India International Khaas Lekh Punjab Religion

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਿੱਕ ਨਹੀਂ ਹੋ ਰਹੀ ਪੂਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਅਤੇ ਪਾਕਿਸਤਾਨ ਨੇ ਅੱਜ ਤੋਂ ਪੂਰੇ ਦੋ ਸਾਲ ਪਹਿਲਾਂ 9 ਨਵੰਬਰ 2019 ਨੂੰ ਸਾਂਝੇ ਤੌਰ ‘ਤੇ ਇਤਿਹਾਸਕ ਕਦਮ ਚੁੱਕਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਈ ਲਾਂਘਾ ਖੋਲ੍ਹਿਆ ਸੀ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਆਪੋ-ਆਪਣੇ ਧਰਤੀ ‘ਤੇ ਖੜ ਕੇ ਲਾਂਘੇ ਦਾ ਉਦਘਾਟਨ ਕੀਤਾ ਸੀ ਜਿਹੜਾ ਕਿ ਕੌਮਾਂਤਰੀ ਪੱਧਰ ‘ਤੇ ਚਰਚਾ ਬਣਿਆ। 70 ਸਾਲਾਂ ਬਾਅਦ ਸ਼ਰਧਾਲੂਆਂ ਦੀ ਆਸ ਨੂੰ ਬੂਰ ਪਿਆ ਪਰ ਕੋਰੋਨਾ ਕਰਕੇ ਡੇਢ ਸਾਲ ਪਹਿਲਾਂ ਬੰਦ ਹੋਇਆ ਲਾਂਘਾ ਮੁੜ ਖੁੱਲ੍ਹਣ ਵਿੱਚ ਆ ਹੀ ਨਹੀਂ ਰਿਹਾ ਸਗੋਂ ਇਸ ‘ਤੇ ਮੁੜ ਤੋਂ ਸਿਆਸਤ ਹੋਣ ਲੱਗੀ ਹੈ। ਲਾਂਘਾ ਖੋਲ੍ਹਣ ਤੋਂ ਪਹਿਲਾਂ ਸ਼ਰਧਾਲੂ ਜਾਂ ਤਾਂ ਡੇਰਾ ਬਾਬਾ ਨਾਨਕ ਤੋਂ ਦੂਰਬੀਨ ਰਾਹੀਂ ਦਰਸ਼ਨ ਕਰਦੇ ਸਨ ਜਾਂ ਫਿਰ ਭਾਰਤ ਤੋਂ ਵਿਰਸਾਤ-ਏ-ਲਾਹੌਰ ਦਰਸ਼ਨਾਂ ਲਈ ਆਉਣਾ ਪੈਂਦਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ ਇਹ ਵਿਸ਼ੇਸ਼ ਲਾਂਘਾ ਖੋਲ੍ਹਿਆ ਗਿਆ ਸੀ। ਉਂਝ, ਲਾਂਘਾ ਖੋਲ੍ਹਣ ਦੀ ਗੱਲ 1999 ਵਿੱਚ ਵੀ ਤੁਰੀ ਸੀ। ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਨ।

ਪਿੰਡ ਕਰਤਾਰਪੁਰ ਰਾਵੀ ਦਰਿਆ ਦੇ ਪੂਰਬੀ ਕੰਢੇ ‘ਤੇ ਵਸਿਆ ਹੋਇਆ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ ਅਖੀਰਲੇ 18 ਵਰ੍ਹੇ ਗੁਜ਼ਾਰੇ ਸਨ। ਇੱਧਰਲੇ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ 4.7 ਕਿਲੋਮੀਟਰ ਦਾ ਵਿਸ਼ੇਸ਼ ਲਾਂਘਾ ਤਿਆਰ ਕੀਤਾ ਗਿਆ ਸੀ ਪਰ ਕੋਰੋਨਾ ਕਰਕੇ ਇਸਨੂੰ ਜੂਨ 2020 ਵਿੱਚ ਬੰਦ ਕਰ ਦਿੱਤਾ ਗਿਆ। ਸ਼ੁਰੂ-ਸ਼ੁਰੂ ਵਿੱਚ ਦੋਹਾਂ ਦੇਸ਼ਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਕਿਸਾਤਨ ਲਈ ਵੀਜ਼ਾ ਅਤੇ ਫੀਸ ਸਮੇਤ ਹੋਰ ਕਈ ਸ਼ਰਤਾਂ ਰੱਖੀਆਂ ਗਈਆਂ ਪਰ ਬਾਅਦ ਵਿੱਚ ਹਟਾ ਲਈਆਂ ਗਈਆਂ। ਪਤਾ ਲੱਗਾ ਹੈ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ ਮੁੜ ਤੋਂ ਖੋਲ੍ਹਣ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਦੋਹਾਂ ਦੇਸ਼ਾਂ ਦਰਮਿਆਨ ਸਹਿਮਤੀ ਨਹੀਂ ਬਣ ਸਕੀ। ਪਾਕਿਸਤਾਨ ਵੱਲੋਂ ਵਿਸ਼ੇਸ਼ ਪੁਰਬਾਂ ‘ਤੇ ਰਸਤਾ ਖੋਲ੍ਹਣ ਦੀ ਪੇਸ਼ਕਸ਼ ਦਾ ਵੀ ਹਾਲੇ ਤੱਕ ਹੁੰਗਾਰਾ ਨਹੀਂ ਮਿਲਿਆ।

ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਨੇ ਕੋਰੋਨਾ ਦਾ ਪ੍ਰਕੋਪ ਘੱਟਦਿਆਂ 22 ਸਤੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 482ਵੇਂ ਜੋਤੀ ਜੋਤ ਦਿਵਸ ‘ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਸੀ ਪਰ ਪਹਿਲ ਨਹੀਂ ਹੋਈ। ਪਰ ਕੋਰੋਨਾ ਸੰਕਟ ਖਤਮ ਹੋ ਗਿਆ ਹੈ ਤਾਂ ਵੀ ਸਿੱਖ ਸੰਗਤ ਲਈ ਅੱਜ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੀ ਦੂਜੀ ਵਰ੍ਹੇਗੰਢ ਅਤੇ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀ ਲਾਂਘਾ ਖੁੱਲ੍ਹਣ ਦੇ ਆਸਾਰ ਬਣਦੇ ਨਜ਼ਰ ਨਹੀਂ ਆ ਰਹੇ। ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਨੂੰ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਪਹਿਲ ਕਰਨੀ ਚਾਹੀਦੀ ਹੈ। ਕਰਤਾਰਪੁਰ ਦਾ ਲਾਂਘਾ ਖੁੱਲ੍ਹਦਿਆਂ ਹੀ ਅਮਰੀਕਾ, ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਤੋਂ ਸ਼ਰਧਾਲੂ ਦਰਸ਼ਨਾਂ ਲਈ ਆ ਪਹੁੰਚੇ ਸਨ। ਪਾਕਿਸਤਾਨ ਤੋਂ ਰੋਜ਼ਾਨਾ ਦੋ ਹਜ਼ਾਰ ਸ਼ਰਧਾਲੂ ਆਉਂਦੇ ਰਹੇ ਹਨ। ਪਾਕਿਸਤਾਨ ਦੀ ਤਰਫੋਂ ਸੰਗਤ ਦਾ ਆਉਣਾ-ਜਾਣਾ ਜਾਰੀ ਹੈ ਪਰ ਭਾਰਤ ਦੀ ਸੰਗਤ ਲਈ ਦਰਵਾਜ਼ਾ ਬੰਦ ਹੈ। ਪਤਾ ਲੱਗਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੇ ਸਵਾਗਤ ਲਈ ਹੁਣੇ ਹੀ ਤਿਆਰੀਆਂ ਚੱਲ ਰਹੀਆਂ ਹਨ ਪਰ ਸੰਗਤਾਂ ਨੂੰ ਆਉਣ ਦੀ ਆਗਿਆ ਨਹੀਂ ਹੈ।

ਪ੍ਰਾਪਤ ਅੰਕੜਿਆਂ ਮੁਤਾਬਕ ਨਵੰਬਰ 2019 ਵਿੱਚ ਜਦੋਂ ਲਾਂਘਾ ਖੁੱਲ੍ਹਿਆ ਸੀ ਤਾਂ ਸ਼ਰਤਾਂ ਸਖਤ ਹੋਣ ਦੇ ਬਾਵਜੂਦ ਵੀ 12 ਹਜ਼ਾਰ ਦੇ ਕਰੀਬ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ। ਉਸ ਤੋਂ ਬਾਅਦ 128 ਦਿਨਾਂ ਵਿੱਚ ਦੇਸ਼ – ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਨਤਮਸਤਕ ਹੋਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਨ ਸਮਾਗਮ ਉਲੀਕੇ ਗਏ ਹਨ। ਇਸ ਮੌਕੇ ਲਾਂਘਾ ਖੋਲ੍ਹਣ ਲਈ ਅਰਦਾਸ ਕੀਤੀ ਜਾਵੇਗੀ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋ ਕੇ ਲਾਂਘਾ ਮੁੜ ਤੋਂ ਸ਼ੁਰੂ ਕਰਨ ਲਈ ਅਰਦਾਸ ਕੀਤੀ ਹੈ। ਉਂਝ, ਸਿੱਖਾਂ ਦੀ ਅਰਦਾਸ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰ ਵਿਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰਿਆਂ ਲਈ ਯੋਦੜੀ ਕੀਤੀ ਜਾਂਦੀ ਹੈ। ਅਰਦਾਸ ਕਦੇ ਵੀ ਅਜਾਈਂ ਨਹੀਂ ਜਾਂਦੀ। ਭਰੋਸਾ ਕਰਦੇ ਹਾਂ ਕਿ ਲਾਂਘਾ ਗੁਰੂ ਨਾਨਕ ਪੁਰਬ ਤੋਂ ਪਹਿਲਾਂ-ਪਹਿਲਾਂ ਖੁੱਲ੍ਹ ਜਾਵੇਗਾ।