Punjab

ਕਿਸਾਨ ਅੰਦੋਲਨ ਦਾ ਸੇਕ :- ਰੇਲਵੇ ਵਿਭਾਗ ਨੂੰ ਹੋਇਆ 1200 ਕਰੋੜ ਦਾ ਨੁਕਸਾਨ

 

ਦ ਖ਼ਾਲਸ ਬਿਊਰੋ :-  ਪੰਜਾਬ ’ਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼  ਲਗਾਤਾਰ ਕੀਤੇ ਜਾ ਰਹੇ ਅੰਦੋਲਨਾਂ ਕਾਰਨ ਭਾਰਤੀ ਰੇਲਵੇ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਪੰਜਾਬ ’ਚ ਲਗਪਗ 32 ਰੇਲ ਮਾਰਗਾਂ ’ਤੇ ਧਰਨਿਆਂ ਕਾਰਨ ਰੇਲਵੇ ਆਵਾਜਾਈ  ਨੂੰ ਪਹਿਲਾਂ ਹੀ 1200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ ਹੈ।

ਜ਼ਰੂਰੀ ਵਸਤਾਂ ਨਾਲ ਲੱਦੇ ਮਾਲ ਗੱਡੀਆਂ ਦੇ 2225 ਰੈਕ ਮਾਰਗ ਠੱਪ ਹੋਣ ਕਾਰਨ ਟਿਕਾਣਿਆਂ ’ਤੇ ਨਹੀ ਪਹੁੰਚਾਏ ਜਾ ਸਕੇ । ਉਨ੍ਹਾਂ ਕਿਹਾ ਕਿ ਕਰੀਬ ਹੁਣ ਤੱਕ ਕਰੀਬ 1350 ਰੈਕ ਨਾਲ ਲੱਦੀਆਂ ਮਾਲ ਗੱਡੀਆਂ ਦੇ ਆਰਡਰ ਜਾਂ ਤਾਂ ਰੱਦ ਕਰਨੇ ਪਏ ਜਾਂ ਉਨ੍ਹਾਂ ਦੇ ਮਾਰਗ ਬਦਲ ਦਿੱਤੇ ਗਏ ਹਨ। ਕਈ ਥਾਵਾਂ ‘ਤੇ ਖਾਸ ਕਰਕੇ ਜੰਡਿਆਲਾ, ਨਾਭਾ, ਤਲਵੰਡੀ ਸਾਬੋ ਅਤੇ ਬਠਿੰਡਾ ’ਚ ਤਿੱਖੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਪੰਜਾਬ ’ਚ ਰੇਲ ਮਾਰਗ ਠੱਪ ਰਹਿਣ ਕਾਰਨ ਖੇਤੀ, ਸਨਅਤੀ ਅਤੇ ਬੁਨਿਆਦੀ ਖੇਤਰਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਠੱਪ ਹੋ ਗਈ ਹੈ ।

ਇਸ ਤੋਂ ਪਹਿਲਾਂ ਰੇਲ ਮੰਤਰੀ ਪਿਯੂਸ਼ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮਾਲ ਗੱਡੀਆਂ ਚਲਾਉਣ ’ਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਮੰਗਿਆ ਸੀ। ਅਧਿਕਾਰੀ ਨੇ ਕਿਹਾ,‘‘ਰੇਲ ਪੱਟੜੀਆਂ ਅਤੇ ਪਲੇਟਫਾਰਮਾਂ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਅਤੇ ਸੁਰੱਖਿਆ ਕਰਕੇ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ ਹੈ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਕੁਝ ਰੇਲਾਂ ਦੀ ਆਵਾਜਾਈ ਅਚਾਨਕ ਰੋਕ ਦਿੱਤੀ ਸੀ।