India Punjab

ਸੰਗਤਾਂ ਬਿਨਾਂ ਕਿਸੇ ਡਰੋਂ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ – ਜਥੇਦਾਰ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਮੌਕੇ 11, 12, 13 ਅਤੇ 14 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹੋ ਰਹੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਗਤਾਂ ਕਿਸੇ ਪ੍ਰਕਾਰ ਦਾ ਕੋਈ ਡਰ ਆਪਣੇ ਮਨ ਵਿੱਚ ਨਾ ਰੱਖਣ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਧਿਕਾਰੀਆਂ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਸਮਾਗਮਾਂ ਦੇ ਲਈ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।

ਵਿਸਾਖੀ ਮੌਕੇ ਹੋਣ ਵਾਲੇ ਪ੍ਰੋਗਰਾਮ

ਜਥੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 12 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 13 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 12 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਹੀ ਬਾਕੀ ਧਾਰਮਿਕ ਦੀਵਾਨ ਵੀ ਲਗਾਤਾਰ ਸੱਜਣੇ ਸ਼ੁਰੂ ਹੋ ਜਾਣਗੇ। ਇਨ੍ਹਾਂ ਦੀਵਾਨਾਂ ਵਿੱਚ ਪੰਥ ਦੇ ਉੱਚ ਕੋਟੀ ਦੇ ਢਾਡੀ ਜਥੇ, ਪ੍ਰਚਾਰਕ, ਕਵੀਸ਼ਰੀ ਜਥੇ ਗੁਰੂ ਦਾ ਜੱਸ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। 14 ਅਪ੍ਰੈਲ ਨੂੰ ‘ਮਹੱਲਾ’ ਕੱਢਿਆ ਜਾਵੇਗਾ, ਜੋ ਗੁਰਦੁਆਰਾ ਮਹੱਲਸਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ। ਤਿੰਨੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ।