦਲ ਨੇ ਇਸ ਮੁੱਦੇ ‘ਤੇ ਵਿਚਾਰ ਕਰਨ ਤੋਂ ਪਹਿਲਾਂ ਹੀ ਸਾਡੀ ਬੇਨਤੀ ਨੂੰ ਠੁਕਰਾ ਦਿੱਤਾ।

SGPC ਦੀ ਅੰਤ੍ਰਿੰਗ ਕਮੇਟੀ ਵੱਲੋਂ ਕੈਨੇਡਾ ਵਿੱਚ ਛਪਾਈ ਦਾ ਮਤਾ ਪਾਸ ਕਰਨ ਤੋਂ ਬਾਅਦ ਉਹ ਚਾਹੁੰਦੇ ਹੋਏ ਵੀ ਅੱਗੇ ਨਾ ਵੱਧ ਸਕੇ ਕਿਉਂਕਿ SGPC ਦੇ ਇਸ ਫੈਸਲੇ ਨੂੰ ਸੁਖਬੀਰ ਬਾਦਲ ਰੱਦ ਕਰ ਰਹੇ ਸੀ।

ਉੱਤਰੀ ਅਮਰੀਕਾ ਵਿੱਚ ਸਰੂਪਾਂ ਦੀ ਮੰਗ

ਬਹੁਤ ਸਾਰੇ ਗੁਰਦੁਆਰਿਆਂ ਨੇ ਕੈਨੇਡਾ ਵਿੱਚ ਸਰੂਪਾਂ ਦੀ ਛਪਾਈ ਦੀ ਇੱਛਾ ਪ੍ਰਗਟ ਕੀਤੀ ਹੈ। ਉੱਤਰੀ ਅਮਰੀਕਾ ਵਿੱਚ ਸੰਗਤ ਲਈ ਸਰੂਪਾਂ ਨੂੰ ਸਤਿਕਾਰ ਸਹਿਤ ਲਿਆਉਣ ਦੇ ਕਈ ਤਰੀਕੇ ਅਪਣਾਏ ਗਏ। ਸਾਲ 2014 ਵਿੱਚ SGPC ਦੀ ਇੱਕ ਬੱਸ ਵਿੱਚ ਸਰੂਪਾਂ ਨੂੰ ਰੱਖ ਕੇ ਸਮੁੰਦਰੀ ਜਹਾਜ਼ ਜ਼ਰੀਏ ਭਾਰਤ ਤੋਂ ਕੈਨੇਡਾ ਪਹੁੰਚਾਏ ਗਏ, ਜਿਸ ਸਮੇਂ ਸੰਗਤ ਬਹੁਤ ਨਰਾਜ਼ ਹੋਈ ਕਿਉਂਕਿ ਸਰੂਪ ਸਤਿਕਾਰ ਸਹਿਤ ਕੈਨੇਡਾ ਨਹੀਂ ਸੀ ਪਹੁੰਚਾਏ ਗਏ’।

ਸਤਿਨਾਮ ਪ੍ਰਚਾਰ ਸੁਸਾਇਟੀ ਵੱਲੋਂ ਕੈਨੇਡਾ ਵਿੱਚ ਸਰੂਪਾਂ ਦੀ ਛਪਾਈ

ਸਤਿਨਾਮ ਪ੍ਰਚਾਰ ਸੁਸਾਇਟੀ ਵੱਲੋਂ ਕੈਨੇਡਾ ਵਿੱਚ ਸਰੂਪਾਂ ਦੀ ਛਪਾਈ ਕਰਨ ‘ਤੇ ਉਨ੍ਹਾਂ ਕਿਹਾ ਕਿ ‘ਅਸੀਂ ਇਸ ਗੱਲ ਦਾ ਮਾਨ ਕਰਦੇ ਹਾਂ ਕਿ SGPC ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਰੂਪ ਛਾਪਣ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ SGPC ਨੂੰ ਇਹ ਇੰਨਾ ਵੱਡਾ ਅਧਿਕਾਰ ਮਿਲਿਆ ਹੈ ਤਾਂ ਉਹ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸਿੱਖਾਂ ਲਈ ਵੀ ਵਧੀਆ ਪ੍ਰਬੰਧ ਕਰਨ। ਸਾਲ 2020 ਦੇ ਸ਼ੁਰੂ ਵਿੱਚ ਅਸੀਂ ਮਹਿਸੂਸ ਕੀਤਾ ਕਿ SGPC ਉੱਤਰੀ ਅਮਰੀਕਾ ਦੀ ਸੰਗਤ ਲਈ ਸਰੂਪਾਂ ਦੀ ਛਪਾਈ ਦੇ ਆਪਣੇ ਫੈਸਲੇ ‘ਤੇ ਕੰਮ ਨਹੀਂ ਕਰ ਰਹੀ ਜਦਕਿ SGPC ਦੀ ਅੰਤ੍ਰਿੰਗ ਕਮੇਟੀ ਨੇ ਕੈਨੇਡਾ ਵਿੱਚ ਸਾਡੇ ਨਾਲ ਮਿਲ ਕੇ ਇਹ ਸੇਵਾ ਕਰਨ ਦਾ ਫੈਸਲਾ ਕੀਤਾ ਸੀ। ਫਿਰ ਅਸੀਂ ਇਹ ਮਹਿਸੂਸ ਕੀਤਾ ਕਿ ਅਸੀਂ ਉੱਤਰੀ ਅਮਰੀਕਾ ਦੀ ਸੰਗਤ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸੇਵਾ ਕਰਾਂਗੇ।

ਅਸੀਂ ਉਨ੍ਹਾਂ ਦੇ ਪਹਿਲੇ ਫੈਸਲੇ ‘ਤੇ ਛਪਾਈ ਕਰਨ ਦਾ ਕੰਮ ਪੂਰੀ ਮਰਿਆਦਾ ਨਾਲ ਕਰਨਾ ਸ਼ੁਰੂ ਕਰ ਦਿੱਤਾ। ਕੇਵਲ ਅੰਮ੍ਰਿਤਧਾਰੀ ਸਿੱਖ ਸੇਵਾ ਦਾ ਕੰਮ ਕਰੇਗਾ ਅਤੇ ਸੇਵਾ ਦੀ ਪਵਿੱਤਰਤਾ ਰੱਖਣ ਲਈ ਸਹੀ ਤਰੀਕੇ ਨਾਲ ਸਾਫ-ਸਫਾਈ ਦਾ ਪ੍ਰਬੰਧ ਕੀਤਾ ਜਾਵੇਗਾ। ਛਾਪੇ ਗਏ 61 ਸਰੂਪ SGPC ਦੀ ਛਪਾਈ ਦੇ ਸਮਾਨ ਹਨ, ਜਿਵੇਂ ਕਿ SGPC ਦੁਆਰਾ ਵਰਤੀ ਗਈ ਫਾਇਲ (ਸਾਲ 1998 ਦੇ ਹੁਕਮਨਾਮੇ ਵਿੱਚ ਬਿਆਨ ਕੀਤੀ ਆਫ਼ਸੈਟ ਫਿਲਮਜ਼) ਸਮਾਨ ਹਨ। ਫਾਇਲ ਪੂਰੀ ਤਰ੍ਹਾਂ ਚੈੱਕ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜਾ ਸਾਲ 2014 ਵਿੱਚ SGPC ਵੱਲੋਂ ਆਇਆ ਸੀ, ਉਸ ਨਾਲ ਮਿਲਾ ਕੇ ਚੈੱਕ ਕੀਤਾ ਗਿਆ’।

ਸਿੱਖ ਸੰਗਤ ਤੋਂ ਮੰਗੀ ਮੁਆਫ਼ੀ

ਉਨ੍ਹਾਂ ਨੇ ਸਿੱਖ ਸੰਗਤ ਤੋਂ ਮੁਆਫੀ ਮੰਗਦਿਆਂ ਕਿਹਾ ਕਿ ‘ਸਾਡੇ ਵੱਲੋਂ ਕੀਤੀ ਗਈ ਕਿਸੇ ਵੀ ਗਲਤੀ ਲਈ ਅਸੀਂ ਨਿਮਰਤਾ ਸਹਿਤ ਮੁਆਫੀ ਮੰਗਦੇ ਹਾਂ। ਜੇਕਰ ਸਾਡੇ ਕੋਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਦੇ ਹੋਏ ਕੋਈ ਵੀ ਗਲਤੀ ਹੋਈ ਹੋਵੇ ਤਾਂ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਵੀ ਤਿਆਰ ਹਾਂ’।

ਉਨ੍ਹਾਂ ਨੇ SGPC ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜੀਂਦੀ ਸੇਵਾ ਪ੍ਰਦਾਨ ਕਰਨ ਲਈ ਵਿਸ਼ਵ ਭਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਤਿਕਾਰ ਰੱਖਦੇ ਹੋਏ ਛਪਾਈ ਪ੍ਰੈੱਸ ਲਗਾਉਣ ਦੇ ਆਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ‘ਜੇ SGPC ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਨੂੰ ਇਸ ਸੇਵਾ ਦੇ ਲਾਇਕ ਨਹੀਂ ਸਮਝਦੇ ਤਾਂ ਉਹ ਹੋਰ ਪੰਥਕ ਜਥੇਬੰਦੀਆਂ ਨੂੰ ਉੱਤਰੀ ਅਮਰੀਕਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਲਈ ਪ੍ਰਵਾਨਗੀ ਦੇਣ’।

SGPC ਨੂੰ ਸਿਆਸਤਦਾਨਾਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ

ਉਨ੍ਹਾਂ ਨੇ ਜਥੇਦਾਰ ਨੂੰ ਇੱਕ ਹੋਰ ਬੇਨਤੀ ਕਰਦਿਆਂ ਕਿਹਾ ਕਿ ਉਹ SGPC ਨੂੰ ਨਿਰਦੇਸ਼ ਦੇਣ ਕਿ SGPC ਭਵਿੱਖ ਵਿੱਚ ਬਾਹਰਲੇ ਸਿਆਸਤਦਾਨਾਂ ਦੇ ਪ੍ਰਭਾਵ ਤੋਂ ਬਿਨਾਂ ਆਪਣੇ ਫੈਸਲੇ ਕਰਨ। ਉਨ੍ਹਾਂ ਕਿਹਾ ਕਿ ‘ਅਸੀਂ 1979 ਤੋਂ ਉੱਤਰੀ ਅਮਰੀਕਾ ਵਿੱਚ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਪੋਥੀਆਂ, ਕਕਾਰ ਅਤੇ ਹੋਰ ਗੁਰਮਤਿ ਸਾਹਿਤ ਪ੍ਰਦਾਨ ਕਰਨ ਦੀ ਸੇਵਾ ਨਿਭਾ ਰਹੇ ਹਾਂ। ਅਸੀਂ ਕੈਨੇਡਾ ਦੇ ਵਿੱਚ ਕਈ ਸਕੂਲ ਵੀ ਚਲਾ ਰਹੇ ਹਾਂ ਅਤੇ ਆਉਣ ਵਾਲੀ ਪੀੜ੍ਹੀ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਉੱਤਰੀ ਅਮਰੀਕਾ ਵਿੱਚ ਗੁਰਮਤਿ ਕੈਂਪ  ਵੀ ਲਗਾ ਰਹੇ ਹਾਂ। ਇਹ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਸ ਲਈ ਅਸੀਂ ਵਿਸ਼ਵ ਭਰ ਦੀ ਸੰਗਤ ਤੋਂ ਮੁਆਫੀ ਮੰਗਦੇ ਹਾਂ’।