India

25, 26 ਅਤੇ 27 ਦਸੰਬਰ ਨੂੰ ਹਰਿਆਣਾ ਦੇ ਟੋਲ ਪਲਾਜ਼ੇ ਹੋਣਗੇ ਮੁਫਤ, ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਕੀਤੇ ਕਈ ਅਹਿਮ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕਿਸਾਨ ਜਥੇਬੰਦੀਆਂ ਨੇ ਆਪਣੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਹਨ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਦੇ ਸੱਦੇ ਲਈ ਭੇਜੀ ਗਈ ਚਿੱਠੀ ਦਾ ਕੀ ਜਵਾਬ ਦੇਣਾ ਹੈ, ਇਹ ਕੱਲ੍ਹ ਭਾਰਤ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ।

23, 26 ਅਤੇ 27 ਦਸੰਬਰ ਨੂੰ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਵੱਡੇ ਪੱਧਰ ‘ਤੇ ਮਨਾਏ ਜਾਣਗੇ। ਇਸ ਸਮਾਗਮ ਵਿੱਚ ਪ੍ਰਸਿੱਧ ਢਾਡੀ ਜਥੇ, ਕਵੀਸ਼ਰ ਜਥੇ, ਕਥਾਵਾਚਕ ਅਤੇ ਚੰਗੇ ਅਤੇ ਉੱਘੇ ਲੇਖਕ ਤੇ ਬੁੱਧੀਜੀਵੀ ਬੁਲਾਏ ਜਾਣਗੇ। 23 ਤਰੀਕ ਨੂੰ ਸਾਰੇ ਦੇਸ਼ ਦੇ ਕਿਸਾਨਾਂ ਨੂੰ ਦੁਪਹਿਰ ਦਾ ਖਾਣਾ ਨਾ ਖਾਣ ਦੀ ਅਪੀਲ ਵੀ ਕੀਤੀ।

ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਦੇ ਕਿਸਾਨ 25, 26 ਅਤੇ 27 ਦਸੰਬਰ ਨੂੰ ਹਰਿਆਣਾ ਦੇ ਟੋਲ ਪਲਾਜ਼ੇ ਮੁਫਤ ਕਰਨਗੇ। ਇਨ੍ਹਾਂ ਦਿਨਾਂ ਵਿੱਚ ਬੀਜੇਪੀ ਦੇ ਲੀਡਰਾਂ ਅਤੇ NDA ਦੇ ਭਾਈਵਾਲਾਂ ਨੂੰ ਚਿਤਾਵਨੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਨੂੰ ਚਿਤਾਵਨੀ ਦਿੱਤੀ ਜਾਵੇਗੀ ਕਿ ਜਾਂ ਤਾਂ ਉਹ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਨ, ਨਹੀਂ ਤਾਂ ਉਨ੍ਹਾਂ ਦਾ ਪਿੰਡਾਂ, ਸ਼ਹਿਰਾਂ ਵਿੱਚ ਦਾਖਲ ਹੋਣਾ ਮੁਸ਼ਕਲ ਕੀਤਾ ਜਾਵੇਗਾ।

ਕਿਸਾਨਾਂ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ 25 ਅਤੇ 26 ਦਸੰਬਰ ਨੂੰ ਉੱਥੇ ਦੀਆਂ ਭਾਰਤੀ ਅੰਬੈਸੀਆਂ ਦੇ ਸਾਹਮਣੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰਨ। ਕਿਸਾਨਾਂ ਨੇ ਇੰਗਲੈਂਡ ਦੇ ਸੰਸਦ ਮੈਂਬਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਹੈ ਕਿ ਸਾਡੀ ਭਾਰਤ ਸਰਕਾਰ 26 ਜਨਵਰੀ ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਬੁਲਾ ਰਹੀ ਹੈ, ਪਰ ਉਹ ਉਨ੍ਹਾਂ ‘ਤੇ ਭਾਰਤ ਨਾ ਆਉਣ ਦਾ ਦਬਾਅ ਬਣਾਉਣ। ਉਨ੍ਹਾਂ ਨੂੰ ਦੱਸਿਆ ਜਾਵੇ ਕਿ ਜਿੰਨਾ ਸਮਾਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨ੍ਹਾਂ ਸਮਾਂ ਉਹ ਭਾਰਤ ਨਾ ਜਾਣ ਕਿਉਂਕਿ ਭਾਰਤ ਵਿੱਚ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਸੂਬਿਆਂ ਦੇ ਅਧਿਕਾਰਾਂ ‘ਤੇ ਹਮਲੇ ਕੀਤੇ ਗਏ ਹਨ।

ਕਿਸਾਨਾਂ ਨੇ ਕਿਹਾ ਕਿ ਅਸੀਂ ਹੋਰ ਲੋਕਾਂ ਨੂੰ ਅੰਦੋਲਨ ਨਾਲ ਜੋੜਨ ਲਈ ਪਿੰਡਾਂ, ਸ਼ਹਿਰਾਂ ਵਿੱਚ ਮੀਟਿੰਗਾਂ ਵੀ ਕਰਾਂਗੇ, ਸਿਰਫ ਆਪਣੇ ਨਵੇਂ ਬਣੇ IT ਸੈੱਲ ‘ਤੇ ਹੀ ਨਿਰਭਰ ਨਹੀਂ ਰਹਾਂਗੇ। ਕਿਸਾਨਾਂ ਨੇ ਲੋਕਾਂ ਨੂੰ ਕਿਸਾਨੀ ਅੰਦੋਲਨ ਵਿੱਚ ਜੋੜਨ ਦੇ ਲਈ 10 ਲੱਖ ਹਿੰਦੀ, 10 ਲੱਖ ਪੰਜਾਬੀ ਅਤੇ ਪੰਜ ਲੱਖ ਅੰਗਰੇਜ਼ੀ ਭਾਸ਼ਾ ਵਿੱਚ ਇਸ਼ਤਿਹਾਰ ਸਾਰੇ ਦੇਸ਼ ਵਿੱਚ ਵੰਡਣ ਦਾ ਐਲਾਨ ਕੀਤਾ।

ਕਿਸਾਨਾਂ ਨੇ ਸਾਰੇ ਸੂਬਿਆਂ ਦੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇੱਕ-ਇੱਕ ਟਰਾਲੀ ਹੋਰ ਦਿੱਲੀ ਪਹੁੰਚਣੀ ਚਾਹੀਦੀ ਹੈ। ਹਰੇਕ ਪਰਿਵਾਰ ਦਾ ਇੱਕ-ਇੱਕ ਮੈਂਬਰ ਜ਼ਰੂਰ ਦਿੱਲੀ ਆਵੇ। ਕਿਸਾਨਾਂ ਨੇ ਟਰੱਕ ਯੂਨੀਅਨ ਵਾਲਿਆਂ ਨੂੰ ਵੀ ਆਪਣੇ ਟਰੱਕਾਂ ਸਮੇਤ ਦਿੱਲੀ ਪਹੁੰਚਣ ਦੀ ਅਪੀਲ ਕੀਤੀ।

ਕਿਸਾਨਾਂ ਨੇ ਕਿਹਾ ਕਿ ਅਸੀਂ ਕੁੱਝ ਬੰਦੇ ਕਿਸਾਨੀ ਅੰਦੋਲਨ ਦਾ ਸਰਵੇ ਕਰਨ ਲਈ ਭੇਜੇ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਅੱਜ ਇੱਕ ਟਰਾਲੀ ਜੇ ਵਾਪਸ ਜਾ ਰਹੀ ਸੀ ਤਾਂ 11 ਟਰਾਲੀਆਂ ਦਿੱਲੀ ਅੰਦੋਲਨ ‘ਚ ਹੋਰ ਆ ਰਹੀਆਂ ਸਨ। ਕਿਸਾਨਾਂ ਨੇ ਕਿਹਾ ਕਿ 27 ਦਸੰਬਰ ਨੂੰ ਜਦੋਂ ਮੋਦੀ ਮਨ ਕੀ ਬਾਤ ਕਰਨਗੇ, ਉਦੋਂ ਅਸੀਂ ਥਾਲੀਆਂ ਵਜਾ ਕੇ ਆਪਣੇ ਮਨ ਦੀ ਬਾਤ ਕਰਾਂਗੇ।

ਕਿਸਾਨਾਂ ਨੇ ਐਲਾਨ ਕਰਦਿਆਂ ਕਿਹਾ ਕਿ 24 ਦਸੰਬਰ ਨੂੰ ਦੁਪਹਿਰ 12 ਵਜੇ ਨੌਜਵਾਨ ਕਿਸਾਨਾਂ ਵੱਲੋਂ ਜੋ ਕਿਸਾਨ IT ਸੈੱਲ ਤਿਆਰ ਕੀਤਾ ਗਿਆ ਹੈ, ਜਿਸਦਾ ਨਾਮ ਹੈ ਕਿਸਾਨ ਏਕਤਾ ਮੋਰਚਾ, ਉਸਦਾ ਇੱਕ ਵੈਬੀਨਾਰ ਕੀਤਾ ਜਾਵੇਗਾ, ਜਿਸਦਾ ਲਿੰਕ ਲੋਕਾਂ ਨੂੰ ਦਿੱਤਾ ਜਾਵੇਗਾ। ਪੂਰੀ ਦੁਨੀਆ ਤੋਂ ਲੋਕ ਇਸ ਵੈਬੀਨਾਰ ਵਿੱਚ ਜੁੜ ਸਕਦੇ ਹਨ ਅਤੇ ਆਪਣੇ ਸਵਾਲ ਪੁੱਛ ਸਕਦੇ ਹਨ।

ਇਸ ਵੈਬੀਨਾਰ ਵਿੱਚ ਪੰਜ ਕਿਸਾਨ ਬੈਠਣਗੇ ਜੋ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਗੇ। ਵੈਬੀਨਾਰ ਵਿੱਚ ਇੱਕ ਸਮੇਂ 10 ਹਜ਼ਾਰ ਲੋਕ ਜੁੜ ਸਕਦੇ ਹਨ। ਫੇਸਬੁੱਕ, ਇੰਸਟਾਗਰਾਮ, ਯੂਟਿਊਬ, ਜਿੰਨੇ ਵੀ ਕਿਸਾਨ IT ਦੇ ਡਿਜ਼ੀਟਲ ਪਲੇਟਫਾਰਮ ਹਨ, ਸਾਰਿਆਂ ‘ਤੇ ਇੱਕੋ ਸਮੇਂ ਤੋਂ ਲਾਈਵ ਹੋਇਆ ਜਾਵੇਗਾ। ਸਾਰੇ ਦੇਸ਼ ਵਾਸੀਆਂ ਨੂੰ ਅਡਾਨੀ- ਅੰਬਾਨੀ ਦੇ ਸਾਰੇ ਪ੍ਰੋਡਕਟਸ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ।