‘ਦ ਖ਼ਾਲਸ ਬਿਊਰੋ :- ਖੇਤੀ ਬਿੱਲਾਂ ਦੇ ਵਿਰੋਧ ‘ਚ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਆਗੂਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਸ਼ੁਰੂ ਕਰਦਿਆਂ ਚੰਡੀਗੜ੍ਹ ਪਹੰਚਣਾ ਸੀ, ਪਰ ਚੰਡੀਗੜ੍ਹ ਪੁਲੀਸ ਤੇ ਅਕਾਲੀ ਆਗੂਆਂ ਵਿਚਾਲੇ ਕੱਲ੍ਹ ਪੰਜਾਬ ਦੀ ਹੱਦ ’ਤੇ ਦੋ ਥਾਈਂ ਜ਼ੀਰਕਪੁਰ ਤੇ ਮੁੱਲਾਂਪੁਰ ਵਾਲੇ ਪਾਸੇ ਜਬਰਦਸਤ ਝੜਪਾਂ ਹੋਈਆਂ। ਪੁਲੀਸ ਨੇ ਇਸ ਦੌਰਾਨ ਅਕਾਲੀ ਵਰਕਰਾਂ ’ਤੇ ਹਲਕਾ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੋਛਾੜਾਂ ਦੀ ਵੀ ਵਰਤੋਂ ਕੀਤੀ, ਅਤੇ ਸੁਖਬੀਰ ਬਾਦਲ ਤੇ ਹੋਰ ਸੀਨੀਅਰ ਆਗੂਆਂ ਨੂੰ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਦੋਵੇਂ ਪਾਸੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਹੋਈ ਸੀ। ਪੁਲੀਸ ਦੀ ਕਾਰਵਾਈ ਤੋਂ ਬਾਅਦ ਅਕਾਲੀਆਂ ਨੇ ਮੋਦੀ ਸਰਕਾਰ ’ਤੇ ਵੀ ਨਿਸ਼ਾਨਾ ਸੇਧਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਵਿਰੁੱਧ ਸ਼੍ਰੀ ਅਕਾਲ ਤਖਤ, ਕੇਸਗੜ੍ਹ ਸਾਹਿਬ ਤੇ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਏ ਮਾਰਚਾਂ ਦੇ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਯੂਟੀ ਪੁਲੀਸ ਨੇ ਪੰਜਾਬ ਪੁਲੀਸ ਦੀ ਮਦਦ ਨਾਲ ਚੰਡੀਗੜ੍ਹ ਨਾਲ ਲੱਗਦੀ ਹੱਦ ਨੂੰ ਸਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਸੀ। ਸੁਖਬੀਰ ਬਾਦਲ ਦੇ ਨਾਲ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਤੇ ਬਿਕਰਮ ਸਿੰਘ ਮਜੀਠੀਆ ਤੇ ਹੋਰ ਆਗੂ ਵੀ ਸਨ। ਤਿੰਨਾਂ ਤਖ਼ਤਾਂ ਤੋਂ ਸ਼ੁਰੂ ਹੋਇਆ ਮਾਰਚ ਦੇਰ ਸ਼ਾਮ ਪੌਣੇ ਨੌਂ ਵਜੇ ਦੇ ਕਰੀਬ ਚੰਡੀਗੜ੍ਹ ਦੀ ਹੱਦ ’ਤੇ ਪਹੁੰਚਿਆ। ਜ਼ੀਰਕਪੁਰ ਵਾਲੇ ਪਾਸੇ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠਲੇ ਵਫ਼ਦ ਦੀ ਯੂਟੀ ਪੁਲੀਸ ਦੇ ਅਫਸਰਾਂ ਤੇ ਮੁਲਾਜ਼ਮਾਂ ਨਾਲ ਬਹਿਸ ਚੱਲਦੀ ਰਹੀ ਤੇ ਅਕਾਲੀਆਂ ਵੱਲੋਂ ਚੰਡੀਗੜ੍ਹ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ।

ਸ੍ਰੀਮਤੀ ਬਾਦਲ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੇ ਹੋਰ ਆਗੂ ਜ਼ੀਕਰਪੁਰ ਵਿੱਚ ਸੜਕ ’ਤੇ ਹੀ ਧਰਨਾ ਮਾਰ ਕੇ ਬੈਠ ਗਏ। ਅਕਾਲੀ ਆਗੂਆਂ ਤੇ ਪੁਲੀਸ ਅਫ਼ਸਰਾਂ ਦਰਮਿਆਨ ਤਿੱਖੀ ਬਹਿਸ ਤੋਂ ਬਾਅਦ ਪੁਲੀਸ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਭੂੰਦੜ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਹਿਰਾਸਤ ’ਚ ਲੈ ਲਿਆ ਤੇ ਉਸ ਤੋਂ ਬਾਅਦ ਅਕਾਲੀ ਵਰਕਰਾਂ ਨੇ ਜਦੋਂ ਪੁਲੀਸ ਵੱਲੋਂ ਲਾਏ ਗਏ ਬੈਰੀਕੇਡ ਤੋੜ ਦਿੱਤੇ ਤਾਂ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਅਕਾਲੀ ਦਲ ਦੀਆਂ ਮਹਿਲਾ ਆਗੂ ਵੀ ਪੁਲੀਸ ਦੇ ਲਾਠੀਚਾਰਜ ਦਾ ਸ਼ਿਕਾਰ ਹੋਈਆਂ।

ਸੁਖਬੀਰ ਸਿੰਘ ਬਾਦਲ ਨੇ ਵੀ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਦੋਂ ਕਿਸਾਨਾਂ ਖ਼ਿਲਾਫ਼ ਕਾਨੂੰਨ ਲਿਆਂਦੇ ਤਾਂ ਪਾਰਟੀ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ ਤੇ NDA ’ਚੋਂ ਵਾਪਸ ਆਉਣ ਦਾ ਫੈਸਲਾ ਵੀ ਕੀਤਾ। ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਮੋਦੀ ਸਰਕਾਰ ਨਾਲ ਰਲੇ ਹੋਣ ਦੇ ਦੋਸ਼ ਲਾਏ। ਅਮਰਿੰਦਰ ਸਿੰਘ ’ਤੇ ਵੀ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਨ ਦੇ ਦੋਸ਼ ਲਾਏ। ਸ਼੍ਰੀ ਬਾਦਲ ਨੇ ਕਿਹਾ ਕਿ ਕਿਸੇ ਵੀ ਕਾਰਪੋਰੇਟ ਜਾਂ ਕੰਪਨੀ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਜਾਂ ਜਿਣਸਾਂ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਅਕਾਲੀਆਂ ਦੇ ਮਾਰਚ ਵਿੱਚ ਕੇਸਰੀ ਤੇ ਹਰੇ ਝੰਡੇ ਲਹਿਰਾਏ ਜਾ ਰਹੇ ਸਨ, ਤਾਂ ਜੋ ਕਿਸਾਨਾਂ ਦੇ ਹਿੱਤਾਂ ਦੀ ਗੱਲ ਨੂੰ ਉਭਾਰਿਆ ਜਾ ਸਕੇ। ਸੁਖਬੀਰ ਸਿੰਘ ਬਾਦਲ ਨੇ ਰਾਤੀਂ ਦਸ ਵਜੇ ਸੜਕ ’ਤੇ ਧਰਨਾ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਜਿੰਨੀ ਦੇਰ ਰਾਜਪਾਲ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦੇਣ ਜਾਣ ਨਹੀਂ ਦਿੱਤਾ ਜਾਂਦਾ ਓਨੀ ਦੇਰ ਤੱਕ ਧਰਨਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *