India Khaas Lekh Punjab

‘ਡਿਜੀਟਲ ਇੰਡੀਆ’ ਦਾ ‘ਡਿਜੀਟਲ ਕਿਸਾਨ ਮੋਰਚਾ’, Website ਤੋਂ ਲੈ ਕੇ ਸੋਸ਼ਲ ਮੀਡੀਆ, ਹਰ ਪਲੇਟਫਾਰਮ ’ਤੇ ਡਟੇ ਕਿਸਾਨ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਮੇਸ਼ਾ ਡਿਜੀਟਲ ਇੰਡੀਆ ਦੀ ਗੱਲਬਾਤ ਕਰਦੇ ਹਨ। ਇਸ ਲਈ ਸਾਡੇ ਕਿਸਾਨ ਵੀ ਸਰਕਾਰ ਤਕ ਆਪਣੀ ਗੱਲ ਪਹੁੰਚਾਉਣ ਲਈ ਡਿਜੀਟਲ ਪਲੇਟਫਾਰਮ ਦਾ ਇਸਤੇਮਾਲ ਕਰ ਰਹੇ ਹਨ। ਅੰਦੋਲਨ ਕਰ ਰਹੇ ਕਿਸਾਨਾਂ ਨੇ ਹੁਣ ਡਿਜੀਟਲ ਕਿਸਾਨ ਮੋਰਚਾ ਦੀ ਸ਼ੁਰੂਆਤ ਕਰਦਿਆਂ ਆਪਣਾ ਇੱਕ ਆਈਟੀ ਸੈਲ ਸਥਾਪਿਤ ਕੀਤਾ ਹੈ। ਇਸ ਦੇ ਤਹਿਤ ‘ਕਿਸਾਨ ਏਕਤਾ ਮੋਰਚਾ’ ਨਾਂ ਹੇਠ ਹਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਖ਼ਾਤੇ ਬਣਾ ਕੇ ਕਿਸਾਨਾਂ ਦੀ ਗੱਲ ਨੂੰ ਲੋਕਾਈ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਇੱਕ ਵੈਬਸਾਈਟ ਵੀ ਤਿਆਰ ਕੀਤੀ ਗਈ ਹੈ। ਇਸ ਵੈਬਸਾਈਟ ਤੋਂ ਕਿਸਾਨਾਂ ਦਾ ਅਖ਼ਬਾਰ ਟਰਾਲੀ ਟਾਈਮਜ਼ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। 

ਇੱਕ ਪਾਸੇ ਜਿੱਥੇ ਕਿਸਾਨ ਕੇਂਦਰ ਸਰਕਾਰ ਵਿਰੁੱਧ ਜ਼ਮੀਨੀ ਪੱਧਰ ‘ਤੇ ਡਟ ਕੇ ਮੁਕਾਬਲ ਕਰ ਰਹੇ ਹਨ, ਉੱਥੇ ਹੀ ਸੋਸ਼ਲ ਮੀਡੀਆ ਫ਼ੇਸਬੁੱਕ, ਟਵਿੱਟਰ, ਇੰਸਟਗ੍ਰਾਮ ਤੇ ਯੂਟਿਊਬ ‘ਤੇ ਵੀ ਪੰਜਾਬੀ ਨੌਜਵਾਨ ਆਪਣੇ ਹੱਕਾਂ ਦੀ ਆਵਾਜ਼ ਨੂੰ ਚੰਗੀ ਤਰ੍ਹਾਂ ਪੂਰੀ ਦੁਨੀਆਂ ਅੱਗੇ ਪੇਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ ਨੂੰ ਵੀ ਚੰਗਾ ਜਵਾਬ ਦਿੱਤਾ ਜਾ ਰਿਹਾ ਹੈ।

ਨੌਜਵਾਨ ਕਿਸਾਨਾਂ ਦੀ ਹਰ ਪੱਖੋਂ ਮਦਦ ਕਰ ਰਹੇ ਹਨ। ਡਿਜੀਟਲ ਪਲੇਟਫਾਰਮਾਂ ਦੇ ਨਾਲ-ਨਾਲ ਕਿਸਾਨਾਂ ਵੱਲੋਂ ‘ਟਰਾਲੀ ਟਾਈਮਜ਼’ ਨਾਂ ਦਾ ਇੱਕ ਅਖ਼ਬਾਰ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਕਿਸਾਨ ਤੇ ਆਮ ਲੋਕ ਆਪਣੀਆਂ ਲਿਖਤਾਂ ਸਾਂਝੀਆਂ ਕਰ ਸਕਦੇ ਹਨ। ਇਸ ਅਖ਼ਬਾਰ ਵਿੱਚ ਫਿਲਹਾਲ ਪੰਜਾਬੀ ਤੇ ਹਿੰਦੀ ਵਿੱਚ ਲਿਖਤਾਂ ਛਾਪੀਆਂ ਜਾ ਰਹੀਆਂ ਹਨ।

ਇਸ ਮੁਹਿੰਮ ਦੇ ਤਹਿਤ ਹੁਣ ਸੋਸ਼ਲ ਮੀਡੀਆ ਪਲੇਟਫ਼ਾਰਮਸ ਰਾਹੀਂ 1 ਕਰੋੜ ਲੋਕਾਂ ਨਾਲ ਜੋੜਨ ਦੀ ਯੋਜਨਾ ਬਣਾਈ ਗਈ ਹੈ। ਡਿਜ਼ੀਟਲ ਪਲੇਟਫਾਰਮ ਰਾਹੀਂ ਲੋਕਾਂ ਤਕ ਕਿਸਾਨੀ ਅੰਦੋਲਨ ਦੀ ਹਰ ਜਾਣਕਾਰੀ ਪਹੁੰਚਾਈ ਜਾਵੇਗੀ। ਇਸ ਦੇ ਲਈ #KisanEktaMorcha #DigitalKisan #DigitalKisanMorcha ਹੈਸ਼ਟੈਗ ਵਰਤੇ ਜਾਣਗੇ। ਫ਼ੇਸਬੁੱਕ, ਇੰਸਟਾਗ੍ਰਾਮ, ਟਵਿੱਟਰ, ਯੂਟਿਊਬ ‘ਤੇ ਵੀ @Kisanektamorcha ਦੇ ਅਕਾਊਂਟ ਬਣਾਏ ਗਏ ਹਨ।

ਕਿਸਾਨ ਏਕਤਾ ਮੋਰਚਾ ਪਲੇਟਫਾਰਮਾਂ ’ਤੇ ਕਿਸਾਨ ਮੋਰਚੇ ਦੀ ਹਰ ਅਪਡੇਟ ਸਾਂਝੀ ਕੀਤੀ ਜਾਂਦੀ ਹੈ। ਕਿਸਾਨਾਂ ਨੇ ਇਸ ਸਬੰਧੀ ਵੈਬਸਾਈਟ ਵੀ ਲਾਂਚ ਕੀਤੀ ਹੈ। ਇੱਥੇ ਫੋਟੋਆਂ, ਵੀਡੀਓ, ਕਵਿਤਾਵਾਂ, ਲੇਖ ਆਦਿ ਅਪਲੋਡ ਅਤੇ ਡਾਊਨਲੋਡ ਵੀ ਕੀਤੇ ਜਾ ਸਕਦੇ ਹਨ।

ਦੇਸ਼ ਦੇ ਕਿਸੇ ਵੀ ਹਿੱਸੇ ‘ਚ ਲੱਗਣ ਵਾਲੇ ਹਰੇਕ ਧਰਨੇ ਦੀ ਲਾਈਵ ਕਵਰੇਜ਼ ਇਨ੍ਹਾਂ ਪੇਜ਼ਾਂ ‘ਤੇ ਦਿੱਤੀ ਜਾਵੇਗੀ। ਇਨ੍ਹਾਂ ਪੇਜ਼ਾਂ ਤੋਂ ਸਾਰੀ ਕਵਰੇਜ਼ ਲਈ ਜਾ ਸਕਦੀ ਹੈ। ਸਰਕਾਰ ਦੀਆਂ ਗੱਲਾਂ ਦਾ ਜਵਾਬ ਇਨ੍ਹਾਂ ਪਲੇਟਫਾਰਮਾਂ ਤੋਂ ਦਿੱਤਾ ਜਾਵੇਗਾ। ਬੀਜੇਪੀ ਦੇ IT ਸੈੱਲ ਅਤੇ ਹੋਰ ਕੋਈ ਵੀ ਇਸ ਅੰਦੋਲਨ ਨੂੰ ਬਦਨਾਮ ਕਰੇਗਾ ਤਾਂ ਇਸ ਪਲੇਟਫਾਰਮ ਤੋਂ ਜਵਾਬ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਫੇਸਬੁੱਕ ਤੇ ਯੂਟਿਊਬ ਦੇ ਕਿਸਾਨ ਏਕਤਾ ਮੋਰਚਾ ਪੇਜ ਤੋਂ ਰੋਜ਼ਾਨਾ 6 ਤੋਂ 7 ਵਜੇ ਇੱਕ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਨਾਂ ‘ਸਿੱਧੀ ਗੱਲ, ਮੋਦੀ ਜੀ ਕੱਢੋ ਸਾਡਾ ਹੱਲ’ ਰੱਖਿਆ ਗਿਆ ਹੈ।

ਪ੍ਰਧਾਨ ਮੰਤਰੀ ਹਮੇਸ਼ਾ ਦੇਸ਼ ਵਾਸੀਆਂ ਨੂੰ ਡਿਜੀਟਲ ਇੰਡੀਆ ਬਾਰੇ ਜਾਗਰੂਕ ਕਰਦੇ ਰਹਿੰਦੇ ਹਨ। ਦਿੱਲੀ ਵਿੱਚ ਮੋਰਚਾ ਲੱਗਣ ਤੋਂ ਪਹਿਲਾਂ ਜ਼ਿਆਦਾਤਰ ਪੰਜਾਬੀ ਫੇਸਬੁੱਕ ਚਲਾਉਂਦੇ ਸਨ। ਪਰ ਜਦੋਂ ਮੋਦੀ ਸਮਰਥਕਾਂ ਵੱਲੋਂ ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਿਸਾਨ ਅੰਦੋਲਨ ਨੂੰ ਲੈ ਕੇ ਕੂੜ ਪ੍ਰਚਾਰ ਹੋਣ ਲੱਗਾਂ ਤਾਂ ਸੋਸ਼ਲ ਮੀਡੀਆ ਦੀ ਅਹਿਮੀਅਤ ਸਮਝਦਿਆਂ ਕਿਸਾਨਾਂ ਦੀ ਆਵਾਜ਼ ਬਣ ਕੇ ਨੌਜਵਾਨ ਵਰਗ ਅੱਗੇ ਆਇਆ ਅਤੇ ਕਿਸਾਨੀ ਮੋਰਚੇ ਸਬੰਧੀ ਡਿਜੀਟਲ ਮੁਹਿੰਮ ਦੀ ਸ਼ੁਰੂਆਤ ਕੀਤੀ।

ਕਿਸਾਨ ਅੰਦੋਲਨ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਟੱਕਰ ਦੇਣ ਲਈ ਲੱਖਾਂ ਪੰਜਾਬੀਆਂ ਨੇ ਪਿਛਲੇ 22 ਦਿਨਾਂ ‘ਚ ਆਪਣੇ ਟਵਿੱਟਰ ਅਕਾਊਂਟ ਖੋਲ੍ਹ ਲਏ ਹਨ। ਹੁਣ ਅੰਦੋਲਨ ਵਿਰੁੱਧ ਕੂੜ ਪ੍ਰਚਾਰ ਕਰਨ ਵਾਲਿਆਂ ਦੀ ਰੱਜ ਕੇ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾ ‘ਚ ਝਾੜ-ਝੰਬ ਕੀਤੀ ਜਾ ਰਹੀ ਹੈ।

ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਤੇ ਕਿਸਾਨ ਸਮਰਥਕਾਂ ਵੱਲੋ ਵੀ ਇਸ ਮੁਹਿੰਮ ‘ਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਦਿਨ ਵੇਲੇ ਪੰਜਾਬੀ ਸਾਰਾ ਟਾਈਮ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਹੈਸ਼ਟੈਗ ਟਰੈਂਡ ਕਰਵਾਉਂਦੇ ਹਨ ਅਤੇ ਰਾਤ ਨੂੰ ਬਾਹਰਲੇ ਮੁਲਕਾਂ ਵਿੱਚ ਬੈਠੇ ਭਾਰਤੀ ਟਵਿੱਟਰ ’ਤੇ ਮੋਰਚਾ ਸਾਂਭ ਲੈਂਦੇ ਹਨ। ਹਰ ਰੋਜ਼ ਟਵਿੱਟਰ ‘ਤੇ ਕਈ ਤਰ੍ਹਾਂ ਦੇ ਕਿਸਾਨ ਪੱਖੀ ਹੈਸ਼ਟੈਗ ਟਰੈਂਡ ਕਰ ਰਹੇ ਹੁੰਦੇ ਹਨ।

ਕਿਸਾਨਾਂ ਦੀ ਇਸ ਡਿਜੀਟਲ ਮੁਹਿੰਮ ਨਾਲ ਜੁੜਨ ਲਈ ਤੁਸੀ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਇਨ੍ਹਾਂ ਨੂੰ ਫ਼ੌਲੋ, ਲਾਈਕ ਤੇ ਸਬਸਕ੍ਰਾਈਬ ਕਰੋ ਅਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ।

ਵੈਬਸਾਈਟ
http://kisanekta.in/

ਫੇਸਬੁੱਕ
https://www.facebook.com/kisanektamorcha​

ਇੰਸਟਾਗ੍ਰਾਮ
https://www.instagram.com/kisanektaMorcha/

ਟਵਿੱਟਰ
https://twitter.com/Kisanektamorcha

ਯੂਟਿਊਬ
https://www.youtube.com/channel/UC4mGFTV86AR8VeJmusu1QWQ