International

ਕੁਵੈਤ ਸਰਕਾਰ ਦਾ ਵੱਡਾ ਐਲਾਨ, 1 ਅਗਸਤ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ

‘ਦ ਖ਼ਾਲਸ ਬਿਊਰੋ:- ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਬੰਦ ਪਈਆਂ ਅੰਤਰਰਾਸ਼ਟਰੀ ਏਅਰਲਾਈਨਾਂ ਨੂੰ ਕੁਵੈਤ ਦੀ ਸਰਕਾਰ ਨੇ 1 ਅਗਸਤ ਤੋਂ  ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੁਵੈਤ ਸਰਕਾਰ ਨੇ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਈਰਾਨ ਅਤੇ ਫਿਲੀਪੀਨਜ਼ ਦੇ ਪ੍ਰਵਾਸੀਆਂ ਤੋਂ ਇਲਾਵਾ ਕੁਵੈਤ ਦੇ ਨਾਗਰਿਕ ਅਤੇ ਕੁਵੈਤ ਵਿੱਚ ਰਹਿ ਰਹੇ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਨੂੰ 1 ਅਗਸਤ ਤੋਂ ਆਉਣ ਜਾਣ ਦੀ ਇਜ਼ਾਜ਼ਤ ਦੇਣ ਦਾ ਐਲਾਨ ਕੀਤਾ।

ਭਾਰਤੀ ਵਿਦੇਸ਼ ਮੰਤਰਾਲਾ ਭਾਰਤੀ ਨਾਗਰਿਕਾਂ ‘ਤੇ ਲਗਾਈ ਗਈ ਇਸ ਪਾਬੰਦੀ ਤੋਂ ਜਾਣੂ ਹੈ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਵੈਤ ਸਰਕਾਰ ਦੇ ਇਸ ਫੈਸਲੇ ਨਾਲ ਭਾਰਤੀਆਂ ਅਤੇ ਉੱਥੇ ਕੰਮ ਕਰ ਰਹੇ ਉਨ੍ਹਾਂ ਦੇ ਪਰਿਵਾਰ ਚਿੰਤਤ ਹਨ।

ਇੰਡੀਆ ਕਮਿਊਨਿਟੀ ਸਪੋਰਟ ਗਰੁੱਪ ਦੇ ਪ੍ਰਧਾਨ ਰਾਜਪਾਲ ਤਿਆਗੀ ਨੇ ਕੁਵੈਤ ਨੂੰ ਫੋਨ ਉੱਤੇ ਦੱਸਿਆ ਕਿ ਇਸ ਫੈਸਲੇ ਨਾਲ ਮਹਾਂਮਾਰੀ ਦੇ ਕਾਰਨ ਭਾਰਤ ਵਿੱਚ ਫਸੇ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੈਂਕੜੇ ਅਜਿਹੇ ਪਰਿਵਾਰ ਹਨ ਜਿਨ੍ਹਾਂ ਦੇ ਕੁੱਝ ਲੋਕ ਕੁਵੈਤ ਵਿੱਚ ਰਹਿੰਦੇ ਹਨ ਅਤੇ ਕੁੱਝ ਭਾਰਤ ਜਾ ਕੇ ਫੱਸ ਗਏ ਹਨ ਅਤੇ ਹੁਣ ਉਹ ਸਾਰੇ ਵਾਪਸ ਆਉਣਾ ਚਾਹੁੰਦੇ ਹਨ।

ਰਾਜਪਾਲ ਤਿਆਗੀ ਦਾ ਕਹਿਣਾ ਹੈ ਕਿ ਜੋ ਲੋਕ ਛੁੱਟੀਆਂ ‘ਤੇ ਵਾਪਸ ਚਲੇ ਗਏ ਹਨ,ਉਹ ਆਪਣੀ ਨੌਕਰੀ ‘ਤੇ ਨਹੀਂ ਜਾ ਸਕਦੇ, ਬਹੁਤ ਸਾਰੇ ਲੋਕਾਂ ਦਾ ਆਪਣਾ ਵੀਜ਼ਾ ਖਤਮ ਹੋਣ ‘ਤੇ ਹੁੰਦਾ ਹੈ, ਜੇ ਉਹ ਵਾਪਿਸ ਨਹੀਂ ਆਉਂਦੇ ਤਾਂ ਉਨ੍ਹਾਂ ਦਾ ਇਹ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਕਾਰੋਬਾਰੀ ਦਾ ਕੰਮ ਕਰਨ ਦਾ ਲਾਇਸੈਂਸ ਵੀਜ਼ੇ ਨਾਲ ਜੁੜਿਆ ਹੋਇਆ ਹੈ। ਇਸ ਨਾਲ ਇੱਕ ਲਾਇਸੈਂਸ ਦੇ ਰੱਦ ਹੋਣ ਨਾਲ ਦੂਜਾ ਲਾਇਸੈਂਸ ਵੀ ਖਤਮ ਹੋ ਜਾਵੇਗਾ।

ਇੰਡੀਆ ਕਮਿਊਨਿਟੀ ਸਪੋਰਟ ਗਰੁੱਪ ਨੇ ਇਸ ਸਬੰਧ ਵਿੱਚ ਕੁਵੈਤ ਦੂਤਘਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਵੀ ਲਿਖਿਆ ਹੈ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੁਵੈਤ ਲਈ ਭਾਰਤ ਤੋਂ ਹਵਾਈ ਸੇਵਾਵਾਂ ਬਹਾਲ ਕੀਤੀਆਂ ਜਾਣ।

ਕੁਵੈਤ ਵਿੱਚ ਮੌਜੂਦ ਸਰੋਤਾਂ ਅਤੇ ਭਾਰਤ ਸਰਕਾਰ ਦੇ ਬਿਆਨਾਂ ਤੋਂ ਇਹ ਸਮਝਿਆ ਜਾ ਰਿਹਾ ਹੈ ਕਿ ਭਾਰਤੀ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ ਦਾ ਇੱਕ ਵੱਡਾ ਕਾਰਨ ਦੋਵਾਂ ਦੇਸ਼ਾਂ ਭਾਰਤ ਅਤੇ ਕੁਵੈਤ ਵਿਚਾਲੇ ਜਹਾਜ਼ਾਂ ਦੀ ਉਡਾਣ ਵਿੱਚ ਹੋ ਰਿਹਾ ਝਗੜਾ ਵੀ ਹੋ ਸਕਦਾ ਹੈ।

ਕੁਵੈਤ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਾਰਚ ਦੇ ਅੱਧ ਵਿੱਚ ਅੰਤਰਰਾਸ਼ਟਰੀ ਏਅਰਲਾਈਨਾਂ ‘ਤੇ ਪਾਬੰਦੀ ਲਗਾ ਦਿੱਤੀ ਸੀ ਪਰ ਹਾਲ ਹੀ ਵਿੱਚ ਦੋ ਮਹੀਨਿਆਂ ਵਿੱਚ ਉੱਥੇ ਫਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲਿਜਾਣ ਲਈ ਕੁੱਝ ਉਡਾਣਾਂ ਦੀ ਇਜਾਜ਼ਤ ਦਿੱਤੀ ਗਈ ਸੀ। ਇਨ੍ਹਾਂ ਵਿਚ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਸ਼ਾਮਲ ਹਨ।

ਹਾਲਾਂਕਿ, ਇਸ ਸੰਬੰਧ ਵਿੱਚ ਭਾਰਤੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਸੱਕਤਰ ਅਤੇ ਕੁਵੈਤ ਡਾਇਰੈਕਟੋਰੇਟ ਜਨਰਲ ਸਿਵਲ ਹਵਾਬਾਜ਼ੀ ਦੇ ਸਕੱਤਰ ਦੇ ਵਿਚਕਾਰ ਆਪਸੀ ਉਡਾਣਾਂ ਦੇ ਸਮਝੌਤੇ ਲਈ ਗੱਲਬਾਤ ਚੱਲ ਰਹੀ ਹੈ ਅਤੇ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਦਾ ਜਲਦੀ ਹੱਲ ਹੋ ਜਾਵੇਗਾ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਇਹ ਇੱਕ ਅਸਥਾਈ ਪਾਬੰਦੀ ਹੈ ਜੋ ਸਿਰਫ ਭਾਰਤ ‘ਤੇ ਹੀ ਨਹੀਂ ਲਗਾਈ ਗਈ ਅਤੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।