India Punjab

ਕੰਗਨਾ, ਪਾਇਲ ਤੇ ‘ਸ਼ਕਤੀਮਾਨ’ ਨੂੰ ਕਿਸਾਨਾਂ ਵੱਲੋਂ ZOOM ‘ਤੇ ਲਾਈਵ ਵੈਬੀਨਾਰ ’ਚ ਸ਼ਾਮਲ ਹੋਣ ਦਾ ਸੱਦਾ, ਹੁਣੇ ਕਰੋ ਰਜਿਸਟਰ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕਿਸਾਨ ਅੰਦੋਲਨ ਦੇ ਵਿਰੋਧ ਵਿੱਚ ਚੱਲ ਰਹੇ ਏਜੰਡੇ ਅਤੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਲਈ ਕਿਸਾਨਾਂ ਵੱਲੋਂ ਆਪਣੇ ਆਈਟੀ ਸੈੱਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਤਹਿਤ ਕਿਸਾਨਾਂ ਨੇ ਹਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਤਾਂ ਖ਼ਾਤੇ ਖੋਲ੍ਹੇ ਹੀ ਹਨ, ਨਾਲ ਹੀ ਹੁਣ ਕਿਸਾਨ ਜ਼ੂਮ ’ਤੇ ਲਾਈਵ ਕਾਨਫਰੰਸ ਕਰਨ ਜਾ ਰਹੇ ਹਨ। ਇਸ ਦੇ ਤਹਿਤ ਕਿਸਾਨਾਂ ਨੇ ਕਿਸਾਨਾਂ ਨੂੰ ਭਟਕੇ ਹੋਏ ਕਹਿਣ ਵਾਲੇ ਖ਼ਾਸ ਕਰਕੇ ਮੁਕੇਸ਼ ਖੰਨਾ, ਕੰਗਨਾ ਰਨੌਤ ਅਤੇ ਪਾਇਲ ਰੋਹਤਾਗੀ ਵਰਗੀਆਂ ਕੁਝ ਹਸਤੀਆਂ ਨੂੰ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤਾਂ ਕਿ ਉਨ੍ਹਾਂ ਦੇ ਸ਼ੰਕੇ ਦੂਰ ਕੀਤੇ ਜਾ ਸਕਣ।

ਕਿਸਾਨ ਆਗੂਆਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਅਤੇ ਇਨ੍ਹਾਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਉਹ ਇੱਕ ਵੈੱਬ ਕਾਨਫ਼ਰੰਸ ਕਰਨਗੇ। ਇਹ ਵੈੱਬੀਨਾਰ ਵੀਡੀਓ ਕਾਨਫ਼ਰੰਸ ਪਲੇਟਫ਼ਾਰਮ ਜ਼ੂਮ ’ਤੇ ਵੀਰਵਾਰ ਦੁਪਹਿਰ ਨੂੰ ਕਰਵਾਇਆ ਜਾਵੇਗਾ, ਅਤੇ ਇਹ ਲਿੰਕ ’ਤੇ ਪਹਿਲਾਂ ਰਜਿਸਟਰ ਕਰਨ ਵਾਲੇ ‘10,000 ਲੋਕਾਂ’ ਲਈ ਖੁੱਲ੍ਹਾ ਰਹੇਗਾ। ਲਿੰਕ ਨੂੰ ਛੇਤੀ ਹੀ ਜਾਰੀ ਕੀਤਾ ਜਾਵੇਗਾ। ਜੋ ਲੋਕ ਪਹਿਲੇ 10 ਹਜ਼ਾਰ ’ਚ ਸ਼ਾਮਲ ਨਹੀਂ ਹੋ ਸਕਣਗੇ ਉਨ੍ਹਾਂ ਲਈ ਇਸ ਦੀ ਰਿਕਾਰਡਿੰਗ ਸੋਸ਼ਲ ਮੀਡੀਆ ਮੰਚਾਂ ’ਤੇ ਮੁਹੱਈਆ ਕਰਵਾਈ ਜਾਵੇਗੀ।

ਸਿੰਘੂ ਬਾਰਡਰ ’ਤੇ ਪ੍ਰੈੱਸ ਕਾਨਫ਼ਰੰਸ ਦੌਰਾਨ ਸੋਸ਼ਲ ਮੀਡੀਆ ਸੈੱਲ ਦੇ ਮੁਖੀ ਅਤੇ ਮਾਝਾ ਕਿਸਾਨ ਕਮੇਟੀ ਦੇ ਉਪ ਪ੍ਰਧਾਨ ਬਲਜੀਤ ਸਿੰਘ ਸੰਧੂ ਨੇ ਕਿਹਾ, ‘ਸੀਨੀਅਰ ਕਿਸਾਨ ਯੂਨੀਅਨ ਲੀਡਰ ਜੋ ਕਿ ਮੁਹਿੰਮ ਦੇ ਪ੍ਰਮੁੱਖ ਮੈਂਬਰ ਹਨ, ਇਸ ਵੈੱਬੀਨਾਰ ਦੌਰਾਨ ਹਰ ਸਵਾਲ ਦਾ ਜਵਾਬ ਦੇਣਗੇ-ਭਾਵੇਂ ਉਹ ਖੇਤੀ ਕਾਨੂੰਨਾਂ ਬਾਰੇ ਹੋਣ ਜਾਂ ਚਲ ਰਹੇ ਪ੍ਰਦਰਸ਼ਨ ਬਾਰੇ।’

ਸੰਧੂ ਨੇ ਅਦਾਕਾਰਾ ਕੰਗਨਾ ਰਨੌਤ, ਮੁਕੇਸ਼ ਖੰਨਾ ਅਤੇ ਪਾਇਲ ਰੋਹਤਗੀ ਵਰਗਿਆਂ ਨੂੰ ਵੀ ਇਸ ਵੈੱਬੀਨਾਰ ਦਾ ਹਿੱਸਾ ਬਣਨ ਲਈ ਕਿਹਾ ਜੋ ਕਿਸਾਨਾਂ ਦੇ ਪ੍ਰਦਰਸ਼ਨ ਵਿਰੁੱਧ ਸਰਗਰਮੀ ਨਾਲ ਆਵਾਜ਼ ਚੁੱਕ ਰਹੇ ਹਨ। ਕਿਸਾਨ ਏਕਤਾ ਮੰਚ ਸੋਸ਼ਲ ਮੀਡੀਆ ਅਕਾਊਂਟ ਹੈ ਜੋ ਕਿਸਾਨ ਪ੍ਰਦਰਸ਼ਨ ਬਾਰੇ ਜਾਣਕਾਰੀ, ਕਿਸਾਨ ਆਗੂਆਂ ਦੇ ਭਾਸ਼ਣ ਅਤੇ ਕੇਂਦਰ ਵੱਲੋਂ ਫੈਲਾਏ ਜਾ ਰਹੇ ‘ਪ੍ਰਾਪੇਗੰਡਾ’ ਦਾ ਜਵਾਬ ਦਿੰਦਾ ਹੈ।