’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਅੱਜ ਪੰਜਾਬ ਭਰ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਖਿੱਲੀ ਉੱਡ ਰਹੀ ਹੈ। ਉਸ ਨੇ ਨਾ ਸਿਰਫ ਪੰਜਾਬ ਦੀ ਮਾਤਾ ਮਹਿੰਦਰ ਕੌਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਬਲਕਿ ਹੁਣ ਪੰਜਾਬ ਦੀ ਸ਼ਾਨ ਕਹੇ ਜਾਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨਾਲ ਵੀ ਆਢਾ ਲਾ ਲਿਆ ਹੈ। ਦਿਲਜੀਤ ਉਸ ਨੂੰ ਹਰ ਟਿੱਪਣੀ ਦਾ ਕਰਾਰਾ ਜਵਾਬ ਦੇ ਰਿਹਾ ਹੈ, ਜਿਸ ਦੀ ਬਾਲੀਵੁੱਡ ਦੇ ਹੋਰ ਸਿਤਾਰੇ ਵੀ ਹਮਾਇਤ ਕਰ ਰਹੇ ਅਤੇ ਦਿਲਜੀਤ ਨੂੰ ਖ਼ੂਬ ਤਾਰੀਫ਼ਾਂ ਮਿਲ ਰਹੀਆਂ ਹਨ।

ਇਸ ਦੇ ਨਾਲ ਹੀ ਕੰਗਨਾ ਨੇ ਸਭ ਹੱਦਾਂ ਟੱਪਦਿਆਂ ਦਿੱਲੀ ਦੇ ਬਾਰਡਰਾਂ ’ਤੇ ਕੜਾਕੇ ਦੀ ਠੰਢ ਵਿੱਚ ਆਪਣੇ ਹੱਕਾਂ ਲਈ ਜੰਗ ਲੜ ਰਹੇ ਕਿਸਾਨਾਂ ਲਈ ਵੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਕੰਗਣਾ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਦੇ ਮੂੰਹ ਕਾਲੇ ਕਰ ਦੇਵੇਗੀ। ਪੰਜਾਬ ਦੇ ਲੋਕ, ਕਿਸਾਨ, ਨੌਜਵਾਨ ਹੀ ਨਹੀਂ, ਕਈ ਸਿਤਾਰੇ ਉਸ ’ਤੇ ਗੁੱਸਾ ਕੱਢ ਰਹੇ ਹਨ।

ਆਪਣੇ ਟਵੀਟ ‘ਚ ਕੰਗਨਾ ਨੇ ਲਿਖਿਆ, ਸੁਣੋ ਗਿੱਧੋਂ, ਮੇਰੀ ਚੁੱਪੀ ਨੂੰ ਮੇਰੀ ਕਮਜ਼ੋਰੀ ਨਾ ਸਮਝੋ। ਮੈਂ ਸਭ ਵੇਖ ਰਹੀ ਹਾਂ ਕਿ ਤੁਸੀਂ ਕਿਵੇਂ ਝੂਠੇ ਬੋਲ ਕੇ ਭੋਲੇ-ਭਾਲੇ ਲੋਕਾਂ ਨੂੰ ਭੜਕਾ ਰਹੇ ਹੋ ਅਤੇ ਉਨ੍ਹਾਂ ਦੀ ਵਰਤੋਂ ਕਰ ਰਹੇ ਹੋ। ਜਦੋਂ ਸ਼ਾਹੀਨ ਬਾਗ ਦੀ ਤਰ੍ਹਾਂ ਇਨ੍ਹਾਂ ਧਰਨਿਆਂ ਦਾ ਰਹੱਸ ਖੁਲ੍ਹੇਗਾ ਤਾਂ ਮੈਂ ਇਕ ਸ਼ਾਨਦਾਰ ਭਾਸ਼ਣ ਲਿਖਾਂਗੀ ਅਤੇ ਮੈਂ ਤੁਹਾਡਾ ਮੂੰਹ ਕਾਲਾ ਕਰਾਂਗੀ – ਬੱਬਰ ਸ਼ੇਰਨੀ।

ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਪੰਜਾਬੀ ਗਾਇਕ ਦਲਜੀਤ ਦੁਸਾਂਝ ਨੂੰ ਗਾਲ੍ਹ ਕੱਢ ਕੇ ਟਵੀਟ ਕਰਕੇ ਫ਼ਿਲਮ ਨਿਰਮਾਤਾ ਕਰਨ ਜੌਹਰ ਦਾ ਪਾਲਤੂ ਦੱਸਿਆ ਹੈ। ਦਿਲਜੀਤ ਨੇ ਕੰਗਨਾ ਵੱਲੋਂ ਬਜੁਰਗ ਔਰਤ ਨੂੰ 100 ਰੁਪਏ ਲੈ ਕੇ ਕਿਸਾਨ ਪ੍ਰਦਰਸ਼ਨ ‘ਚ ਸ਼ਾਮਲ ਹੋਣ ਵਾਲੇ ਟਵੀਟ ਦੀ ਆਲੋਚਨਾ ਕੀਤੀ ਸੀ ਅਤੇ ਟਵਿੱਟਰ ‘ਤੇ ਪੰਜਾਬ ਦੀ ਬਜ਼ੁਰਗ ਕਿਸਾਨ ਔਰਤ ਦੀ ਵੀਡੀਓ ਸਾਂਝੀ ਕਰਦਿਆਂ ਕੰਗਨਾ ਨੂੰ ਸਖ਼ਤ ਝਾੜ ਪਾਈ ਸੀ।

ਬੁੱਧਵਾਰ ਨੂੰ ਦਿਲਜੀਤ ਦੁਸਾਂਝ ਨੇ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਵੀਡੀਓ ਸਾਂਝੀ ਕਰਦਿਆਂ ਕੰਗਨਾ ਨੂੰ ਟੈਗ ਕੀਤਾ ਅਤੇ ਲਿਖਿਆ, ਕੰਗਣਾ ਸਬੂਤ ਦੇ ਨਾਲ ਇਹ ਸੁਣੋ। ਆਦਮੀ ਨੂੰ ਇੰਨਾ ਅੰਨ੍ਹਾ ਨਹੀਂ ਹੋਣਾ ਚਾਹੀਦਾ।

ਦਿਲਜੀਤ ਦੇ ਇਸੇ ਟਵੀਟ ਦੇ ਜਵਾਬ ‘ਚ ਅੱਜ ਕੰਗਨਾ ਵਲੋਂ ਵੀ ਟਵੀਟ ਕੀਤਾ ਗਿਆ, ਜਿਸ ‘ਚ ਉਸ ਨੇ ਦਿਲਜੀਤ ਨੂੰ ਗਾਲ੍ਹ ਕੱਢਦਿਆਂ ਕਰਨ ਜੌਹਰ ਦਾ ਪਾਲਤੂ ਤੱਕ ਕਹਿ ਦਿੱਤਾ।

ਕੰਗਨਾ ਨੇ ਟਵੀਟ ‘ਚ ਲਿਖਿਆ, ‘ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ ‘ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮ.ਐਸ.ਪੀ. ਲਈ ਵੀ ਪ੍ਰਦਰਸ਼ਨ ਕਰਦਿਆਂ ਵੇਖੀ ਗਈ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।’


ਦੱਸ ਦੇਈਏ ਦਿਲਜੀਤ ਨੂੰ ਬਾਲੀਵੁੱਡ ਸਿਤਾਰਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਕਈ ਸਿਤਾਰਿਆਂ ਨੇ ਉਸ ਦੇ ਹੱਕ ਵਿੱਚ ਟਵੀਟ ਕੀਤੇ ਹਨ।

Leave a Reply

Your email address will not be published. Required fields are marked *