India

ਮੁੰਬਈ ‘ਚ ਮੀਂਹ ਨੇ 46 ਸਾਲਾਂ ਦਾ ਰਿਕਾਰਡ ਤੋੜਿਆ, ਕਈ ਇਲਾਕੇ ਪਾਣੀ ‘ਚ ਡੁੱਬੇ, ਰੈੱਡ ਅਲਰਟ ਜਾਰੀ

‘ਦ ਖ਼ਾਲਸ ਬਿਊਰੋ :- ਮੁੰਬਈ ‘ਚ 4 ਅਗਸਤ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਸਾਰੇ ਸ਼ਹਿਰ ‘ਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ। ਮੁੰਬਈ, ਠਾਣੇ ਤੇ ਪਾਲਘਰ ‘ਚ ਅਜੇ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਿਸ ਨਾਲ ਮੋਸਮ ਵਿਭਾਗ ਵੱਲੋਂ ‘ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਜਿਸ ਨੂੰ ਵੇਖਦੇ ਹੋਏ ਮਹਾਰਾਸ਼ਟਰ ਸਰਕਾਰ ਵੱਲੋਂ ਰਾਹਤ ਤੇ ਬਚਾਅ ਲਈ  20 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਕੱਲੇ ਮੁੰਬਈ ‘ਚ ਹੀ 5 ਟੀਮਾਂ ਕੰਮ ਕਰ ਰਹੀਆਂ ਹਨ।

ਮੁੱਖ ਮੰਤਰੀ ਉਧਵ ਠਾਕਰੇ ਨੇ ਅੱਜ ਮੌਸਮ ਦੇ ਵਿਘੜਦੇ ਮਿਜਾਜ਼ ਨੂੰ ਵੇਖਦੇ ਹੋਏ ਲੋਕਾਂ ਨੂੰ ਘਰ ਤੋਂ ਬਾਹਰ ਨਾ ਜਾਣ ਦੀ ਅਪੀਲ ਕੀਤੀ ਹੈ। ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਇਸ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ।

5 ਅਗਸਤ ਦਾ ਦਿਨ ਮੁੰਬਈ ਲਈ ਮੀਂਹ ਤੇ ਤੂਫਾਨ ਦੇ ਦਿਨ ਵਜੋਂ ਵਧੇਰੇ ਖਤਰਨਾਕ ਦਿਖਾਈ ਦਿੱਤਾ। ਕੋਲਾਬਾ ‘ਚ ਪਿਛਲੇ 12 ਘੰਟਿਆਂ ‘ਚ 293.8 ਮਿਲੀਮੀਟਰ ਮੀਂਹ ਪਿਆ। ਇਸ ਤੋਂ ਪਹਿਲਾਂ ਕੋਲਾਬਾ ‘ਚ ਅਗਸਤ ਵਿੱਚ ਮੀਂਹ ਦਾ ਰਿਕਾਰਡ 262 ਮਿਲੀਮੀਟਰ ਮਾਪਿਆ ਗਿਆ।

ਪੂਰੀ ਰਾਤ ਐਨਡੀਆਰਐਫ ਦੀ ਟੀਮ ਨੇ ਕੰਮ ਕੀਤਾ

ਮੁੱਖ ਮੰਤਰੀ ਠਾਕਰੇ ਨੇ BMC ਤੇ NDRF ਅਧਿਕਾਰੀਆਂ ਨਾਲ ਮੀਟਿੰਗ ਕੀਤੀ। NDRF ਦੀਆਂ ਟੀਮਾਂ ਮੁੰਬਈ ‘ਚ ਰਾਤ ਭਰ ਤੱਕ ਮੀਂਹ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ‘ਚ ਲੱਗੀਆਂ ਰਹੀਆਂ। ਉੱਥੇ ਹੀ ਦਫ਼ਤਰ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੁੰਬਈ ਦੇ ਇਨ੍ਹਾਂ ਇਲਾਕਿਆਂ ‘ਚ ਸਭ ਤੋਂ ਜ਼ਿਆਦਾ ਅਸਰ ਵੇਖਣ ਨੂੰ ਮਿਲਿਆ

ਕਿਲ੍ਹੇ, ਚਰਚਗੇਟ, ਮਰੀਨ ਡ੍ਰਾਇਵ, ਗਿਰਗਾਂਵ, ਬ੍ਰੀਚ ਕੈਂਡੀ, ਪੈਡਰ ਰੋਡ, ਹਾਜੀ ਅਲੀ ਵਰਗੇ ਖੇਤਰਾਂ ‘ਚ ਪਾਣੀ ਖੜ੍ਹਿਆ ਰਿਹਾ ਹੈ। ਚਰਨੀ ਰੋਡ ਦੇ ਵਿਲਸਨ ਕਾਲਜ ਦੇ ਸਾਹਮਣੇ, ਗਿਰਗਾਂਵ, ਬਾਬੁਲਨਾਥ ਖੇਤਰ, ਬਾਲਕੇਸ਼ਵਰ ਖੇਤਰ ‘ਚ ਗਲੀਆਂ ਨਾਲੀਆਂ ਭਰੀਆਂ ਸਨ। ਇਨ੍ਹਾਂ ‘ਚੋਂ ਬਹੁਤ ਸਾਰੇ ਖੇਤਰਾਂ ‘ਚ ਬਿਜਲੀ ਚਲੀ ਗਈ।  J.J ਹਸਪਤਾਲ ਦੇ ਕੈਜੁਅਲ ਵਾਰਡ ਵਿੱਚ ਪਾਣੀ ਦਾਖਲ ਹੋ ਗਿਆ ਹੈ। ਦੱਖਣੀ ਮੁੰਬਈ ਦੇ ਕੁੱਝ ਹਸਪਤਾਲਾਂ ਵਿੱਚ ਵੀ ਹੜ੍ਹ ਆਉਣ ਦੀ ਖ਼ਬਰ ਆਈ ਹੈ। ਜਸਲੋਕ ਹਸਪਤਾਲ ਦੀ ਇਮਾਰਤ ਦੀਆਂ ਕੁਝ ਟਾਈਲਾਂ ਡਿੱਗ ਗਈਆਂ।

ਸਟੇਡੀਅਮ ਤੇ ਸਟਾਕ ਐਕਸਚੇਂਜ ਨੂੰ ਵੀ ਹੋਇਆ ਨੁਕਸਾਨ

ਭਾਰੀ ਮੀਂਹ ਪੈਣ ਦੌਰਾਨ ਹਵਾ ਇੰਨੀ ਤੇਜ਼ ਸੀ ਕਿ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (JNPT) ਵਿਖੇ ਇੱਕ ਵਿਸ਼ਾਲ ਕ੍ਰੇਨ ਪਲਟ ਗਈ। ਇਸੇ ਤਰ੍ਹਾਂ ਸਟਾਕ ਮਾਰਕੀਟ ਦੀ ਇਮਾਰਤ ਦਾ ਬੋਰਡ ਟੁੱਟ ਗਿਆ। DY ਪਾਟਿਲ ਸਟੇਡੀਅਮ ਦਾ ਵੀ ਨੁਕਸਾਨ ਹੋਇਆ ਹੈ। ਇਸ ਦੀਆਂ ਕਈ ਰੇਲਿੰਗਾਂ ਉੱਡ ਗਈਆਂ। ਦੱਖਣੀ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੀ ਉੱਚੀ ਰੋਸ਼ਨੀ ਵਾਲੇ ਖੰਭੇ ਤੇਜ਼ ਹਵਾ ਨਾਲ ਹਿੱਲਦੇ ਵਿਖਾਈ ਦਿੱਤੇ।

 

ਐਨਡੀਆਰਐਫ ਨੇ 290 ਯਾਤਰੀਆਂ ਨੂੰ ਬਚਾਇਆ

NDRF ਤੇ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਨੇ ਦੋ ਸਥਾਨਕ ਰੇਲ ਗੱਡੀਆਂ ਵਿੱਚ ਫਸੇ 290 ਯਾਤਰੀਆਂ ਨੂੰ ਬਚਾਇਆ. ਸੂਤਰਾਂ ਅਨੁਸਾਰ ਰਾਜ ਦੇ ਸਮਾਜਿਕ ਨਿਆਂ ਮੰਤਰੀ ਧੰਨਜੇ ਮੁੰਡੇ ਸਣੇ ਦਰਜਨਾਂ ਹੋਰ ਲੋਕਾਂ ਨਾਲ ਪੂਰਬੀ ਫ੍ਰੀ-ਵੇਅ ‘ਤੇ ਕਰੀਬ ਸਾਡੇ ਤਿੰਨ ਘੰਟੇ ਟ੍ਰੈਫਿਕ ‘ਚ ਫਸੇ ਰਹੇ। ਉਹ ਇਥੋਂ ਦੇ ਯਸ਼ਵੰਤ ਰਾਓ ਚੌਵਾਨ ਕੇਂਦਰ ਵਿਖੇ ਐਨਸੀਪੀ ਨੇਤਾਵਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਹੇ ਸਨ।

 

ਕੋਵਿਡ-ਸਿਹਤ ਕੇਂਦਰ ‘ਚ ਦਾਖਲ ਹੋਇਆ ਪਾਣੀ

ਪ੍ਰਮੋਦ ਮਹਾਜਨ ਕੋਵਿਡ ਸਿਹਤ ਕੇਂਦਰ ਦਾ ਉਦਘਾਟਨ 3 ਅਗਸਤ ਨੂੰ ਮੁੱਖ ਮੰਤਰੀ ਉਧਵ ਠਾਕਰੇ ਨੇ ਕੀਤਾ। ਇਸ ਕੇਂਦਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਵਾਲਾ ਇੱਕ ਆਰਜ਼ੀ ਸ਼ੈੱਡ ਬਣਾਇਆ ਗਿਆ ਹੈ, ਜੋ ਦਵਾਈਆਂ ਤੇ ਹੋਰ ਡਾਕਟਰੀ ਉਪਕਰਣਾਂ ਨਾਲ ਲੈਸ ਹੈ, ਪਰ ਕੁੱਝ ਘੰਟਿਆਂ ਦੇ ਮੀਂਹ ਤੋਂ ਬਾਅਦ ਪਾਣੀ ਵੀ ਇਸ ਵਿੱਚ ਦਾਖਲ ਹੋ ਗਿਆ ਤੇ ਇੱਥੇ ਦਾਖ਼ਲ ਮਰੀਜ਼ਾਂ ਨੂੰ ਸ਼ਿਫਟ ਕਰਨਾ ਪਿਆ।

ਪਾਲਘਰ ਵਿੱਚ 22 ਫਸੇ ਲੋਕਾਂ ਨੂੰ ਬਚਾਇਆ ਗਿਆ
ਮਹਾਰਾਸ਼ਟਰ ਦੀ ਪਾਲਘਰ ਦਿਹਾਤੀ ਪੁਲਿਸ ਨੇ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਦੀ ਸਥਿਤੀ ਵਿੱਚ ਹੀ 22 ਲੋਕਾਂ ਨੂੰ ਬਚਾਇਆ। ਇਨ੍ਹਾਂ ਵਿੱਚ ਇੱਕ 5 ਸਾਲ ਦੀ ਲੜਕੀ ਵੀ ਸ਼ਾਮਲ ਸੀ, ਜੋ ਇੱਕ ਦਰੱਖਤ ‘ਤੇ ਚੜ੍ਹ ਗਈ ਤੇ 4 ਘੰਟੇ ਤੋਂ ਵੱਧ ਉੱਥੇ ਫਸੀਂ ਰਹੀ।