Punjab

ਮੋਗਾ ‘ਚ ਕਿਸਾਨ ਜਥੇਬੰਦੀਆਂ ਸਣੇ ਔਰਤਾਂ ਨੇ ਅਡਾਨੀ ਐਗਰੋ ਤੇ ਰਿਲਾਇੰਸ ਪੈਟਰੋਲ ਪੰਪ ਬਾਹਰ ਪੱਕਾ ਧਰਨਾ

‘ਦ ਖ਼ਾਲਸ ਬਿਊਰੋ ( ਮੋਗਾ ) :- ਪੰਜਾਬ ‘ਚ ਕੇਂਦਰ ਸਰਕਾਰ ਵੱਲੋਂ ਸੋਧੇ ਗਏ ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਨੇ ਤਿੱਖੇ ਸੰਘਰਸ਼ ਦੀ ਤਿਆਰੀ ਵਿੱਢ ਦਿੱਤੀ ਹੈ। 31 ਕਿਸਾਨ ਜਥੇਬੰਦੀਆਂ ਪਿਛਲੇ 8 ਦਿਨਾਂ ਤੋਂ ਰੇਲ ਰੋਕੋ ਅੰਦੋਲਨ ਦੇ ਤਹਿਤ ਪਟੜੀਆਂ ‘ਤੇ ਡਟਿਆਂ ਹੋਈਆਂ ਹਨ। ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ 3 ਖੇਤੀ-ਕਾਨੂੰਨਾਂ ਤੇ ਬਿਜਲੀ ਸੋਧ ਐਕਟ ਖ਼ਿਲਾਫ਼ 1 ਅਕਤੂਬਰ ਤੋਂ ਅਣਮਿੱਥੇ ਸਮੇਂ ਤੱਕ ਰੇਲ-ਰੋਕੋ ਅੰਦਲੋਨ ਸ਼ੁਰੂ ਕਰ ਦਿੱਤਾ ਹੈ।

ਜਿਸ ਦੇ ਤਹਿਤ ਕਿਸਾਨਾਂ ਨੇ ਮੋਗਾ ‘ਚ ਵੀ ਅਣਮਿਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਇਸ ਧਰਨੇ ‘ਚ ਵੱਡੀ ਗਿਣਤੀ ‘ਚ ਔਰਤਾਂ ਵੀ ਸ਼ਾਮਿਲ ਹੋ ਗਈਆਂ ਹਨ। ਉਥੇ ਹੀ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਖਿਲਾਫ ਵੀ ਹੱਲਾ ਬੋਲਿਆ ਹੋਇਆ ਹੈ। ਕਿਸਾਨਾਂ ਨੇ ਮੋਗਾ ‘ਚ ਬਣੇ ਅਡਾਨੀ ਐਗਰੋ ਦੇ ਬਾਹਰ ਵੀ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੀ ਕਮਾਨ ਕਾਰਪੋਰੇਟ ਘਰਾਣਿਆਂ ਦੇ ਹੱਥ ‘ਚ ਚਲੀ ਗਈ ਤਾਂ ਪੰਜਾਬ ‘ਚ ਕਿਸਾਨੀ ਤਬਾਹ ਹੋ ਜਾਵੇਗੀ। ਉਹਨਾਂ ਕਿਹਾ ਕਿ ਇਹ ਹੀ ਕਾਰਨ ਹੈ ਕਿ ਅੱਜ ਕਿਸਾਨ ਜੀਓ ਸਿਮ, ਰਿਲਾਇੰਸ ਮਾਲ ਤੇ ਰਿਲਾਇੰਸ ਪੈਟਰੋਲ ਪੰਪ ਦਾ ਬਾਈਕਾਟ ਕਰ ਰਹੇ ਹਨ।