Punjab

ਕੋਟਕਪੂਰਾ ਗੋਲੀ ਕਾਂਡ:- SP ਬਲਜੀਤ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਕੱਢੇ, 2 ਵਾਰ ਸੰਮਨ ਭੇਜਣ ‘ਤੇ ਵੀ ਨਹੀਂ ਹੋਇਆ ਸੀ ਪੇਸ਼

‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨਾਲ ਸਬੰਧਤ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਅੱਜ ਫਰੀਦਕੋਟ ਅਦਾਲਤ ਨੇ ਤਤਕਾਲੀ SP ਬਲਜੀਤ ਸਿੰਘ ਸਿੱਧੂ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਹਨ। ਇਹ ਵਾਰੰਟ SIT ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਅਰਜ਼ੀ ’ਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਗਏ ਹਨ।

ਹੁਣ ਪੰਜਾਬ ਪੁਲਿਸ ਕਿਸੇ ਵੀ ਸਮੇਂ SP ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਸਕਦੀ ਹੈ, ਜਾਣਕਾਰੀ ਮੁਤਾਬਿਕ SIT ਦੀ ਵਿਸ਼ੇਸ਼ ਜਾਂਚ ਟੀਮ ਨੇ SP ਬਲਜੀਤ ਸਿੰਘ ਨੂੰ ਦੋ ਵਾਰੀ ਪੁੱਛ-ਗਿੱਛ ਲਈ ਬੁਲਾਇਆ ਸੀ ਪਰ ਉਹ ਨਹੀਂ ਪਹੁੰਚੇ। ਜਿਸ ਤੋਂ ਬਾਅਦ ਜਾਂਚ ਟੀਮ ਨੇ ਅਦਾਲਤ ਵਿੱਚ ਬਲਜੀਤ ਸਿੰਘ ਨੂੰ ਕਾਬੂ ਕਰਨ ਲਈ ਗ੍ਰਿਫ਼ਤਾਰੀ ਵਾਰੰਟਾਂ ਦੀ ਮੰਗ ਕੀਤੀ ਸੀ।

 

SHO ਗੁਰਦੀਪ ਪੰਧੇਰ ਪਹਿਲਾਂ ਤੋਂ ਨਿਆਂਇਕ ਹਿਰਾਸਤ ਵਿੱਚ ਚੱਲ ਰਿਹਾ ਹੈ, ਜਿਸ ਤੋਂ ਬਾਅਦ SIT ਵੱਲ਼ੋਂ ਕੀਤੀ ਜਾਂਚ ਦੌਰਾਨ ਧਾਰਾਵਾਂ ਵਿੱਚ ਵਾਧਾ ਕੀਤਾ ਗਿਆ। SHO ਗੁਰਦੀਪ ਪੰਧੇਰ ਵੱਲੋਂ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ ਜਿਸ ਨੂੰ ਫਰੀਦਕੋਟ ਅਦਾਲਤ ਨੇ 13 ਜੁਲਾਈ ਨੂੰ ਰੱਦ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀ ਕਾਂਡ ‘ਚ ਤਤਕਾਲੀ SSP ਸੁਖਮਿੰਦਰ ਸਿੰਘ ਮਾਨ ਨੂੰ ਵੀ ਦੋ ਵਾਰ ਸੰਮਨ ਜਾਰੀ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਹ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ।