India

HAL ਨੇ ਤਿਆਰ ਕੀਤੇ ਦੁਸ਼ਮਣਾਂ ਨੂੰ ਮਾਤ ਪਾਉਣ ਵਾਲੇ ਹਲਕੇ ਲੜਾਕੂ ਹੈਲੀਕਾਪਟਰ

‘ਦ ਖ਼ਾਲਸ ਬਿਊਰੋ:- ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਵੱਲੋਂ ਤਿਆਰ ਕੀਤੇ ਗਏ ਦੋ ਹਲਕੇ ਲੜਾਕੂ ਹੈਲੀਕਾਪਟਰ ਉੱਚੀ ਚੋਟੀਆਂ (ਲੇਹ ਸੈਕਟਰ) ’ਤੇ ਕਾਰਵਾਈ ਲਈ ਤਾਇਨਾਤ ਕੀਤੇ ਗਏ ਹਨ। ਸਰਹੱਦ ’ਤੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਭਾਰਤੀ ਹਵਾਈ ਸੈਨਾ ਦੇ ਮਿਸ਼ਨ ਨੂੰ ਹਮਾਇਤ ਦੇਣ ਲਈ ਇਹ ਹੈਲੀਕਾਪਟਰ ਭੇਜੇ ਗਏ ਹਨ।

HAL ਦੇ CMD ਆਰ ਮਾਧਵਨ ਨੇ ਦੱਸਿਆ ਕਿ,‘‘ਇਹ ਦੁਨੀਆ ਦੇ ਸਭ ਤੋਂ ਹਲਕੇ ਲੜਾਕੂ ਹੈਲੀਕਾਪਟਰ ਹਨ ਜਿਨ੍ਹਾਂ ਨੂੰ HAL ਵੱਲੋਂ ਭਾਰਤੀ ਫ਼ੌਜ ਦੀਆਂ ਖਾਸ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਕਸਤ ਕੀਤਾ ਗਿਆ ਹੈ। ਆਤਮ ਨਿਰਭਰ ਭਾਰਤ ’ਚ HAL ਦੀ ਅਹਿਮ ਭੂਮਿਕਾ ਦਿਖਾਈ ਦਿੰਦੀ ਹੈ।’’ ਕੰਪਨੀ ਨੇ ਕਿਹਾ ਕਿ ਵਾਈਸ ਚੀਫ਼ ਆਫ਼ ਏਅਰ ਸਟਾਫ਼ ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ HAL ਦੇ ਪਾਇਲਟ ਵਿੰਗ ਕਮਾਂਡਰ (ਸੇਵਾਮੁਕਤ) ਸੁਭਾਸ਼ ਪੀ ਜੌਹਨ ਨਾਲ ਉੱਚੀ ਚੋਟੀ ਤੋਂ ਸਰਹੱਦ ਦੀਆਂ ਮੂਹਰਲੀਆਂ ਚੌਂਕੀਆਂ ’ਤੇ ਹਮਲੇ ਦਾ ਅਭਿਆਸ ਕੀਤਾ। ਇਸ ਮਗਰੋਂ ਖਿੱਤੇ ਦੇ ਸਭ ਤੋਂ ਜ਼ਿਆਦਾ ਜੋਖ਼ਮ ਵਾਲੇ ਹੈਲੀਪੈਡ ’ਤੇ ਹੈਲੀਕਾਪਟਰ ਨੂੰ ਉਤਾਰਿਆ ਗਿਆ।

ਹਲਕੇ ਲੜਾਕੂ ਹੈਲੀਕਾਪਟਰ ’ਚ ਲੱਗੇ ਹਥਿਆਰ ਦਿਨ ਜਾਂ ਰਾਤ ਸਮੇਂ ਕਿਸੇ ਵੀ ਤਰ੍ਹਾਂ ਦੇ ਨਿਸ਼ਾਨੇ ਨੂੰ ਫੁੰਡ ਸਕਦੇ ਹਨ। HAL ਨੇ ਕਿਹਾ ਕਿ ਭਾਰਤੀ ਹਵਾਈ ਅਤੇ ਥਲ ਸੈਨਾ ਨੂੰ ਅਜਿਹੇ ਕਰੀਬ 160 ਹਲਕੇ ਲੜਾਕੂ ਹੈਲੀਕਾਪਟਰਾਂ ਦੀ ਲੋੜ ਹੈ। ਰੱਖਿਆ ਉਪਕਰਨ ਖ਼ਰੀਦਣ ਵਾਲੀ ਪ੍ਰੀਸ਼ਦ ਨੇ ਪਹਿਲੇ ਬੈਚ ’ਚ ਅਜਿਹੇ 15 ਹਲਕੇ ਲੜਾਕੂ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ।