‘ਦ ਖ਼ਾਲਸ ਬਿਊਰੋ :- ਲੱਦਾਖ ‘ਚ ਹੋਈ ਭਾਰਤ- ਚੀਨ ਦੇ ਫੌਜੀਆਂ ਵਿਚਾਲੇ ਝੱੜਪ ਨੂੰ ਲੈ ਕੇ ਕੱਲ੍ਹ ਦੋਵਾਂ ਮੁਲਕਾਂ ਦੇ  ਵਿਚਾਲੇ ਫ਼ੌਜੀ ਪੱਧਰ ‘ਤੇ ਹੋਈ ਛੇਵੇਂ ਗੇੜ ਦੀ ਗੱਲਬਾਤ ਲਗਭਗ 14 ਘੰਟੇ ਚੱਲੀ ਤੇ ਇਹ ਦੋਵਾਂ ਮੁਲਕਾਂ ਵਿਚਾਲੇ ਤਣਾਅ ਘਟਾਉਣ ’ਤੇ ਕੇਂਦਰਤ ਰਹੀ। ਸੂਤਰਾਂ ਮੁਤਾਬਿਕ ਪੂਰਬੀ ਲੱਦਾਖ ਦੇ ਬੇਹੱਦ ਕਰੜੇ ਤੇ ਉਚਾਈ ਵਾਲੇ ਇਲਾਕਿਆਂ ਵਿੱਚ ਸਖ਼ਤ ਸਰਦੀ ਜਲਦੀ ਪੈਣੀ ਸ਼ੁਰੂ ਹੋ ਜਾਵੇਗੀ। ਇਸ ਲਈ ਦੋਵੇਂ ਧਿਰਾਂ ਟਕਰਾਅ ਟਾਲਣ ਦਾ ਪੂਰਾ ਯਤਨ ਕਰ ਰਹੀਆਂ ਹਨ।

21 ਸਤੰਬਰ ਨੂੰ ਹੋਈ ਲੰਮੀ ਗੱਲਬਾਤ ਦੇ ਸਿੱਟਿਆਂ ਬਾਰੇ ਹਾਲੇ ਪੂਰੀ ਤਰ੍ਹਾਂ ਕੁੱਝ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਸੰਵਾਦ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਈਆਂ ਹਨ, ਅਤੇ ਫੇਰ ਮੁਲਾਕਾਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਭਾਰਤ ਤੇ ਚੀਨ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਨੇ ਪੰਜ ਨੁਕਤਿਆਂ ‘ਤੇ ਹੋਏ ਸਮਝੌਤੇ ਨੂੰ ਲਾਗੂ ਕਰਨ ਬਾਰੇ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਪੂਰਬੀ ਲੱਦਾਖ ਵਿਚ ਫ਼ੌਜਾਂ ਨੂੰ ਪਿੱਛੇ ਹਟਾਉਣ ਤੇ ਗੰਭੀਰ ਤਣਾਅ ਵਾਲੀ ਸਥਿਤੀ ’ਚ ਸੁਧਾਰ ਲਿਆਉਣ ਲਈ ਕਈ ਨੁਕਤਿਆਂ ‘ਤੇ ਸਹਿਮਤੀ ਬਣੀ ਹੈ।

ਛੇਵੇਂ ਗੇੜ ਦੀ ਗੱਲਬਾਤ ਸੋਮਵਾਰ 21 ਸਤੰਬਰ ਦੀ ਸਵੇਰੇ ਅਸਲ ਕੰਟਰੋਲ ਰੇਖਾ ਦੇ ਚੀਨ ਵਾਲੇ ਪਾਸੇ ਮੋਲਡੋ ਵਿਚ ਸ਼ੁਰੂ ਹੋਈ। ਭਾਰਤੀ ਵਫ਼ਦ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਜੋ ਕਿ ਲੇਹ ਆਧਾਰਿਤ 14ਵੀਂ ਫ਼ੌਜੀ ਕੋਰ ਦੇ ਕਮਾਂਡਰ ਹਨ, ਨੇ ਕੀਤੀ। ਭਾਰਤੀ ਟੀਮ ਵਿੱਚ ਵਿਦੇਸ਼ ਮੰਤਰਾਲੇ ਤੋਂ ਜਾਇੰਟ ਸਕੱਤਰ ਪੱਧਰ ਦਾ ਅਧਿਕਾਰੀ ਅਤੇ ਲੈਫ਼ਟੀਨੈਂਟ ਜਨਰਲ ਪੀਜੀਕੇ ਮੈਨਨ ਵੀ ਸ਼ਾਮਲ ਹਨ। ਇਹ ਪਹਿਲੀ ਵਾਰ ਸੀ ਕਿ ਉੱਚ ਪੱਧਰੀ ਫ਼ੌਜੀ ਸੰਵਾਦ ’ਚ ਵਿਦੇਸ਼ ਮੰਤਰਾਲੇ ਨੂੰ ਵੀ ਸ਼ਾਮਲ ਕੀਤਾ ਗਿਆ। ਸਰਕਾਰੀ ਸੂਤਰਾਂ ਮੁਤਾਬਕ ਗੱਲਬਾਤ ਦਾ ਏਜੰਡਾ ਸਮਝੌਤੇ ਨੂੰ ਲਾਗੂ ਕਰਨ ਲਈ ਸਮਾਂ-ਸੀਮਾ ਤੈਅ ਕਰਨਾ ਸੀ।

ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ਵਿਚਾਲੇ ਪੰਜ ਨੁਕਤਿਆਂ ਉਤੇ ਸਹਿਮਤੀ ਬਣੀ ਸੀ। ਦੋਵਾਂ ਵਿਚਾਲੇ ਮੀਟਿੰਗ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ ਦੇ ਇਕੱਠ ਦੌਰਾਨ 10 ਸਤੰਬਰ ਨੂੰ ਮਾਸਕੋ ਵਿਚ ਹੋਈ ਸੀ। ਮੁਲਾਕਾਤ ਦਾ ਮੰਤਵ ਫ਼ੌਜਾਂ ਨੂੰ ਇਕ-ਦੂਜੇ ਤੋਂ ਦੂਰ ਕਰਨਾ ਤੇ ਅਜਿਹੇ ਹਾਲਾਤ ਪੈਦਾ ਹੋਣ ਤੋਂ ਰੋਕਣਾ ਸੀ ਜਿਨ੍ਹਾਂ ਕਾਰਨ ਤਣਾਅ ਵਧੇ।

ਡੋਕਲਾਮ ਤੋਂ ਬਾਅਦ LAC ਨੇੜੇ ਚੀਨ ਨੇ ਹਵਾਈ ਸਮਰੱਥਾ ਦੁੱਗਣੀ ਕੀਤੀ

ਆਲਮੀ ਸੁਰੱਖਿਆ ਸਲਾਹਕਾਰ ਫਰਮ ‘ਸਟ੍ਰੈਟਫਾਰ’ ਮੁਤਾਬਕ ਡੋਕਲਾਮ ਟਕਰਾਅ (2017) ਤੋਂ ਬਾਅਦ ਚੀਨ ਨੇ ਅਸਲ ਕੰਟਰੋਲ ਰੇਖਾ ਲਾਗੇ 13 ਬਿਲਕੁਲ ਨਵੇਂ ਫ਼ੌਜ ਟਿਕਾਣਿਆਂ ਦੀ ਉਸਾਰੀ ਸ਼ੁਰੂ ਕੀਤੀ ਹੈ। ਇਨ੍ਹਾਂ ਵਿੱਚ ਤਿੰਨ ਹਵਾਈ ਅੱਡੇ ਵੀ ਸ਼ਾਮਲ ਹਨ। ਪੰਜ ਸਥਾਈ ਹਵਾਈ ਸੁਰੱਖਿਆ ਪੁਜ਼ੀਸ਼ਨਾਂ ਤੇ ਪੰਜ ਅੱਡੇ ਹੈਲੀਕੌਪਟਰ ਲੈਂਡ (ਹੈਲੀਪੋਰਟ) ਕਰਨ ਲਈ ਉਸਾਰੇ ਜਾ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਰ ਹੈਲੀਪੋਰਟ ਮਈ ਵਿਚ ਪੂਰਬੀ ਲੱਦਾਖ ਦੇ ਵਿਵਾਦ ਤੋਂ ਬਾਅਦ ਉਸਾਰੇ ਜਾ ਰਹੇ ਹਨ।

Leave a Reply

Your email address will not be published. Required fields are marked *