Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਠੁਕਰਾਇਆ ਗੱਲਬਾਤ ਦਾ ਸੱਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਨੇ ਅੱਜ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਤੋਂ ਪਹਿਲਾਂ ਹੀ ਖੇਤੀ ਬਿੱਲ ਠੀਕ ਹੋਣ ਦਾ ਦਾਅਵਾ ਕਰਕੇ ਫੈਸਲਾ ਸੁਣਾ ਦਿੱਤਾ ਹੈ। ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਰ ਰਾਤ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੂੰ ਲਿਖਤੀ ਸੱਦਾ ਭੇਜਿਆ ਹੈ। ਕੇਂਦਰ ਸਰਕਾਰ ਨੂੰ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਭੇਜਣਾ ਚਾਹੀਦਾ ਸੀ। ਕੇਂਦਰ ਸਰਕਾਰ ਦੇਸ਼ ਦੇ ਸਾਰੇ ਸੰਗਠਨਾਂ ਨੂੰ ਨਾ ਸੱਦ ਕੇ ਕਿਸਾਨਾਂ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪੰਧੇਰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਮੋਦੀ ਸਰਕਾਰ ਦੇ ਉਸ ਦਾਅਵੇ ਨਾਲ ਸਹਿਮਤ ਨਹੀਂ ਹੈ, ਜਿਸ ਵਿੱਚ ਮੋਦੀ ਨੇ ਕਿਹਾ ਕਿ ਅੰਦੋਲਨ ਇਕੱਲੇ ਪੰਜਾਬ ਦੇ ਕਿਸਾਨ ਕਰ ਰਹੇ ਹਨ, ਬਾਕੀ ਸੂਬਿਆਂ ਦੇ ਨਹੀਂ, ਇਸ ਲਈ ਉਹ ਗੱਲਬਾਤ ਦਾ ਸੱਦਾ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੂੰ ਭੇਜ ਰਹੇ ਹਨ। ਜਦਕਿ ਉੱਤਰਾਖੰਡ, ਯੂ.ਪੀ., ਹਰਿਆਣਾ ਅਤੇ ਦੇਸ਼ ਦੇ ਵੱਡੇ ਹਿੱਸੇ ਇਸ ਸੰਘਰਸ਼ ਵਿੱਚ ਸ਼ਾਮਲ ਹੋ ਕੇ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ 32 ਜਥੇਬੰਦੀਆਂ ਦੇ ਨਾਲ ਦੇਸ਼ ਦੀਆਂ ਦੂਜੀਆਂ ਜਥੇਬੰਦੀਆਂ ਦੀ ਬਣੀ ਕਮੇਟੀ ਨੂੰ ਵੀ ਸੱਦਣਾ ਚਾਹੀਦਾ ਹੈ। ਕਿਸਾਨ ਯੂਨੀਅਨਾਂ ਨੇ ਸਰਕਾਰ ਅੱਗੇ ਬੁਰਾੜੀ ਵਿੱਚ ਗਏ ਕਿਸਾਨਾਂ ਨੂੰ ਵਾਪਿਸ ਆਉਣ ਦੇਣ ਦੀ ਮੰਗੀ ਕੀਤੀ ਹੈ।

ਪੰਧੇਰ ਨੇ ਕਿਹਾ ਕਿ ਕਿਸਾਨਾਂ ਖਿਲਾਫ ਸਿੰਘੂ ਬਾਰਡਰ ‘ਤੇ ਕੇਸ ਦਰਜ ਕੀਤੇ ਗਏ ਹਨ। ਇਸ ਲਈ ਸਾਡੀ ਜਥੇਬੰਦੀ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਵੇਗੀ। ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਕਿਸਾਨਾਂ ਦਾ ਮੋਰਚਾ ਜਾਰੀ ਹੈ। ਮੋਰਚੇ ਵਿੱਚ ਵੀ ਮੀਟਿੰਗ ਵਿੱਚ ਨਾ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਪੰਧੇਰ ਨੇ ਕਿਹਾ ਕਿ ਪ੍ਰਚਾਰ ਮਾਧਿਅਮਾਂ ਵਿੱਚ ਮੰਡੀਆਂ ਵਿੱਚ APMC ਐਕਟ ਤਹਿਤ ਕਿਸਾਨਾਂ ‘ਤੇ ਟੈਕਸ ਲੱਗਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜੋ ਕਿ ਝੂਠਾ ਦਾਅਵਾ ਹੈ ਅਤੇ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਕੋਈ ਟੈਕਸ ਨਹੀਂ ਲੱਗਦਾ, ਬਸ ਕਿਸਾਨਾਂ ਨੂੰ ਮੰਡੀਆਂ ਵਿੱਚ ਫਸਲ ਦੀ ਲੇਬਰ ਦੇਣੀ ਪੈਂਦੀ ਹੈ। ਮੰਡੀਆਂ ਵਿੱਚ ਵਪਾਰੀਆਂ ਨੂੰ 8:50 ਪ੍ਰਤੀਸ਼ਤ ਟੈਕਸ ਲੱਗਦਾ ਸੀ ਜੋ ਕਿ ਸਰਕਾਰ ਨੇ ਮੁਆਫ ਕਰ ਦਿੱਤਾ ਹੈ। ਕਾਰਪੋਰੇਟ ਦਾ ਟੈਕਸ ਮੁਆਫ ਕਰਕੇ ਕਿਸਾਨਾਂ ਦਾ ਟੈਕਸ ਮੁਆਫ ਕਰਨ ਦਾ ਝੂਠ ਫੈਲਾ ਰਹੇ ਹਨ।

ਪ੍ਰਧਾਨ ਮੰਤਰੀ ਪ੍ਰਚਾਰ ਮਾਧਿਅਮਾਂ ਦਾ ਦੁਰਪ੍ਰਯੋਗ ਕਰਕੇ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਸਰਕਾਰ ਵੀ ਇਨ੍ਹਾਂ ਨੀਤੀਆਂ ਦੀ ਬਰਾਬਰ ਜ਼ਿੰਮੇਵਾਰ ਰਹੀ ਹੈ। ਮੀਟਿੰਗ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨਾਂ ਨੂੰ ਸਹੀ ਦੱਸ ਕੇ ਫੈਸਲਾ ਕਰ ਦਿੱਤਾ ਹੈ ਤਾਂ ਕੋਈ ਵੀ ਮੰਤਰੀ ਉਨ੍ਹਾਂ ਦੇ ਫੈਸਲੇ ਖਿਲਾਫ ਨਹੀਂ ਜਾ ਸਕਦਾ।

ਅੱਜ ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਖੇ 70ਵੇਂ ਦਿਨ ਵਿੱਚ ਦਾਖਲ ਹੋਏ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਹ ਅੰਦੋਲਨ ਖੇਤੀ ਬਿੱਲ ਰੱਦ ਕਰਾਉਣ ਤੱਕ ਜਾਰੀ ਰਹੇਗਾ। ਪੰਧੇਰ ਨੇ ਕਿਸਾਨਾਂ, ਮਜ਼ਦੂਰਾਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ 11 ਦਸੰਬਰ ਨੂੰ ਕਿਸਾਨਾਂ, ਮਜ਼ਦੂਰਾਂ ਦੇ ਵੱਡੇ ਜਥੇ ਹਜ਼ਾਰਾਂ ਟਰੈਕਟਰ-ਟਰਾਲੀਆਂ ‘ਤੇ ਫਿਰੋਜ਼ਪੁਰ ਤੋਂ ਰਵਾਨਾ ਹੋਣਗੇ। ਕਿਸਾਨ ਲੀਡਰਾਂ ਨੇ ਕਿਹਾ ਕਿ ਦਿੱਲੀ ਜਾਮ ਕਰਨਾ ਕੋਈ ਅਣਖ ਦਾ ਸਵਾਲ ਨਹੀਂ ਹੈ, ਪਰ ਲੋਕਤੰਤਰ ਵਿੱਚ ਮੰਗਾਂ ਮਨਾਉਣ ਲਈ ਅੰਦੋਲਨ ਦਾ ਇੱਕ ਹਿੱਸਾ ਹੈ।

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਦੇ ਲਈ ਦੇਰ ਰਾਤ ਲਿਖਤੀ ਸੱਦਾ ਦਿੱਤਾ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਆਪਸ ਵਿੱਚ ਮੀਟਿੰਗ ਕਰਕੇ ਕੇਂਦਰ ਸਰਕਾਰ ਦੇ ਨਾਲ ਅੱਜ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਇਹ ਮੀਟਿੰਗ ਅੱਜ ਦੁਪਹਿਰ 3 ਵਜੇ ਸ਼ੁਰੂ ਹੋਵੇਗੀ।