India

DSGMC ਦੀਆਂ ਚੋਣਾਂ ਲਈ ਜਾਗੋ ਪਾਰਟੀ ਨੇ ਜਾਰੀ ਕੀਤੀ 15 ਉਮੀਦਵਾਰਾਂ ਦੀ ਸੂਚੀ

‘ਦ ਖ਼ਾਲਸ ਬਿਊਰੋ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਅੱਜ ਜਾਗੋ ਪਾਰਟੀ ਨੇ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕਾਰਕੁੰਨਾਂ ਦੇ ਭਰੇ ਸਮੂਹ ਨੂੰ ਸੰਬੋਧਨ ਕਰਦਿਆਂ ਕਮੇਟੀ ਚੋਣਾਂ ਦੇ ਨਤੀਜਿਆਂ ਨੂੰ ਹੈਰਾਨੀਜਨਕ ਹੋਣ ਦਾ ਦਾਅਵਾ ਕੀਤਾ। ਜੀਕੇ ਨੇ ਕਿਹਾ ਕਿ ਦਿੱਲੀ ਦੀਆਂ 3 ਰਵਾਇਤੀ ਪਾਰਟੀਆਂ ਵਿੱਚੋਂ ਪਹਿਲੀ ਵਾਰ ਪਾਰਟੀ ਉਮੀਦਵਾਰਾਂ ਦਾ ਐਲਾਨ ਕਰਦਿਆਂ ਅਸੀਂ ਸੰਗਤਾਂ ਨੂੰ ਉਨ੍ਹਾਂ ਦੀਆਂ ਤਿਆਰੀਆਂ ਤੋਂ ਜਾਣੂ ਕਰਾਇਆ ਹੈ।

ਸਿਰਫ 16 ਮਹੀਨਿਆਂ ਪੁਰਾਣੀ ਪਾਰਟੀ ਦੁਆਰਾ ਪੂਰੇ ਦਿੱਲੀ ਵਿੱਚ ਪਹਿਲੀ ਵਾਰ 46 ਸੀਟਾਂ ‘ਤੇ ਸਰਕਲ ਪ੍ਰਧਾਨਾਂ ਦਾ ਐਲਾਨ ਕਰਨ ਤੋਂ ਬਾਅਦ ਅੱਜ ਅਸੀਂ 15 ਉਮੀਦਵਾਰਾਂ ਦਾ ਐਲਾਨ ਕਰ ਰਹੇ ਹਾਂ, ਜਿਸ ਵਿੱਚ 2 ਪੀਐੱਚਡੀ ਅਤੇ 2 ਔਰਤ ਉਮੀਦਵਾਰਾਂ ਸ਼ਾਮਲ ਹਨ। ਜੀਕੇ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਦਾ ਕੋਈ ਉਮੀਦਵਾਰ ਨੋਟ ਨਹੀਂ ਵੰਡੇਗਾ ਅਤੇ ਨਾ ਹੀ ਸ਼ਰਾਬ ਵੰਡੇਗਾ। ਜਿਸਨੇ ਵੀ ਨੋਟਾਂ ਅਤੇ ਸ਼ਰਾਬ ਲਈ ਵੋਟ ਪਾਉਣੀ ਹੈ, ਕਿਰਪਾ ਕਰਕੇ ਉਹ ਜਾਗੋ ਦੇ ਉਮੀਦਵਾਰ ਨੂੰ ਵੋਟ ਨਾ ਪਾਉਣ। ਜੇ ਸਾਡੇ ਉਮੀਦਵਾਰਾਂ ਵਿੱਚੋਂ ਕਿਸੇ ਨੇ ਨੋਟ ਅਤੇ ਸ਼ਰਾਬ ਵੰਡਣ ਦੀ ਗਲਤੀ ਕੀਤੀ ਤਾਂ ਅਸੀਂ ਉਸਦੀ ਟਿਕਟ ਰੱਦ ਕਰਨ ਵਿੱਚ ਇੱਕ ਮਿੰਟ ਦੀ ਵੀ ਦੇਰੀ ਨਹੀਂ ਕਰਾਂਗੇ।

ਜਾਗੋ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਸੰਤਗੜ ਵਾਰਡ ਤੋਂ ਪਾਰਟੀ ਦੇ ਦਿੱਲੀ ਸੂਬਾ ਪ੍ਰਧਾਨ ਚਮਨ ਸਿੰਘ, ਟੈਗੋਰ ਗਾਰਡਨ ਤੋਂ ਪਾਰਟੀ ਦੇ ਪ੍ਰਮੁੱਖ ਜਨਰਲ ਸਕੱਤਰ ਪਰਮਿੰਦਰਪਾਲ ਸਿੰਘ, ਖਿਆਲਾ ਵਾਰਡ ਤੋਂ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ, ਕਨਾਟ ਪਲੇਸ ਵਾਰਡ ਤੋਂ ਸ਼ਮਸ਼ੇਰ ਸਿੰਘ ਸੰਧੂ, ਪ੍ਰੀਤ ਵਿਹਾਰ ਵਾਰਡ ਤੋਂ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਮੰਗਲ ਸਿੰਘ, ਰਾਜੌਰੀ ਗਾਰਡਨ ਵਾਰਡ ਤੋਂ ਪਾਰਟੀ ਦੇ ਕੌਮਾਂਤਰੀ ਮੀਤ ਪ੍ਰਧਾਨ ਰਾਜਾ ਬਲਦੀਪ ਸਿੰਘ, ਰਮੇਸ਼ ਨਗਰ ਵਾਰਡ ਤੋਂ ਯੂਥ ਕੌਰ ਬ੍ਰਿਗੇਡ ਦੀ ਸੂਬਾ ਪ੍ਰਧਾਨ ਡਾ. ਅਵਨੀਤ ਕੌਰ ਭਾਟੀਆ, ਸ਼ਕਤੀ ਨਗਰ ਵਾਰਡ ਤੋਂ ਕੌਰ ਬ੍ਰਿਗੇਡ ਦੀ ਕਨਵੀਨਰ ਹਰਪ੍ਰੀਤ ਕੌਰ, ਪੀਤਮਪੁਰਾ ਵਾਰਡ ਤੋਂ ਤਰਨਜੀਤ ਸਿੰਘ ਰਿੰਕੂ, ਹਰੀ ਨਗਰ ਵਾਰਡ ਤੋਂ ਪਰਮਜੀਤ ਸਿੰਘ ਮੱਕੜ, ਸ਼ਾਮ ਨਗਰ ਵਾਰਡ ਤੋਂ ਨੱਥਾ ਸਿੰਘ, ਤਿਲਕ ਨਗਰ ਵਾਰਡ ਤੋਂ ਕੰਵਲਜੀਤ ਸਿੰਘ ਜੌਲੀ, ਵਿਕਾਸ ਪੁਰੀ ਵਾਰਡ ਤੋਂ ਜਗਦੇਵ ਸਿੰਘ, ਸਫਦਰਜੰਗ ਐਨਕਲੇਵ ਤੋਂ ਸਤਨਾਮ ਸਿੰਘ ਖੀਵਾ ਅਤੇ ਗੀਤਾ ਕਲੋਨੀ ਵਾਰਡ ਤੋਂ ਕੁਲਵਿੰਦਰ ਸਿੰਘ ਸ਼ਾਮਿਲ ਹਨ। ਇਸ ਮੌਕੇ ਜਾਗੋ ਦੇ ਸਰਪ੍ਰਸਤ ਡਾਕਟਰ ਹਰਮੀਤ ਸਿੰਘ ਅਤੇ ਜੀਕੇ ਨੇ ਪਾਰਟੀ ਉਮੀਦਵਾਰਾਂ ਨੂੰ ਸਿਰੋਪਾਓ ਅਤੇ ਪਾਰਟੀ ਦਾ ਪਟਕਾ ਪਾ ਕੇ ਜਿੱਤ ਦਾ ਅਸ਼ੀਰਵਾਦ ਦਿੱਤਾ।