Punjab

ਭਾਰਤੀ ਕਿਸਾਨ ਯੂਨੀਅਨ ਨੇ ਕੇਂਦਰ ਖਿਲਾਫ਼ ਕੀਤਾ ਪ੍ਰਦਰਸ਼ਨ, ਅਲੱਗ-ਅਲੱਗ ਮੁੱਦਿਆਂ ‘ਤੇ ਉਠਾਏ ਸਵਾਲ

‘ਦ ਖ਼ਾਲਸ ਬਿਊਰੋ:- ਬਠਿੰਡਾ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕੇਂਦਰ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਵੱਲੋਂ ਕੌਮੀ ਹਕੂਮਤ ਨਾਲ ਸਬੰਧਿਤ ਮੰਗਾਂ ਬਾਰੇ ਪ੍ਰਧਾਨ ਮੰਤਰੀ ਦੇ ਨਾਂ ਇਕ ਮੰਗ-ਪੱਤਰ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਹੱਕੀ ਮੰਗਾਂ ਲਈ ਆਵਾਜ਼ ਬਣਨ ਵਾਲੇ ਬੁੱਧੀਜੀਵੀਆਂ, ਪੱਤਰਕਾਰਾਂ, ਵਕੀਲਾਂ, ਸਾਹਿਤਕਾਰਾਂ ਤੋਂ ਪਾਬੰਦੀਆਂ ਖਤਮ ਕਰਕੇ ਉਨ੍ਹਾਂ ’ਤੇ ਬਣਾਏ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ।

ਬਜ਼ੁਰਗ ਕਵੀ ਵਰਵਰਾ ਰਾਓ ਸਮੇਤ ਸ਼ਾਹੀਨ ਬਾਗ ਅਤੇ ਜਾਮੀਆ ਯੂਨੀਵਰਸਿਟੀ ਦੇ ਨਜ਼ਰਬੰਦਾਂ ਨੂੰ ਰਿਹਾਅ ਕੀਤਾ ਜਾਵੇ। ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨੀ ਨਾਲ ਸਬੰਧਿਤ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲਏ ਜਾਣ। ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਡਾ. ਸਵਾਮੀਨਾਥਨ ਰਿਪੋਰਟ ਦੇ ਫਾਰਮੂਲੇ (ਸੀ-2 + 50%) ਅਨੁਸਾਰ ਮਿੱਥੇ ਜਾਣ। ਸਮੁੱਚੀਆਂ ਫਸਲਾਂ ਖਰੀਦਣ ਦੀ ਬਾਕਾਇਦਾ ਕਾਨੂੰਨੀ ਤੌਰ ’ਤੇ ਗਾਰੰਟੀ ਦਿੱਤੀ ਜਾਵੇ ਆਦਿ।

ਇਸ ਰੋਸ ਵਿਖਾਵੇ ਦੀ ਅਗਵਾਈ ਭਾਕਿਯੂ (ਉਗਰਾਹਾਂ) ਦੀ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਨੇ ਕੀਤੀ ਤੇ ਜ਼ਿਲ੍ਹਾ ਬਠਿੰਡਾ ਦੇ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ, ਜੱਗਾ ਸਿੰਘ ਜੋਗੇ ਵਾਲਾ ਆਦਿ ਨੇ ਵੀ ਇਸ ਵਿੱਚ ਹਿੱਸਾ ਲਿਆ।