Punjab

ਰਾਵਤ ਨੇ ਕਾਂਗਰਸ ‘ਚ ਸਭ ਠੀਕ ਹੋਣ ਲਈ 5 ਤੋਂ 7 ਦਿਨਾਂ ਦਾ ਦਿੱਤਾ ਭਰੋਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਹੋ ਰਹੀ ਮੀਟਿੰਗ ਖਤਮ ਹੋ ਗਈ ਹੈ। ਚੰਨੀ ਮੀਟਿੰਗ ਖਤਮ ਹੋਣ ਤੋਂ ਬਾਅਦ ਬਾਹਰ ਆ ਗਏ ਹਨ। ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਪ੍ਰਗਟ ਸਿੰਘ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਪਵਨ ਗੋਇਲ ਅਤੇ ਸੁਪਰਵਾਈਜ਼ਰ ਹਰੀਸ਼ ਚੌਧਰੀ ਵੀ ਮੌਜੂਦ ਸਨ। ਦਰਅਸਲ, 28 ਸਤੰਬਰ ਨੂੰ ਚੰਨੀ ਸਰਕਾਰ ਦੇ ਫੈਸਲਿਆਂ ਤੋਂ ਨਾਰਾਜ਼ ਹੋ ਕੇ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਸੀਐਮ ਨੇ ਕਿਹਾ ਸੀ ਕਿ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ। ਸੂਤਰਾਂ ਤੋਂ ਪਤਾ ਚਲਾ ਹੈ ਕਿ ਸਿੱਧੂ ਦੀਆਂ ਜ਼ਿਆਤਾਦਰ ਮੰਗਾ ਮੰਨ ਲਈਆਂ ਗਈਆਂ ਹਨ। ਇਸ ਤੋਂ ਇਲਾਵਾ 4 ਅਕਤੂਬਰ ਨੂੰ ਕੈਬਨਿਟ ਦੀ ਮੀਟਿੰਗ ਰੱਖੀ ਗਈ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਬਾਅਦ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। ਸੀਐਮ ਚੰਨੀ ਤੇ ਸਿੱਧੂ ਦੀ ਇਸ ਮੁਲਾਕਾਤ ਤੋਂ ਬਾਅਦ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਭ ਕੁਝ ਠੀਕ ਹੋਣ ਵਿੱਚ 5 ਤੋਂ 7 ਦਿਨ ਲੱਗਣਗੇ। ਹਰੀਸ਼ ਰਾਵਤ ਕਹਿੰਦੇ ਹਨ ਕਿ ਪਹਿਲਾਂ ਉਹ ਇਹ ਮੰਨ ਰਹੇ ਸਨ ਕਿ ਮੇਰਾ ਕੰਮ ਖ਼ਤਮ ਹੋ ਗਿਆ ਹੈ, ਪਰ ਕੁੱਝ ਸਥਿਤੀਆਂ ਅਜਿਹੀਆਂ ਹਨ ਕਿ ਉਨ੍ਹਾਂ ਨੂੰ ਪੰਜਾਬ ਜਾਣਾ ਪਵੇਗਾ, ਉਸ ਤੋਂ ਬਾਅਦ ਮੈਂ ਸਿਰਫ ਉਤਰਾਖੰਡ ‘ਤੇ ਧਿਆਨ ਕੇਂਦਰਤ ਕਰਾਂਗਾ।

ਮੁੱਖ ਮੰਤਰੀ ਚੰਨੀ ਨੂੰ ਮਿਲਣ ਪਹੁੰਚੇ ਸਿੱਧੂ ਨੇ ਟਵੀਟ ਕੀਤਾ ਕਿ ਡੀਜੀਪੀ ਆਈਪੀਐਸ ਸਹੋਤਾ ਬਾਦਲ ਸਰਕਾਰ ਅਧੀਨ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਹਨ। ਉਸ ਨੇ ਦੋ ਸਿੱਖ ਨੌਜਵਾਨਾਂ ‘ਤੇ ਬੇਅਦਬੀ ਦਾ ਗਲਤ ਦੋਸ਼ ਲਾਇਆ ਅਤੇ ਬਾਦਲ ਨੂੰ ਕਲੀਨ ਚਿੱਟ ਦੇ ਦਿੱਤੀ। 2018 ਵਿੱਚ, ਮੈਂ ਕਾਂਗਰਸ ਦੇ ਮੰਤਰੀਆਂ, ਪੀਸੀਸੀ ਦੇ ਤਤਕਾਲੀ ਪ੍ਰਧਾਨ ਅਤੇ ਮੌਜੂਦਾ ਗ੍ਰਹਿ ਮੰਤਰੀ ਨੂੰ ਨਿਆਂ ਦੀ ਲੜਾਈ ਵਿੱਚ ਸਾਡੀ ਸਹਾਇਤਾ ਦਾ ਭਰੋਸਾ ਦਿੱਤਾ ਸੀ।

ਦੂਜੇ ਪਾਸੇ ਪੰਜਾਬ ਭਵਨ ਦੇ ਬਾਹਰ ਨਰਸਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਰਾਜਿੰਦਰਾ ਹਸਪਤਾਲ ਦਾ ਨਰਸਿੰਗ ਸਟਾਫ਼ ਸੀ ਜਿਨ੍ਹਾਂ ਨੂੰ ਕੋਵਿਡ ਮਹਾਂਮਾਰੀ ਦੌਰਾਨ ਰੱਖਿਆ ਗਿਆ ਸੀ। ਨਰਸਾਂ ਨੇ ਦੋਸ਼ ਲਾਇਆ ਕਿ ਸਰਕਾਰ ਸਾਨੂੰ ਤਰੱਕੀ ਦੇਣ ਦੀ ਬਜਾਏ ਸਾਨੂੰ ਕੱਢ ਰਹੀ ਹੈ। ਇਸ ਲਈ ਉਸ ਮੁੱਦੇ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਹਾਂ। ਅਸੀਂ ਇੱਕ ਹਫ਼ਤੇ ਤੋਂ ਸੀਐੱਮ ਹਾਊਸ ਦੇ ਬਾਹਰ ਬੈਠੇ ਹਾਂ ਪਰ ਸਾਡੀ ਸੁਣਵਾਈ ਨਹੀਂ ਹੋਈ ਹੈ। ਇਸ ਮੌਕੇ ਲੇਡੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਨਰਸਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਧਾਰਾ 144 ਲੱਗੀ ਹੋਣ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।