‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ, ਮਾਂਟਰੀਅਲ ਦੇ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਵੱਲੋਂ 18 ਅਕਤੂਬਰ, 2020 ਨੂੰ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਮੌਤ ਦੇ ਵਾਰੰਟ ਰੂਪੀ ਕਾਨੂੰਨ ਪਾਸ ਕਰਨ ਦੀ ਉੱਚੀ ਸੁਰ ਵਿੱਚ ਨਿਖੇਧੀ ਕੀਤੀ ਗਈ। ਇੱਕ ਤੋਂ ਬਾਅਦ ਇੱਕ ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਅਤੇ ਪੰਜਾਬ ਮਾਰੂ ਨੀਤੀਆਂ ਦਾ ਖੁਲਾਸਾ ਕਰਦਿਆਂ ਇਨ੍ਹਾਂ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਮੁਕੰਮਲ ਤੌਰ ‘ਤੇ ਗੁਲਾਮੀ ਦੀ ਬਿਮਾਰੀ ਨੂੰ ਗਲੋਂ ਲਾਹੁਣ ਤੱਕ ਡਟੇ ਰਹਿਣ ਦੀ ਅਪੀਲ ਕੀਤੀ। ਸੈਂਕੜੇ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇਸ ਰੈਲੀ ਵਿੱਚ ਸ਼ਮੂਲੀਅਤ ਕਰਕੇ ਦਿੱਲੀ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਦੇ ਤਾਜ਼ਾ ਤਜ਼ਰਬਿਆਂ ਨੂੰ ਸਾਂਝਾ ਕੀਤਾ।

ਸਮੁੱਚੀ ਸੰਗਤ ਗੁਰਦੁਆਰਾ ਗੁਰੂ ਨਾਨਾਕ ਦਰਬਾਰ ਲਾਸਾਲ ਮਾਂਟਰੀਅਲ ਦੀ ਪਾਰਕਿੰਗ ਲਾਟ ਵਿੱਚ ਇੱਕਤਰ ਹੋਈ। ਬੈਨਰ ਅਤੇ ਖਾਲਸਾਈ ਝੰਡਿਆਂ ਨਾਲ ਕੇਸਰੀ ਨਿਸ਼ਾਨ ਹੇਠ ਮੰਚ ਸਜਾਇਆ ਗਿਆ। ਗੁਰਦੁਆਰਾ ਸਾਹਿਬ ਦੀ ਦਹਿਲੀਜ਼ ‘ਤੇ ਵੱਖ ਵੱਖ ਬੁਲਾਰਿਆਂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ।

ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਨੇ ਭਾਰਤ ਸਰਕਾਰ ਦੇ ਕਾਲੇ ਕਾਰਨਾਮਿਆਂ ਦਾ ਕੱਚਾ ਚਿੱਠਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕਾਲੇ ਕਾਨੂੰਨ ਪਹਿਲੇ ਨਹੀਂ, ਬਲਕਿ ਇਹ ਦਿੱਲੀ ਦਾ ਪਿਛਲੇ 70 ਸਾਲਾਂ ਦਾ ਲਗਾਤਾਰ ਚੱਲਦਾ ਆ ਰਿਹਾ ਵਰਤਾਰਾ ਹੈ, ਜੋ ਬਿਲਕੁਲ ਬਰਦਾਸ਼ਤ ਨਹੀਂ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਇਸ ਮੌਕੇ ਗਰਜਵੀਂ ਆਵਾਜ਼ ਵਿੱਚ ਭਾਰਤ ਸਰਕਾਰ ਦੇ ਘਟੀਆ ਹੱਥਕੰਡਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਸਿੱਖ ਕੌਮ ਦੇ ਇਤਹਾਸ ਵੱਲ ਨਜ਼ਰ ਮਾਰੇ। ਉਨ੍ਹਾਂ ਮੀਰੀ ਪੀਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਲੀਡਰਸ਼ਿਪ ਨੂੰ ਵੀ ਧਰਮ ਦੇ ਝਰੋਖੇ ਵਿੱਚ ਸਿਆਸਤ ਦੀਆਂ ਪੌੜੀਆਂ ਚੜ੍ਹਨੀਆਂ ਚਾਹੀਦੀਆਂ ਹਨ। ਮਾਂਟਰੀਅਲ ਇਲਾਕੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਵਿੱਚ ਨਿੱਗਰ ਭੂਮਿਕਾ ਨਿਭਾਉਣ ਵਾਲੇ ਪਰਮਿੰਦਰ ਸਿੰਘ ਪਾਂਗਲੀ ਨੇ ਕਿਹਾ ਕਿ ਇਹ ਮੁੱਦਾ ਤਿੰਨ ਆਰਡੀਨੈਂਸਾਂ ਦਾ ਨਹੀਂ, ਇਹ ਗੁਲਾਮੀ ਦਾ ਮੁੱਦਾ ਹੈ। ਗੁਲਾਮੀ ਦਾ ਜੂਲ੍ਹਾ ਗਲੋਂ ਲਾਹੁਣ ਨਾਲ ਹੀ ਪੰਜਾਬ ਦੇ ਵਸ਼ਿੰਦਿਆਂ ਨੂੰ ਸੁੱਖ ਦਾ ਸਾਹ ਆ ਸਕਦਾ ਹੈ।

ਇਸ ਰੈਲੀ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਆਪਣੇ ਵਾਹਨਾਂ ਨਾਲ ਸ਼ਮੂਲੀਅਤ ਕੀਤੀ ਅਤੇ ਬੜੇ ਜੋਸ਼ ਨਾਲ ਨਾਅਰੇਬਾਜ਼ੀ ਕੀਤੀ।

Leave a Reply

Your email address will not be published. Required fields are marked *