India Punjab

ਹੁਣ ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫ਼ਕੋ ਨੇ ਕਿਸਾਨਾਂ ‘ਤੇ ਪਾਇਆ ਵੱਡਾ ਬੋਝ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫ਼ਕੇ ਨੇ ਡੀਏਪੀ ਖਾਦ ਦੀਆਂ ਕੀਮਤਾਂ ਨੂੰ 40 ਫ਼ੀਸਦੀ ਤੱਕ ਵਧਾ ਦਿੱਤਾ ਹੈ। ਹੁਣ ਨਵੇਂ ਰੇਟ ਅਨੁਸਾਰ ਇਫ਼ਕੋ ਦਾ ਡੀਏਪੀ ਖਾਦ ਦਾ ਪ੍ਰਤੀ 50 ਕਿਲੋ ਬੈਗ 1900 ਰੁਪਏ ’ਚ ਮਿਲੇਗਾ, ਜਦ ਕਿ ਪਹਿਲਾਂ ਇਹ 1200 ਰੁਪਏ ਵਿੱਚ ਮਿਲਦਾ ਸੀ।

ਇਫ਼ਕੋ ਦੇ ਮਾਰਕਟਿੰਗ ਡਾਇਰੈਕਟਰ ਯੋਗੇਂਦਰ ਕੁਮਾਰ ਨੇ ਜੋ ਪੱਤਰ ਜਾਰੀ ਕੀਤਾ ਹੈ ਉਸ ਮੁਤਾਬਕ ਇਹ ਵਧੀਆਂ ਦਰਾਂ 1 ਅਪਰੈਲ 2021 ਤੋਂ ਹੀ ਲਾਗੂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੀਆਂ ਸਹਿਕਾਰੀ ਸਭਾਵਾਂ ਵਿੱਚ ਇਫ਼ਕੋ ਦੀ ਡੀਏਪੀ 25 ਫ਼ੀਸਦੀ ਸਪਲਾਈ ਹੁੰਦੀ ਹੈ। ਸੂਤਰਾਂ ਅਨੁਸਾਰ ਕੁਝ ਫ਼ਰਟੀਲਾਈਜ਼ਰ ਕੰਪਨੀਆਂ ਨੇ ਫਰਵਰੀ ਮਹੀਨੇ ’ਚ ਡੀਏਪੀ ਦੀਆਂ ਨਵੀਆਂ ਦਰਾਂ 13-14 ਸੌ ਰੁਪਏ ਐੱਮਆਰਪੀ ’ਤੇ ਮਾਲ ਮਾਰਕੀਟ ਭੇਜ ਦਿੱਤਾ ਸੀ ਪਰ ਹੁਣ ਇਫ਼ਕੋ ਨੇ ਕੀਮਤਾਂ ਦੇ ਵਾਧਾ ਕੀਤਾ ਹੈ।

ਇਫ਼ਕੋ ਦੀਆਂ ਵਧੀਆਂ ਦਰਾਂ ’ਚ ਖਾਦ ਦੇ ਹੋਰ ਉਦਪਾਦ ਐੱਨਪੀਕੇ 10-26-26 ਦੇ 50 ਕਿੱਲੋ ਬੈਗ ਦਾ ਨਵਾਂ ਰੇਟ 1775 ਰੁਪਏ, ਐੱਨਪੀਕੇ 12-32-16 ਦਾ ਰੇਟ 1800 ਰੁਪਏ, ਐੱਨਪੀ 20-20-0-13 ਦਾ ਰੇਟ 1350 ਰੁਪਏ ਅਤੇ ਐੱਨਪੀਕੇ 15-15-15 ਦਾ ਨਵਾਂ ਰੇਟ 1500 ਮਿੱਥਿਆ ਗਿਆ ਹੈ। ਇਫ਼ਕੋ ਦੇ ਜ਼ਿਲਾ ਚੀਫ਼ ਮੈਨੇਜਰ ਹਰਮੇਲ ਸਿੰਘ ਸਿੱਧੂ ਨੇ ਵਧੀਆਂ ਦਰਾਂ ਦੀ ਪੁਸ਼ਟੀ ਕਰਦੇ ਕਿਹਾ ਕਿ ਅੱਜ ਪੱਤਰ ਜਾਰੀ ਹੋਇਆ ਹੈ।