Punjab

ਹੁਸ਼ਿਆਰਪੁਰ ‘ਚ ਦੋ ਖ਼ਾਲਿਸਤਾਨੀ ਕਾਰਕੁੰਨ ਗ੍ਰਿਫ਼ਤਾਰ, ਭਾਰੀ ਗਿਣਤੀ ‘ਚ ਹਥਿਆਰ ਬਰਾਮਦ

‘ਦ ਖ਼ਾਲਸ ਬਿਊਰੋ ( ਹੁਸ਼ਿਆਰਪੁਰ ) :-  ਹੁਸ਼ਿਆਰਪੁਰ ਦੇ ਪਿੰਡ ਨੂਰਪੁਰ ਜੱਟਾਂ ਦੇ ਦੋ ਵਿਅਕਤੀਆਂ ਮੱਖਣ ਸਿੰਘ ਗਿੱਲ ਉਰਫ਼ ਅਮਲੀ ਤੇ ਦਵਿੰਦਰ ਸਿੰਘ ਉਰਫ਼ ਹੈਪੀ ਨੂੰ ਕੱਲ੍ਹ ਪੁਲੀਸ ਨੇ ਗ੍ਰਿਫ਼ਤਾਰ ਕਰਕੇ ‘ਖਾਲਿਸਤਾਨ ਜ਼ਿੰਦਾਬਾਦ ਫ਼ੋਰਸ’ ਦੀ ਸਾਜਿਸ਼ ਦਾ ਪਰਦਾਫ਼ਾਸ਼ ਕੀਤਾ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਇੱਕ ਐੱਮਪੀ-5 ਸਬ ਮਸ਼ੀਨਗੰਨ, ਇੱਕ 9 ਐੱਮਐੱਮ ਪਿਸਤੌਲ, 4 ਮੈਗਜ਼ੀਨ ਤੇ 60 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਕੋਲੋਂ ਇੱਕ ਈਟੀਓਸ ਕਾਰ (ਪੀਬੀ-11-ਬੀਕਿਯੂ 9994), 4 ਮੋਬਾਈਲ ਫੋਨ ਤੇ ਇੱਕ ਇੰਟਰਨੈੱਟ ਡੌਂਗਲ ਵੀ ਬਰਾਮਦ ਹੋਈ ਹੈ।

ਜ਼ਿਲ੍ਹਾ ਪੁਲੀਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਵਾਂ ਨੇ ਇਹ ਕਬੂਲ ਕੀਤਾ ਹੈ ਕਿ ਕੈਨੇਡਾ ਰਹਿੰਦੇ ਹਰਪ੍ਰੀਤ ਸਿੰਘ ਨੇ ਕਰੀਬ ਦੋ ਮਹੀਨੇ ਪਹਿਲਾਂ ਇਨ੍ਹਾਂ ਨਾਲ ਸੰਪਰਕ ਕਰਕੇ ਇਨ੍ਹਾਂ ਨੂੰ ਪੰਜਾਬ ਵਿੱਚ ਅਤਿਵਾਦ ਦੀ ਸਥਿਤੀ ਬਣਾਉਣ ਲਈ ਉਕਸਾਇਆ। ਤਫ਼ਤੀਸ਼ ਦੌਰਾਨ ਦਿੱਤੇ ਬਿਆਨਾਂ ਅਨੁਸਾਰ, ਹਰਪ੍ਰੀਤ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਕਾਰਕੁਨ ਹੈ, ਜੋ ਅਕਸਰ ਪਾਕਿਸਤਾਨ ਜਾਂਦਾ ਰਹਿੰਦਾ ਹੈ ਅਤੇ ਪਾਕਿਸਤਾਨ ਅਧਾਰਿਤ ਫ਼ੋਰਸ ਦੇ ਮੁਖੀ ਰਣਜੀਤ ਸਿੰਘ ਉਰਫ਼ ਨੀਟਾ ਦਾ ਨੇੜਲਾ ਸਾਥੀ ਹੈ।

ਮੁਲਜ਼ਮਾਂ ਨੇ ਦੱਸਿਆ ਕਿ ਉਕਤ ਹਥਿਆਰ ਤੇ ਅਸਲਾ ਉਨ੍ਹਾਂ ਨੂੰ ਨੀਟਾ ਨੇ ਆਪਣੇ ਅਣਪਛਾਤੇ ਕਾਰਕੁਨਾਂ ਰਾਹੀਂ ਸਪਲਾਈ ਕੀਤਾ ਹੈ। ਇਹ ਲੋਕ ਵਿਦੇਸ਼ੀ ਫ਼ੰਡਾਂ ਵਜੋਂ ਮਨੀ ਟਰਾਂਸਫ਼ਰ ਸੇਵਾਵਾਂ ਜਿਵੇਂ ਕਿ ਵੈਸਟਰਨ ਯੂਨੀਅਨ ਤੇ ਹੋਰ ਕਈ ਚੈਨਲਾਂ ਰਾਹੀਂ ਪੈਸਾ ਅਮਲੀ ਨੂੰ ਟਰਾਂਸਫ਼ਰ ਕਰ ਰਹੇ ਸਨ।

ਐੱਸ.ਐੱਸ.ਪੀ. ਨੇ ਦੱਸਿਆ ਕਿ ਮੱਖਣ ਸਿੰਘ ਉਰਫ਼ ਅਮਲੀ ਇੱਕ ਕੱਟੜਪੰਥੀ ਖਾਲਿਸਤਾਨ ਪੱਖੀ ਅਤਿਵਾਦੀ ਹੈ, ਜਿਸ ਨੂੰ ਪਹਿਲਾਂ ਪੰਜਾਬ ਪੁਲੀਸ ਨੇ ਅਤਿਵਾਦ ਨਾਲ ਸਬੰਧਤ ਵੱਖ-ਵੱਖ ਅਪਰਾਧਾਂ ਵਿੱਚ ਗ੍ਰਿਫ਼ਤਾਰ ਕੀਤਾ ਸੀ। ਅਮਲੀ ਪਾਕਿਸਤਾਨ ਵਿੱਚੋਂ ਵੀ ਸਿਖਲਾਈ ਪ੍ਰਾਪਤ ਕਰ ਚੁੱਕਾ ਹੈ ਅਤੇ 1980 ਤੇ 1990 ਦੇ ਦਹਾਕਿਆਂ ਦੌਰਾਨ ਅਮਰੀਕਾ ਵਿੱਚ ਵੀ ਰਿਹਾ ਹੈ। ਉਹ ਪਾਕਿਸਤਾਨ ਆਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ, ਵਧਾਵਾ ਸਿੰਘ ਬੱਬਰ ਨਾਲ ਨੇੜਿਓਂ ਜੁੜਿਆ ਰਿਹਾ ਹੈ ਅਤੇ 14 ਸਾਲਾਂ ਤੱਕ ਉਸ ਨਾਲ ਪਾਕਿਸਤਾਨ ਵਿੱਚ ਰਿਹਾ। ਇਸ ਸਬੰਧੀ ਥਾਣਾ ਮਾਹਿਲਪੁਰ ਵਿੱਚ ਕੇਸ ਵੀ ਦਰਜ ਕੀਤਾ ਗਿਆ ਹੈ।

ਐੱਸ.ਐੱਸ.ਪੀ. ਮੁਤਾਬਕ ਅਮਲੀ ਕਾਫ਼ੀ ਸਮੇਂ ਤੋਂ ਵੱਖ-ਵੱਖ ਅਤਿਵਾਦੀ ਤੇ ਹੋਰ ਅਪਰਾਧਕ ਸਰਗਰਮੀਆਂ ਵਿੱਚ ਸ਼ਾਮਲ ਰਿਹਾ ਹੈ। ਇਸ ਤੋਂ ਪਹਿਲਾਂ ਉਸ ਵਿਰੁੱਧ ਤਕਰੀਬਨ 7 ਕੇਸ ਦਰਜ ਹੋਏ ਸਨ, ਪਰ ਉਹ ਬਰੀ ਹੋ ਗਿਆ। ਉਨ੍ਹਾਂ ਕਿਹਾ ਕਿ ਅਮਲੀ ਵਿਰੁੱਧ ਥਾਣਾ ਮੇਹਟੀਆਣਾ ਵਿੱਚ ਅਸਲਾ ਐਕਟ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਹੋਰ ਵੀ ਕਈ ਕੇਸ ਦਰਜ ਹਨ।