India

ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਕਿਹਾ ‘ਚੰਦਾਜੀਵੀ’, ਹੱਸ ਕੇ ਜਤਾਈ ਸ਼ਹੀਦ ਕਿਸਾਨਾਂ ਲਈ ਸੰਵੇਦਨਾ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਬੋਲੀ ਤੇ ਬੜਬੋਲੀ ‘ਚ ਜਦੋਂ ਫ਼ਰਕ ਖ਼ਤਮ ਹੋ ਜਾਵੇ, ਭਾਸ਼ਾ ਜਦੋਂ ਇਹ ਭੁੱਲ ਜਾਵੇ ਕਿ ਭਾਸ਼ਾ ਦੀ ਮਰਿਆਦਾ ਤੇ ਸ਼ਬਦਾਂ ਦੀ ਪਵਿੱਤਰਤਾ ਕੀ ਹੁੰਦੀ ਹੈ ਤੇ ਕੁਰਸੀ ਦੇ ਨਸ਼ੇ ਵਿੱਚ ਜਦੋਂ ਸੰਵੇਦਨਾਵਾਂ ਮਰ ਜਾਣ ਤਾਂ ਅਜਿਹੇ ਬਿਆਨ ਹੀ ਮੂੰਹੋਂ ਨਿਕਲਦੇ ਹਨ, ਜਿਸ ਤਰ੍ਹਾਂ ਦੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਦਿੱਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਅੰਦੋਲਨਜੀਵੀ, ਪਰਜੀਵੀ ਕਹਿਣ ਵਾਲੀ ਗੱਲ ਹਾਲੇ ਠੰਡੀ ਨਹੀਂ ਹੋਈ ਸੀ ਕਿ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਆਪਣੇ ਹੱਕਾਂ ਲਈ ਅੰਦੋਲਨ ਕਰਨ ਵਾਲੇ ਕਿਸਾਨਾਂ ਨੂੰ ‘ਚੰਦਾਜੀਵੀ’ ਤੇ ‘ਚੰਦਾਚੋਰ’ ਕਹਿ ਕੇ ਸੰਬੋਧਨ ਕੀਤਾ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਦੇਸ਼ ਦੇ ਅੰਨਦਾਤੇ ਪ੍ਰਤੀ ਆਪਣਾ ਅਜਿਹਾ ਬਿਆਨ ਦਿੰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੈਂ ਖੁੱਲ੍ਹ ਕੇ ਕਹਿੰਦਾ ਹਾਂ ਕਿ ਇਹ ਕਿਸਾਨ ਚੰਦਾਜੀਵੀ ਹਨ, ਚੰਦਾਚੋਰ ਹਨ ਤੇ ਇਹ ਇਨ੍ਹਾਂ ਦਾ ਧੰਦਾ ਹੈ। ਕੋਈ ਜੀਵੇ ਜਾਂ ਕੋਈ ਮਰੇ, ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਕਿਸਾਨ ਹਿੱਤਾਂ ਨਾਲ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਧਰਨਿਆਂ ‘ਚ ਉਹੀ ਚਿਹਰੇ ਹਨ ਜੋ ਕਾਂਗਰਸ ਦੀ ਰਾਜਨੀਤੀ ‘ਚ ਸਰਗਰਮ ਹਨ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅੰਦੋਲਨ ਕਰਨਾ ਗ਼ਲਤ ਨਹੀਂ ਹੈ ਪਰ ਇਸ ਨੂੰ ਮੰਨੋਂ ਕਿ ਇਹ ਰਾਜਨੀਤੀ ਦਾ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਹਿੰਦੇ ਹਨ ਕਿ ਅਸੀਂ 2 ਅਕਤੂਬਰ ਤੱਕ ਬੈਠੇ ਰਹਾਂਗੇ। ਜੇਪੀ ਦਲਾਲ ਨੇ ਕਿਹਾ ਕਿ ਸਾਡੇ ਵੱਲੋਂ ਅਗਲੀ 2 ਅਕਤੂਬਰ ਤੱਕ ਬੈਠੇ ਰਹੋ, ਸਾਨੂੰ ਕੋਈ ਫਰਕ ਨਹੀਂ ਪੈਂਦਾ।

ਗੱਲ ਇੱਥੇ ਹੀ ਨਹੀਂ ਮੁੱਕੀ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਘਰਾਂ ‘ਚ ਹੁੰਦੇ ਤਾਂ ਵੀ ਮਰਦੇ ਹੀ। ਲੱਖ-ਦੋ ਲੱਖ ਲੋਕਾਂ ‘ਚ 200 ਲੋਕ 6 ਮਹੀਨਿਆਂ ‘ਚ ਨਹੀਂ ਮਰਦੇ ਕੀ? ਕੋਈ ਹਾਰਟ ਅਟੈਕ ਨਾਲ ਮਰਦਾ ਹੈ ਤੇ ਕੋਈ ਕਿਸੇ ਹੋਰ ਬੀਮਾਰੀ ਨਾਲ। ਕਈ ਤਾਂ ਆਪਣੀ ਮਰਜ਼ੀ ਨਾਲ ਮਰ ਜਾਂਦੇ। ਉਨ੍ਹਾਂ ਹੱਸਦੇ ਹੋਏ ਕਿਹਾ ਫਿਰ ਵੀ ਮਰੇ ਹੋਏ ਲੋਕਾਂ ਨਾਲ ਮੇਰੀਆਂ ਸੰਵੇਦਨਾਵਾਂ ਹਨ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਸਫਾਈ ਦਿੰਦਿਆਂ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

Comments are closed.