Khaas Lekh Religion

ਖਾਲਸਾ ਸਾਜਨਾ ਦਿਹਾੜੇ ‘ਤੇ ਖਾਸ- ‘ਕੋਈ ਹੈ ਸਿੱਖ ਕਾ ਬੇਟਾ, ਜੋ ਸੀਸ ਕਰੇ ਭੇਟਾ’ ਜਦੋਂ ਗੁਰੂ ਸਾਹਿਬ ਜੀ ਨੇ ਸਾਜਿਆ ਸੀ ‘ਖ਼ਾਲਸਾ’

ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਨ 1699 ਨੂੰ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਰਜੇ ਗਏ ਖ਼ਾਲਸਾ ਪੰਥ ਕਾਰਨ ਦੁਨੀਆ ਦੇ ਇਤਿਹਾਸ ਦੇ ਅੰਦਰ ਇੱਕ ਨਿਵੇਕਲਾ ਅਧਿਆਏ ਸਿਰਜਿਆ ਗਿਆ। 1699 ਨੂੰ ਅਨੰਦਾਂ ਦੀ ਪੁਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜ਼ੁਲਮ, ਬੇਇਨਸਾਫੀ, ਵਿਤਕਰੇ, ਜ਼ਬਰ, ਝੂਠ, ਪਖੰਡ ਨੂੰ ਖਤਮ ਕਰਨ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਵੱਡਾ ਇਕੱਠ ਕੀਤਾ। ਉੱਥੇ ਤੰਬੂ ਲਾਇਆ ਗਿਆ, ਗੁਰੂ ਸਾਹਿਬ ਜੀ ਲਈ ਸੋਹਣਾ ਸਿੰਘਾਸਨ ਲਾਇਆ ਗਿਆ। ਅੱਜ ਗੁਰੂ ਸਾਹਿਬ ਜੀ ਦੇ ਚਿਹਰੇ ‘ਤੇ ਲਾਲੀ ਡਲ੍ਹਕਾ ਮਾਰਦੀ ਹੈ, ਗੁਰੂ ਸਾਹਿਬ ਜੀ ਦੇ ਚਿਹਰੇ ‘ਤੇ ਜਲਾਲ ਹੈ।

ਇਤਿਹਾਸ ਅੰਦਰ ਇਹ ਦਿਨ ਅਨੋਖਾ ਦ੍ਰਿਸ਼ ਪੇਸ਼ ਕਰਨ ਵਾਲਾ ਵੀ ਹੈ ਕਿਉਂਕਿ ਇਸ ਦਿਨ ਇੱਕ ਪਾਸੇ ਗੁਰੂ ਜੀ ਵੱਲੋਂ ਸਾਜੇ ਪੰਜ ਪਿਆਰੇ ਗੁਰੂ ਸਾਹਿਬ ਜੀ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਨਿਹਾਲ ਹੋਏ, ਉੱਥੇ ਹੀ ਉਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਅੰਮ੍ਰਿਤ ਵੀ ਛਕਾਇਆ। ਇਸ ਦਿਨ ਗੁਰੂ ਅਤੇ ਚੇਲੇ ਦਾ ਅਜਿਹਾ ਨਵਾਂ ਰੂਪ ਸਾਹਮਣੇ ਆਇਆ, ਜਿਸ ਵਿੱਚ ਗੁਰੂ-ਚੇਲੇ ‘ਚ ਕੋਈ ਭਿੰਨ-ਭੇਦ ਨਹੀਂ ਰਿਹਾ। ਦੀਵਾਨ ਦੀ ਸਮਾਪਤੀ ਹੋਣ ਤੋਂ ਬਾਅਦ ਚਾਰ-ਚੁਫੇਰੇ ਬਿਲਕੁਲ ਖਾਮੋਸ਼ੀ ਛਾ ਗਈ। ਗੁਰੂ ਸਾਹਿਬ ਜੀ ਨੇ ਦੀਵਾਨ ਖਤਮ ਹੋਣ ਤੋਂ ਬਾਅਦ ਆਪਣੀ ਮਿਆਨ ਵਿੱਚੋਂ ਤਲਵਾਰ ਕੱਢ ਕੇ ਲਲਕਾਰ ਕੇ ਕਿਹਾ ਕਿ ਕੋਈ ਹੈ ਸਿੱਖ ਕਾ ਬੇਟਾ, ਜੋ ਸੀਸ ਕਰੇ ਭੇਟਾ। ਸਾਰੇ ਦੀਵਾਨ ਵਿੱਚ ਇੱਕੋ ਦਮ ਖਾਮੋਸ਼ੀ ਛਾ ਗਈ। ਕਈ ਦੀਵਾਨ ਵਿੱਚੋਂ ਸੋਚੀ ਜਾਣ ਕਿ ਲੱਗਦਾ ਅੱਜ ਗੁਰੂ ਸਾਹਿਬ ਸਾਰੇ ਸਿੱਖ ਵੱਢਣਗੇ।

ਸਿੱਖ ਇਤਿਹਾਸ ਮੁਤਾਬਕ ਜਦੋਂ ਗੁਰੂ ਸਾਹਿਬ ਜੀ ਨੇ ਤੀਸਰੀ ਵਾਰ ਆਵਾਜ਼ ਲਗਾਈ ਤਾਂ ਉਦੋਂ ਲਾਹੌਰ ਦਾ ਖੱਤਰੀ ਭਾਈ ਦਇਆ ਰਾਮ ਗੱਲ ‘ਚ ਪੱਲਾ ਪਾ ਕੇ ਉੱਠਿਆ। ਗੁਰੂ ਸਾਹਿਬ ਜੀ ਉਨ੍ਹਾਂ ਨੂੰ ਲੈ ਕੇ ਤੰਬੂ ਦੇ ਅੰਦਰ ਚਲੇ ਗਏ ਅਤੇ ਥੋੜ੍ਹੀ ਦੇਰ ਬਾਅਦ ਲਹੂ ਨਾਲ ਭਿੱਜੀ ਹੋਈ ਕਿਰਪਾਨ ਨੂੰ ਹੱਥ ਵਿੱਚ ਫੜ੍ਹ ਕੇ ਇੱਕ ਹੋਰ ਸਿਰ ਦੀ ਮੰਗ ਕੀਤੀ। ਭਾਈ ਧਰਮ ਚੰਦ ਜੀ ਹੱਥ ਜੋੜ ਕੇ ਉੱਠੇ। ਗੁਰੂ ਸਾਹਿਬ ਜੀ ਦੀ ਤੀਸਰੀ ਆਵਾਜ਼ ‘ਤੇ ਭਾਈ ਹਿੰਮਤ ਰਾਏ ਜੀ ਉੱਠਦੇ ਹਨ। ਚੌਥੀ ਵਾਰ ਜਦੋਂ ਗੁਰੂ ਸਾਹਿਬ ਜੀ ਨੇ ਸੀਸ ਦੀ ਮੰਗ ਕੀਤੀ ਤਾਂ ਭਾਈ ਮੋਹਕਮ ਚੰਦ ਜੀ ਖੜ੍ਹੇ ਹੁੰਦੇ ਹਨ। ਜਦੋਂ ਪੰਜਵੀਂ ਆਵਾਜ਼ ਆਈ ਕਿ ਇੱਕ ਸੀਸ ਹੋਰ ਚਾਹੀਦਾ ਹੈ ਤਾਂ ਭਾਈ ਸਾਹਿਬ ਚੰਦ ਜੀ ਹੱਥ ਜੋੜ ਕੇ ਉੱਠਦੇ ਹਨ।

ਅੰਮ੍ਰਿਤ ਤਿਆਰ ਕਰਨ ਲਈ ਲਈਆਂ ਸਨ ਪੰਜ ਚੀਜ਼ਾਂ

ਇਨ੍ਹਾਂ ਨੇ ਆਪਣੇ ਸੀਸ ਗੁਰੂ ਸਾਹਿਬ ਜੀ ਨੂੰ ਭੇਟ ਕੀਤੇ ਅਤੇ ਪੰਜ ਪਿਆਰਿਆਂ ਦਾ ਖਿਤਾਬ ਹਾਸਿਲ ਕੀਤਾ। ਗੁਰੂ ਸਾਹਿਬ ਜੀ ਨੇ ਪੰਜਾਂ ਦੇ ਸੀਸ ਲਏ। ਸਿੱਖ ਇਤਿਹਾਸ ਕਹਿੰਦਾ ਹੈ ਕਿ ਜੇ ਪੰਜ ਚੀਜ਼ਾਂ ਦਾ ਸੁਮੇਲ ਹੋਵੇ ਤਾਂ ਅੰਮ੍ਰਿਤ ਬਣਦਾ ਹੈ। ਸਿੱਖ ਇਤਿਹਾਸ ਮੁਤਾਬਕ ਗੁਰੂ ਸਾਹਿਬ ਜੀ ਨੇ ਪੰਜ ਚੀਜ਼ਾਂ ਲਈਆਂ।

•          ਗੁਰੂ ਜੀ ਨੇ ਸਭ ਤੋਂ ਪਹਿਲਾਂ ਨਿਰਮਲ ਨੀਰ ਲਿਆ।

•          2 ਪਤਾਸੇ ਲਏ।

•          ਬਾਟਾ ਲਿਆ।

•          ਖੰਡਾ ਲਿਆ।

•          ਪੰਜਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਵਿੱਚ ਆ ਗਏ। ਇਸ ਤੋਂ ਭਾਵ ਹੈ ਕਿ ਉਸ ਅਕਾਲ ਪੁਰਖ ਦੇ ਰੂਪ ਵੱਲੋਂ ਆਪ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਛਕਾਇਆ ਗਿਆ। ਉਸ ਸਮੇਂ ਗੁਰੂ ਸਾਹਿਬ ਜੀ ਆਪ ਹਾਜ਼ਿਰ ਸਨ। ਅੱਜ ਵੀ ਪੰਜ ਪਿਆਰੇ ਜਦੋਂ ਅੰਮ੍ਰਿਤ ਸੰਚਾਰ ਕਰਦੇ ਹਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਬਾਣੀਆਂ ਦਾ ਪਾਠ ਪੜ੍ਹ ਕੇ ਅੰਮ੍ਰਿਤ ਤਿਆਰ ਕਰਦੇ ਹਨ।

ਸਿੱਖ ਇਤਿਹਾਸ ਮੁਤਾਬਕ ਗੁਰੂ ਸਾਹਿਬ ਜੀ ਦੇ ਨੇਤਰ ਨੀਰ ਉੱਤੇ ਟਿਕ ਗਏ, ਉਹ ਆਪਣੀ ਰਸਨਾ ਤੋਂ ਬਾਣੀ ਪੜ੍ਹਨ ਲੱਗੇ। ਗੁਰੂ ਸਾਹਿਬ ਜੀ ਨੇ ਇੱਕ ਹੱਥ ਬਾਟਾ ਫੜ੍ਹਿਆ ਹੋਇਆ ਸੀ, ਇੱਕ ਹੱਥ ਖੰਡਾ ਘੁਮਾਉਂਦੇ ਹਨ ਅਤੇ ਪੰਜ ਬਾਣੀਆਂ ਦਾ ਪਾਠ ਕਰਦੇ ਹਨ ਅਤੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ। ਗੁਰੂ ਸਾਹਿਬ ਜੀ ਨੇ ਪੰਜ ਚੂਲੇ ਪੰਜ ਸਿੰਘਾਂ ਦੇ ਮੂੰਹ ਵਿੱਚ ਪਾ ਦਿੱਤੇ। ਪੰਜ ਚੂਲੇ ਉਨ੍ਹਾਂ ਨੇ ਅੱਖਾਂ ‘ਚ ਪਾਏ। ਪੰਜ ਚੂਲੇ ਸੀਸ ‘ਤੇ ਪਾਉਂਦੇ ਹਨ। ਜਦੋਂ ਗੁਰੂ ਸਾਹਿਬ ਜੀ ਇੱਕ ਚੂਲਾ ਉਨ੍ਹਾਂ ਦੇ ਮੂੰਹ ਵਿੱਚ ਪਾਉਂਦੇ ਤਾਂ ਉਹ ਕਹਿੰਦੇ, “ਬੋਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।”

ਹੁਣ ਪੰਜਾਂ ਵਿੱਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਹਨ। ਗੁਰੂ ਸਾਹਿਬ ਜੀ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਪੰਜ ਪਿਆਰਿਆਂ ਦਾ ਖਿਤਾਬ ਦਿੱਤਾ। ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਦਾ ਸਮਝ ਕੇ ਆਪਣੇ ਘਰ ਦੇ ਬੂਹੇ ਅੱਗੋਂ ਨਹੀਂ ਲੰਘਣ ਦਿੰਦੇ ਸਨ, ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਦਾਤ ਦੇ ਕੇ ਆਪ ਕਿਹਾ ਕਿ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਉ। ਫਿਰ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਜੀ ਨੂੰ ਦਾਤ ਦਿੱਤੀ। ਜਦੋਂ ਹੀ ਉਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਅੰਮ੍ਰਿਤ ਦਾ ਚੂਲਾ ਦਿੱਤਾ, ਨਾਲ ਹੀ ਕਿਹਾ ਕਿ “ਬੋਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।” ਗੁਰੂ ਸਾਹਿਬ ਜੀ ਨੇ ਕਿਹਾ ਕਿ ਇਸ ਖਾਲਸੇ ਵਿੱਚ ਉਹ ਇੱਕ ਅਕਾਲ ਪੁਰਖ ਨਿਵਾਸ ਕਰੇਗਾ। ਜਿਸਨੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਹਨ, ਉਹ ਖਾਲਸੇ ਦੇ ਦੀਦਾਰੇ ਕਰ ਲਵੇ।

ਪੰਜ ਪਿਆਰਿਆਂ ਦੇ ਨਾਮ

•          ਭਾਈ ਦਇਆ ਸਿੰਘ ਜੀ।

•          ਭਾਈ ਧਰਮ ਸਿੰਘ ਜੀ।

•          ਭਾਈ ਹਿੰਮਤ ਸਿੰਘ ਜੀ।

•          ਭਾਈ ਮੋਹਕਮ ਸਿੰਘ ਜੀ।

•          ਭਾਈ ਸਾਹਿਬ ਸਿੰਘ ਜੀ।

ਖ਼ਾਲਸਾ ਸਾਜਨਾ ਦਿਵਸ ਗੁਰੂ ਆਸ਼ੇ ਅਨੁਸਾਰ ਹੋ ਕੇ ਜੀਵਨ ਜਿਊਣ ਦੀ ਪ੍ਰੇਰਣਾ ਵਜੋਂ ਹੈ। ਸਾਨੂੰ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਖੰਡੇ-ਬਾਟੇ ਦੀ ਪਾਹੁਲ ਛਕ ਕੇ ਗੁਰਮਤਿ ਦੇ ਧਾਰਨੀ ਬਣਨਾ ਚਾਹੀਦਾ ਹੈ।

Comments are closed.