Punjab

ਸਾਬਕਾ ਜਥੇਦਾਰ ਨੇ ਭਾਈ ਲੌਂਗੋਵਾਲ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਚੈਲੇਂਜ, ਅੰਮ੍ਰਿਤਸਰ ‘ਚ ਕੀਤਾ ਵਿਸ਼ਾਲ ਇਕੱਠ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਗਾਇਬ ਹੋਏ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਪੰਥਕ ਅਕਾਲੀ ਲਹਿਰ ਵੱਲੋਂ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਲੰਮੇਂ ਸਮੇਂ ਤੋਂ ਸਿੱਖ ਸੰਗਤ ਗਾਇਬ ਹੋਏ ਪਾਵਨ ਸਰੂਪਾਂ ਬਾਰੇ ਸਵਾਲ ਕਰ ਰਹੀ ਹੈ ਕਿ ਆਖਰ ਇੰਨੀ ਵੱਡੀ ਗਿਣਤੀ ਵਿੱਚ ਪਾਵਨ ਸਰੂਪ ਗਾਇਬ ਕਿਵੇਂ ਹੋ ਗਏ?

 

ਅੱਜ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਤਰ ਹੋਈ। ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋਈ ਸਿੱਖ ਸੰਗਤ ਨੇ ਅਕਾਲੀ ਫੂਲਾ ਸਿੰਘ ਬੁਰਜ ਤੋਂ ਕਰੀਬ 11 ਵਜੇ ਆਪਣਾ ਰੋਸ ਮਾਰਚ ਸ਼ੁਰੂ ਕੀਤਾ। ਸਾਰੀ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਸਾਹਮਣੇ ਘੰਟਾ ਘਰ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੀ।

 

 

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖ ਸੰਗਤ ਗਾਇਬ ਹੋਏ ਪਾਵਨ ਸਰੂਪਾਂ ਦਾ ਜਵਾਬ ਲੈਣ ਆਈ ਹੈ। ਉਹਨਾਂ ਕਿਹਾ ਕਿ ਜੂਨ ’84 ਦੌਰਾਨ ਜਿਹੜਾ ਖਜਾਨਾ ਫੌਜ ਆਪਣੇ ਨਾਲ ਲੈ ਗਈ ਸੀ, ਬਾਅਦ ਵਿੱਚ ਫੌਜ ਨੇ ਕਿਹਾ ਕਿ ਅਸੀਂ ਵਾਪਸ ਕਰ ਦਿੱਤਾ ਹੈ, ਉਹ ਸਾਰਾ ਖਜਾਨਾ ਜਿਸ ਵਿੱਚ ਹੱਥ ਲਿਖਤ ਬੀੜਾਂ, ਹੁਕਮਨਾਮੇ, ਸੁਨਹਿਰੀ ਬੀੜ ਅਤੇ ਹੋਰ ਕੀਮਤੀ ਸਮਾਨ ਅੱਜ ਨਹੀਂ ਮਿਲ ਰਿਹਾ। ਭਾਈ ਰਣਜੀਤ ਸਿੰਘ ਨੇ ਗੰਭੀਰ ਇਲਜ਼ਾਮ ਲਾਉਂਦਿਆ ਕਿਹਾ ਕਿ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਵਾਬ ਦੇਣ ਕਿ ਸਿੱਖ ਕੌਮ ਦਾ ਇਹ ਅਨਮੋਲ ਖਜਾਨਾ ਕਿੱਥੇ ਗਿਆ ਅਤੇ ਕਿਸਦੇ ਹੁਕਮ ਨਾਲ ਕਿਹੜੇ ਡੇਰੇ ਨੂੰ ਦਿੱਤਾ ਗਿਆ?

 

 

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ 3 ਵਜੇ ਤੱਕ ਇੱਥੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੰਤਜ਼ਾਰ ਕਰਾਂਗੇ। ਭਾਈ ਰਣਜੀਤ ਸਿੰਘ ਨੇ ਭਾਈ ਲੌਂਗੋਵਾਲ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰੈੱਸ ਸਾਹਮਣੇ ਡਿਬੇਟ ਕਰਨ ਲਈ ਵੀ ਚੈਲੇਂਜ ਕੀਤਾ ਸੀ। ਫਿਲਹਾਲ ਭਾਈ ਰਣਜੀਤ ਸਿੰਘ ਨੇ ਐਲਾਨ ਕੀਤਾ ਕਿ ਅਸੀਂ 3 ਵਜੇ ਤੱਕ ਇੱਥੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਇੰਤਜ਼ਾਰ ਕਰਾਂਗੇ ਅਤੇ ਉਸਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।