India Punjab

ਖੱਟਰ ਸਰਕਾਰ ਨੇ ਰਾਮ ਰਹੀਮ ਨੂੰ ਦਿੱਤੀ ‘ਗੁਪਤ ਪੈਰੋਲ’

 

‘ਦ ਖ਼ਾਲਸ ਬਿਊਰੋਂ :- ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ 24 ਅਕਤੂਬਰ ਨੂੰ ਵਿਵਾਦਗ੍ਰਸਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਦਿਨ ਦੀ ਗੁਪਤ ਪੈਰੋਲ ਦਿੱਤੀ ਸੀ । ਡੇਰਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਦੋਸ਼ ਵਿਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਕਈ ਵਾਰ ਅਦਾਲਤ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਚੁੱਕੀ ਹੈ।

 

ਜਾਣਕਾਰੀ ਮੁਤਾਬਕ ਡੇਰਾ ਮੁਖੀ ਨੂੰ ਉਸ ਦੀ ਪਤਨੀ ਹਰਜੀਤ ਕੌਰ ਦੀ ਅਪੀਲ ’ਤੇ ਇਸ ਅਧਾਰ ’ਤੇ ਪੈਰੋਲ ਦਿੱਤੀ ਗਈ ਸੀ ਕਿ ਉਸ ਦੀ 85 ਸਾਲਾ ਮਾਂ ਨਸੀਬ ਕੌਰ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਤੇ ਊਸ ਦੀ ਹਾਲਤ ਬਹੁਤ ਗੰਭੀਰ ਹੈ। ਡੇਰਾ ਮੁਖੀ ਨੇ ਆਪਣੀ ਮਾਂ ਨਾਲ ਮੁਲਾਕਾਤ ਕੀਤੀ ।  ਜੋ ਕਿ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਭਰਤੀ ਹੈ। ਅਧਿਕਾਰੀਆਂ ਨੇ ਸ਼ਨਿਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਭਾਰੀ ਸੁਰੱਖਿਆ ਹੇਠ ਗੁਰੂਗ੍ਰਾਮ ਹਸਪਤਾਲ ਲਿਜਾਇਆ ਗਿਆ ਸੀ । ਜਿਥੇ ਉਹ ਦਿਨ ਵੇਲੇ ਰਿਹਾ ਅਤੇ ਸ਼ਾਮ ਨੂੰ ਵਾਪਸ ਜੇਲ੍ਹ ਲਿਆਂਦਾ ਗਿਆ ਹੈ ।52 ਸਾਲਾ ਡੇਰਾ ਮੁਖੀ ਇਸ ਨੂੰ ਇਸ ਸਮੇਂ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 250 ਕਿਲੋਮੀਟਰ ਦੂਰ ਰੋਹਤਕ ਦੀ ਉੱਚ ਸੁਰੱਖਿਆ  ਵਾਲੀ ਸੁਨਾਰੀਆਂ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।

 

 

ਹਰਿਆਣਾ ਦੇ ਬਿਜਲੀ ਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਐਮਰਜੈਂਸੀ ਵਿੱਚ ਪੁਲੀਸ ਕੋਲ ਅਧਿਕਾਰ ਹੁੰਦਾ ਹੈ ਕਿ ਉਹ, ਕਿਸੇ ਵੀ ਕੈਦੀ ਨੂੰ ਇਕ ਦਿਨ ਦੀ ਪੈਰੋਲ ਦੇ ਸਕਦੀ ਹੈ। ਕਾਨੂੰਨ ਦੇ ਦਾਇਰੇ ਵਿੱਚ ਹੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਮੰਤਰੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਡੇਰਾ ਮੁਖੀ ਨੂੰ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਜੇਕਰ ਜ਼ਿਆਦਾ ਦਿਨ ਦੀ ਪੈਰੋਲ ਦਿੱਤੀ ਹੁੰਦੀ ਤਾਂ ਸਰਕਾਰ ਇਸ ਮਾਮਲੇ ’ਤੇ ਸਰਕਾਰ ਵਿਚਾਰ ਕਰਦੀ।