’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਅੱਜ ਦੇਸ਼ ਭਰ ਵਿੱਚ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ ਪਰ ਦੇਸ਼ ਦੀ ਸਰਕਾਰ ਕਿਸਾਨਾਂ ਦੀ ਗੱਲ ਨੂੰ ਅਣਗੌਲ਼ਿਆਂ ਤਾਂ ਕਰ ਹੀ ਰਹੀ ਹੈ, ਨਾਲ ਹੀ ਸਰਕਾਰ ਦੇ ਮੰਤਰੀ ਅੰਨਦਾਤਿਆਂ ’ਤੇ ਤਰ੍ਹਾ-ਤਰ੍ਹਾਂ ਦੇ ਇਲਜ਼ਾਮ ਵੀ ਲਾ ਰਹੇ ਹਨ। ਇਸੇ ਦੌਰਾਨ ਦਿੱਲ ਦੇ ਬਾਰਡਰਾਂ ’ਤੇ ਆਪਣੇ ਹੱਕਾਂ ਦੀ ਮੰਗ ਕਰਦਿਆਂ ਕਈ ਕਿਸਾਨ ਸ਼ਹੀਦੀਆਂ ਪਾ ਗਏ ਹਨ। ਅੱਜ ਫਿਰ ਇੱਕ ਕਿਸਾਨ ਨੂੰ ਗੂੰਗੀ-ਬੋਲ਼ੀ ਸਰਕਾਰ ਦੀ ਵਜ੍ਹਾ ਕਰਕੇ ਆਪਣੀ ਜਾਨ ਗਵਾਉਣੀ ਪਈ। ਸਰਕਾਰ ਦੇ ਇਸ ਰਵੱਈਏ ਕਰਕੇ ਆਏ ਦਿਨ ਕਿਸਾਨਾਂ ਦੀ ਮੌਤ ਦੀਆਂ ਖ਼ਬਰਾਂ ਆ ਰਹੀਆਂ ਹਨ।

ਦਿੱਲੀ ਦੇ ਟਿਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਘਰ ਪਰਤਣ ਸਮੇਂ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਨੇੜੇ ਸਥਿੱਤ ਪਿੰਡ ਜਾਂਗਪੁਰ ਦੇ 32 ਸਾਲਾ ਨੌਜਵਾਨ ਕਿਸਾਨ ਹਰਮਿੰਦਰ ਸਿੰਘ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਪਿੰਡ ਵਾਸੀਆਂ ਨੇ ਗੁੱਸਾ ਜ਼ਾਹਰ ਕੀਤਾ ਕਿ ਹਾਦਸੇ ਤੋਂ ਬਾਅਦ ਹਰਮਿੰਦਰ ਬੁਰੀ ਤਰ੍ਹਾਂ ਤੜਪ ਰਿਹਾ ਸੀ। ਜੇ ਉਸ ਨੂੰ ਲੈਣ ਆਈ ਸਰਕਾਰੀ ਐਂਬੂਲੈਂਸ ਰਸਤੇ ‘ਚ ਖਰਾਬ ਨਾ ਹੁੰਦੀ ਤਾਂ ਸ਼ਾਇਦ ਉਸ ਦੀ ਜਾਨ ਬੱਚ ਜਾਂਦੀ। ਉਸ ਦਾ ਸਿਰ ਪਿਛਿਓਂ ਫਟਣ ਕਾਰਨ ਉਸ ਦਾ ਕਾਫੀ ਖੂਨ ਵਹਿ ਗਿਆ, ਜਿਸ ਕਰਕੇ ਉਸ ਦੀ ਮੌਤ ਹੋ ਗਈ।

ਮ੍ਰਿਤਕ ਕਿਸਾਨ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ 26 ਨਵੰਬਰ ਨੂੰ ਆਪਣੇ 4 ਹੋਰ ਸਾਥੀਆਂ ਨਾਲ ਮੋਟਰ ਸਾਈਕਲਾਂ ‘ਤੇ ਦਿੱਲੀ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਲਈ ਗਿਆ ਸੀ। ਕੁਝ ਦਿਨ ਪਹਿਲਾਂ ਹੀ ਉਹ ਪਿੰਡ ਵਾਪਸ ਆਇਆ ਸੀ ਅਤੇ ਦੁਬਾਰਾ ਫਿਰ ਲੱਕੜਾਂ ਦੀ ਗੱਡੀ ਭਰ ਕੇ ਆਪਣੇ ਸਾਥੀਆਂ ਸਮੇਤ ਦਿੱਲੀ ਅੰਦੋਲਨ ‘ਚ ਚਲਾ ਗਿਆ ਸੀ। ਇਸ ਮਗਰੋਂ ਬੀਤੀ 21 ਦਸੰਬਰ ਨੂੰ ਉਹ ਆਪਣੇ ਸਾਥੀਆਂ ਸਮੇਤ ਦਿੱਲੀ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਵਾਪਸ ਘਰ ਪਰਤ ਰਿਹਾ ਸੀ। ਜਦੋਂ ਉਹ ਧਨੌਲਾ (ਬਰਨਾਲਾ) ਨੇੜੇ ਪੁੱਜੇ ਤਾਂ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਹਰਮਿੰਦਰ ਸਿੰਘ ਅਤੇ ਉਸ ਦੇ ਪਿੱਛੇ ਬੈਠਾ ਉਸ ਦਾ ਸਾਥੀ ਗੋਰਾ ਦੋਵੇਂ ਹੇਠਾਂ ਡਿੱਗ ਗਏ।

ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ‘ਤੇ ਇਕੱਤਰ ਲੋਕਾਂ ਨੇ ਐਂਬੁਲੈਂਸ ਬੁਲਾ ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸ ਦੇ ਸਿਰ ‘ਚ ਟਾਂਕੇ ਲਗਾ ਦਿੱਤੇ ਅਤੇ ਹਾਲਤ ਵਿਗੜਦੀ ਵੇਖ ਸੀਐਮਸੀ ਰੈਫ਼ਰ ਕਰ ਦਿੱਤਾ। ਐਂਬੁਲੈਂਸ ਉਸ ਨੂੰ ਲੈ ਕੇ ਫ਼ਿਰੋਜ਼ਪੁਰ ਰੋਡ ਵੇਰਕਾ ਪਲਾਂਟ ਨੇੜੇ ਪਹੁੰਚੀ ਤਾਂ ਖ਼ਰਾਬ ਹੋ ਗਈ। ਐਂਬੁਲੈਂਸ ਸਟਾਰਟ ਨਾ ਹੋਣ ‘ਤੇ ਪਿੰਡ ਫ਼ੋਨ ਕਰਕੇ ਕਾਰ ਮੰਗਵਾਈ ਗਈ। ਉਦੋਂ ਤਕ ਹਰਮਿੰਦਰ ਸਿੰਘ ਤੜਪ ਰਿਹਾ ਸੀ। ਹਸਪਤਾਲ ਲਿਜਾਣ ਤਕ ਉਸ ਦੀ ਮੌਤ ਹੋ ਗਈ।

ਹਰਮਿੰਦਰ ਦੇ ਘਰ ਮਾਤਮ ਦਾ ਮਾਹੌਲ ਪਸਰਿਆ ਪਿਆ ਹੈ। ਹਰਮਿੰਦਰ ਦੀ ਪਤਨੀ ਹਰਦੀਪ ਕੌਰ ਦੀ ਵੀ ਹਾਲਤ ਵਿਗੜ ਗਈ ਹੈ। ਉਹ ਜ਼ੇਰੇ ਇਲਾਜ ਹੈ। ਹਰਮਿੰਦਰ ਦੇ 4 ਭਰਾ ਅਤੇ ਇੱਕ ਭੈਣ ਹੈ। ਛੋਟੇ ਭਰਾ ਗੁਰਮੇਲ ਸਿੰਘ ਅਨੁਸਾਰ ਕਿਸਾਨੀ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਹਰਮਿੰਦਰ ਜ਼ਿਆਦਾਤਰ ਦਿੱਲੀ ਮੋਰਚੇ ‘ਤੇ ਰਿਹਾ। ਭੈਣ ਅਮਨਦੀਪ ਦਾ ਜਨਮ ਦਿਨ ਹੋਣ ਕਾਰਨ ਉਹ ਵਾਪਸ ਘਰ ਪਰਤ ਰਿਹਾ ਸੀ। ਹਰਮਿੰਦਰ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਅਤੇ ਵੈਲਡਿੰਗ ਦਾ ਕੰਮ ਕਰਦਾ ਸੀ।

Leave a Reply

Your email address will not be published. Required fields are marked *