India International

ਭਾਰਤ ‘ਚ ਜਲਦ ਬੰਦ ਹੋਵੇਗਾ Harley Davidson ਮੋਟਰਸਾਈਕਲ, ਵਿਕਰੀ ਤੋਂ ਨਿਰਾਸ਼ ਹੋ ਕੇ ਲਿਆ ਫੈਸਲਾ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਭਾਰਤ ਵਿੱਚ ਮੋਟਰਸਾਈਕਲਾਂ ਦੀ ਵਰਤੋਂ ਤਾਂ ਬਹੁਤ ਵੱਡੀ ਪੱਧਰ ‘ਤੇ ਕੀਤੀ ਜਾਂਦੀ ਹੈ, ਪਰ ਇੱਥੇ ਅਮਰੀਕਾ ਦੀ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਹਾਰਲੇ-ਡੇਵਿਡਸਨ ਦੇ ਪੈਰ ਨਹੀਂ ਲੱਗੇ। ਭਾਰਤ ਵਿੱਚ ਵਿਕਰੀ ਘੱਟ ਹੋਣ ਕਾਰਨ ਜਲਦ ਹੀ ਇਹ ਕੰਪਨੀ ਭਾਰਤ ਵਿੱਚ ਬੰਦ ਹੋਣ ਜਾ ਰਹੀ ਹੈ।

ਹਾਰਲੇ-ਡੇਵਿਡਸਨ ਕਰੀਬ ਦਹਾਕਾ ਪਹਿਲਾਂ ਭਾਰਤੀ ਬਜ਼ਾਰ ‘ਚ ਦਾਖਲ ਹੋਈ ਸੀ, ਪਰ ਹੁਣ ਤੱਕ ਇਹ ਕੰਪਨੀ ਇੱਥੇ ਪਹਿਲਾਂ ਤੋਂ ਮੌਜੂਦ ਮੋਟਰਸਾਈਕਲਾਂ ਦੇ ਮੁਕਾਬਲੇ ਆਪਣੀ ਪਛਾਣ ਬਣਾਉਣ ਵਿੱਚ ਸਫ਼ਲ ਨਹੀਂ ਹੋ ਸਕੀ। ਪਿਛਲੇ ਵਿੱਤੀ ਵਰ੍ਹੇ ਦੌਰਾਨ ਭਾਰਤ ‘ਚ ਹਾਰਲੇ-ਡੇਵਿਡਸਨ ਦੇ 2500 ਤੋਂ ਘੱਟ ਯੂਨਿਟ ਵਿਕੇ ਸਨ। ਅਪ੍ਰੈਲ-ਜੂਨ 2020 ਦੀ ਤਿਮਾਹੀ ‘ਚ ਕਰੀਬ 100 ਮੋਟਰਸਾਈਕਲ ਹੀ ਵਿਕੇ।

ਕੰਪਨੀ ਦਾ ਕਹਿਣਾ ਹੈ ਕਿ ਉਹ ਉਹਨਾਂ ਅੰਤਰਰਾਸ਼ਟਰੀ ਬਾਜ਼ਾਰਾਂ ‘ਚੋਂ ਹਟਣ ਬਾਰੇ ਸੋਚ ਰਹੀ ਹੈ, ਜਿੱਥੇ ਕੰਪਨੀ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਰਲੇ ਡੇਵਿਡਸਨ ਉੱਤਰੀ ਅਮਰੀਕਾ ਤੇ ਯੂਰਪ ਸਮੇਤ ਉਨ੍ਹਾਂ ਥਾਵਾਂ ‘ਤੇ ਧਿਆਨ ਕੇਂਦਰਤ ਕਰੇਗੀ, ਜਿੱਥੇ ਇਹਨਾਂ ਦੀ ਵਿਕਰੀ ਜਿਆਦਾ ਹੈ ਅਤੇ ਮੁਨਾਫਾ ਵੀ ਜ਼ਿਆਦਾ ਹੋਣ ਦੀ ਆਸ ਹੈ।