Punjab

ਲੱਖੋਵਾਲ ਨੇ ਸੁਪਰੀਮ ਕੋਰਟ ਜਾਣ ਦੀ ਗਲਤੀ ਨੂੰ ਕਬੂਲਦਿਆਂ ਅਹੁਦੇ ਤੋਂ ਦਿੱਤਾ ਅਸਤੀਫ਼ਾ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵੱਲੋਂ ਪੰਜਾਬ ‘ਚ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਬੀਕੇਯੂ ਲੱਖੋਵਾਲ ਵੱਲੋਂ ਸੁਪਰੀਮ ਕੋਰਟ ਜਾਣ ਦੇ ਕਾਹਲੀ ’ਚ ਲਏ ਫੈਸਲੇ ਨੇ ਕਿਸਾਨੀ ’ਚ ਚੰਗਾ ਆਧਾਰ ਰੱਖਣ ਵਾਲੇ ਅਜਮੇਰ ਸਿੰਘ ਲੱਖੋਵਾਲ ਦੇ ਕਿਸਾਨ ਧੜੇ ਨੂੰ ਜਿੱਥੇ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਤੇ ਆਮ ਕਿਸਾਨਾਂ ਦੇ ਦਿਲੋਂ ਉਤਾਰ ਕੇ ਰੱਖ ਦਿੱਤਾ ਹੈ, ਉਥੇ ਹੀ ਪਾਰਟੀ ਅੰਦਰਲੀ ਬਗ਼ਾਬਤ ਦੇ ਵਿਸਫੋਟ ਨੇ ਜਥੇਬੰਦੀ ਦੇ ਪੈਰ ਉਖਾੜ ਕੇ ਰੱਖ ਦਿੱਤੇ ਹਨ। ਹਾਲ ਦੀ ਘੜੀ ਦੋਵੇਂ ਜ਼ਿਲ੍ਹਿਆਂ ਦੇ ਬਾਗੀ ਆਗੂਆਂ ਨੂੰ ਪਲੋਸ ਕੇ ਘਰ ਵਾਪਸੀ ਕਰਵਾਏ ਜਾਣ ਲਈ ਆਰੰਭੇ ਯਤਨਾਂ ਨੂੰ ਬੂਰ ਪੈਂਦਾ ਵਿਖਾਈ ਨਹੀਂ ਦੇ ਰਿਹਾ।

ਦੱਸਣਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੋਵੇਂ ਇਸ ਗੱਲੋਂ ਨਰਾਜ਼ ਸਨ ਕਿ ਜਥੇਬੰਦੀ ਦੀ ਸੂਬਾਈ ਟੀਮ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਜਾਣ ਲਈ ਨਾ ਤਾਂ 30 ਕਿਸਾਨ ਜਥੇਬੰਦੀਆਂ ਨੂੰ ਭਰੋਸੇ ’ਚ ਲਿਆ ਤੇ ਨਾ ਹੀ ਜ਼ਿਲ੍ਹਾ ਕਮੇਟੀਆਂ ਤੋਂ ਇਸ ਬਾਰੇ ਕੋਈ ਰਾਇ ਮੰਗੀ। ਸੂਤਰਾਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕੱਲ੍ਹ ਖੁਦ ਅਸਤੀਫ਼ਾ ਦੇਣ ਦੇ ਬਾਵਜੂਦ ਬਾਗ਼ੀ ਆਗੂਆਂ ਕੋਲੋਂ ਆਪਣੀਆਂ ਭੁੱਲਾਂ ਦੀ ਖ਼ਿਮਾ ਮੰਗਦਿਆਂ ਨਾਲ ਚੱਲਣ ਦੀਆਂ ਕੱਢੀਆਂ ਲੇਲ੍ਹੜੀਆਂ ਦੇ ਬਾਵਜੂਦ ਸੰਗਰੂਰ ਦੇ ਸਾਰੇ ਪ੍ਰਮੁੱਖ ਆਗੂਆਂ ਨੇ ਨਾਂਹ ’ਚ ਸਿਰ ਮਾਰ ਦਿੱਤਾ ਤੇ 10 ਅਕਤੂਬ ਦੀ ਲੁਧਿਆਣਾ ਮੀਟਿੰਗ ’ਚ ਸ਼ਾਮਲ ਹੋਣ ਤੋਂ ਜਵਾਬ ਦੇ ਦਿੱਤਾ ਹੈ।

ਬੀਕੇਯੂ ਲੱਖੋਵਾਲ ਦੇ ਸਾਬਕਾ ਜ਼ਿਲ੍ਹਾ ਪ੍ਰੈਸ ਸਕੱਤਰ ਜਰਨੈਲ ਸਿੰਘ ਜਹਾਂਗੀਰ ਤੇ ਜ਼ਿਲ੍ਹਾ ਕਮੇਟੀ ਮੈਂਬਰ ਨਿਰਮਲ ਸਿੰਘ ਘਨੌਰ ਨੇ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਵੱਲੋਂ ਆਗੂਆਂ ਨੂੰ ਮਨਾਏ ਜਾਣ ਲਈ ਮੋਬਾਈਲ ਫੋਨ ਰਾਹੀਂ ਕੀਤੇ ਸੰਪਰਕ ਦੀ ਪੁਸ਼ਟੀ ਕੀਤੀ। ਉਨ੍ਹਾਂ ਮੰਨਿਆਂ ਕਿ ਜ਼ਿਲ੍ਹੇ ਦੇ ਆਗੂਆਂ ਨੇ ਆਪਣੇ ਫੈਸਲੇ ਤੋਂ ਵਾਪਸ ਮੁੜਨ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਿਸਾਨ ਯੂਨੀਅਨ ਲੱਖੋਵਾਲ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਹਾਲ ਹੀ ਵਿੱਚ ਬਣਾਏ ਖੇਤੀ ਕਾਨੂੰਨਾਂ ਨੂੰ ਮਨਸੂਖ ਕੀਤਾ ਜਾਵੇ ਜਿਸ ਤੋਂ ਬਾਅਦ ਜਥੇਬੰਦੀ ਦੀਆਂ ਜ਼ਿਲ੍ਹਾ ਇਕਾਈਆਂ ਨੇ ਆਪਣੀ ਜਥੇਬੰਦੀ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ ਤੇ ਵਰਕਰ ਧੜਾਧੜ ਅਸਤੀਫੇ ਦੇ ਰਹੇ ਹਨ।

ਗਲਤੀ ਕਬੂਲਦਿਆਂ ਅਹੁਦੇ ਤੋਂ ਅਸਤੀਫ਼ਾ ਦਿੱਤਾ

ਬੀਕੇਯੂ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਉਨ੍ਹਾਂ ਆਪਣੇ ਕੇਡਰ ਨੂੰ ਵਿਸ਼ਵਾਸ ’ਚ ਲਏ ਬਿਨਾਂ ਸੁਪਰੀਮ ਕੋਰਟ ਜਾਣ ਦੀ ਗਲਤੀ ਕਬੂਲ ਕਰਦਿਆਂ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਸੁਪਰੀਮ ਕੋਰਟ ’ਚ ਕੇਸ ਵਾਪਸ ਲੈਣ ਤੇ ਅਸਲ ਕਾਗਜ਼ ਪੱਤਰ ਕੱਲ੍ਹ ਹੀ ਦਿੱਲੀ ਤੋਂ ਵਾਪਸ ਲਿਆਉਣ ਦਾ ਖੁਲਾਸਾ ਵੀ ਕੀਤਾ।