India Punjab

ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਮਝਾਇਆ ‘ਵਨ ਨੇਸ਼ਨ ਵਨ ਮਾਰਕੀਟ’ ਅਤੇ ‘ਵਨ ਵਰਲਡ ਵਨ ਮਾਰਕੀਟ’ ‘ਚ ਫਰਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਖੋਈਆਂ ਟੋਲ ਪਲਾਜ਼ਾ ਕਿਸਾਨ ਮਹਾਂਪੰਚਾਇਤ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ‘ਕਿਸਾਨਾਂ ਨੇ ਅੰਦੋਲਨ ਦੀ ਤਾਂ ਸ਼ੁਰੂਆਤ ਕੀਤੀ ਹੈ, ਪਰ ਇਹ ਅੰਦੋਲਨ ਜਨ ਅੰਦੋਲਨ ਹੈ। ਦੇਸ਼ ਦੀ ਰੱਖਿਆ ਕਰਦੇ ਅੱਜ ਤੱਕ ਇੱਕ ਵੀ ਪੂੰਜੀਪਤੀ ਦਾ ਬੇਟਾ ਸ਼ਹੀਦ ਨਹੀਂ ਹੋਇਆ, ਸਿਰਫ ਕਿਸਾਨ ਦਾ ਬੇਟਾ ਹੀ ਬਾਰਡਰਾਂ ‘ਤੇ ਸ਼ਹੀਦ ਹੋਇਆ ਹੈ’।

ਕਿਸਾਨ ਲੀਡਰ ਚੜੂਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ‘ਹਰ ਪਿੰਡ ਦੇ ਵਿੱਚ ਦਲਿਤ ਭਰਾਵਾਂ ਨੂੰ ਜੋੜਨ ਲਈ ਦਲਿਤ ਸਮਾਜ ਦੀ ਪੰਚਾਇਤ ਕਰੋ। ਦਲਿਤ ਸਮਾਜ ਵਾਲਿਆਂ ਨੂੰ ਨਾਲ ਜੋੜੋ। ਉਹ ਸਾਡੇ ਨਾਲ ਆਉਣ ਨੂੰ ਤਿਆਰ ਹਨ, ਪਰ ਅਸੀਂ ਉਨ੍ਹਾਂ ਕੋਲ ਨਹੀਂ ਜਾ ਰਹੇ। ਹੋ ਸਕਦਾ ਹੈ ਕਿ ਇਹ ਅੰਦੋਲਨ 2024 ਤੱਕ ਚੱਲੇ। ਪੁਲਿਸ ਦੇ ਨਾਲ ਕਿਸੇ ਨੇ ਕੋਈ ਝਗੜਾ ਨਹੀਂ ਕਰਨਾ। ਕਿਸੇ ਵੀ ਰਾਜਨੀਤਿਕ ਲੀਡਰ ਨੂੰ ਆਪਣੇ ਪਿੰਡ ਵਿੱਚ ਨਹੀਂ ਵੜ੍ਹਨ ਦੇਣਾ। ਬੀਜੇਪੀ ਨੂੰ ਵੋਟ ਨਹੀਂ ਦੇਣੀ। ਬਾਬਾ ਰਾਮਦੇਵ, ਅਡਾਨੀ, ਅੰਬਾਨੀ ਦਾ ਸਾਮਾਨ ਨਹੀਂ ਖਰੀਦਣਾ, ਇਨ੍ਹਾਂ ਦਾ ਬਾਈਕਾਟ ਕਰਨਾ ਹੈ। ਜੋ ਵੀ ਲੀਡਰ ਇਸ ਕਿਸਾਨੀ ਅੰਦੋਲਨ ਵਿੱਚ ਯੋਗਦਾਨ ਨਹੀਂ ਪਾਉਂਦਾ, ਉਸਨੂੰ ਵੋਟ ਨਹੀਂ ਪਾਉਣੀ, ਉਸਦੀ ਬਜਾਏ ਭਾਵੇਂ ਸਾਨੂੰ ਗਧੇ ਨੂੰ ਹੀ ਵੋਟ ਕਿਉਂ ਨਾ ਪਾਉਣੀ ਪਵੇ, ਉਸਨੂੰ ਵੀ ਪਾ ਦਿਆਂਗੇ। ’

ਕਿਸਾਨ ਲੀਡਰ ਚੜੂਨੀ ਨੇ ਕਿਹਾ ਕਿ ‘ਕੀ ਇਹ ਦੇਸ਼ ਕੁੱਝ ਪੂੰਜੀਪਤੀਆਂ ਲਈ ਹੀ ਆਜ਼ਾਦ ਕਰਵਾਇਆ ਸੀ। ਅਸੀਂ ਕਮਾ ਰਹੇ ਹਾਂ, ਫਸਲ ਪੈਦਾ ਕਰ ਰਹੇ ਹਾਂ ਪਰ ਫਿਰ ਵੀ ਸਾਡਾ ਜੀਵਨ ਥੱਲੇ ਜਾ ਰਿਹਾ ਹੈ। ਇਹ ਖੇਤੀ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਸਾਡੇ ਕੋਲ 100 ਵਿੱਚੋਂ ਸਿਰਫ 6 ਰੁਪਏ ਹੀ ਬਚਣਗੇ। ਦੇਸ਼ ਦੇ ਖਜ਼ਾਨੇ ਵਿੱਚ ਜੋ ਸਾਡਾ ਹਿੱਸਾ ਸੀ, ਉਹ ਵੀ ਕੱਢ ਲਿਆ ਗਿਆ ਹੈ। ਹੁਣ ‘ਵਨ ਨੇਸ਼ਨ ਵਨ ਮਾਰਕੀਟ’ ਨਹੀਂ ਹੈ, ਹੁਣ ‘ਵਨ ਵਰਲਡ ਵਨ ਮਾਰਕੀਟ’ ਹੋ ਗਿਆ ਹੈ। ਹੁਣ ਸਾਡਾ ਅਨਾਜ ਅਮਰੀਕਾ ਦਾ ਭਾਅ ਵਿਕੇਗਾ। ਵਰਲਡ ਮਾਰਕੀਟ ਦੀ ਸੱਤਾ ਦੇ ਅੰਦਰ ਲਿਖਿਆ ਹੈ ਕਿ ਕਿਸੇ ਦੇਸ਼ ਦੀ ਸਰਕਾਰ ਆਪਣੇ ਕਿਸਾਨਾਂ ਨੂੰ ਵਰਲਡ ਮਾਰਕੀਟ ਤੋਂ ਜ਼ਿਆਦਾ ਭਾਅ ਨਹੀਂ ਦੇ ਸਕਦੀ। ਸਾਨੂੰ ਐੱਮਐੱਸਪੀ ਤੋਂ ਚਾਰ ਕਰੋੜ ਲੱਖ ਰੁਪਏ ਘੱਟ ਭਾਅ ਮਿਲ ਰਿਹਾ ਹੈ। ਜੇਕਰ ਇਹ ਭਾਅ ਸਾਨੂੰ ਪੂਰਾ ਮਿਲ ਜਾਂਦਾ ਹੈ ਤਾਂ ਸਾਡੇ ਸਿਰ ‘ਤੇ ਚੜਿਆ ਕਰਜ਼ਾ ਦੋ ਸਾਲ ਦੀ ਆਮਦਨ ਦੇ ਨਾਲ ਹੀ ਉਤਰ ਜਾਵੇਗਾ। ਪਰ ਜੇ ਅਸੀਂ ਐੱਮਐੱਸਪੀ ‘ਤੇ ਗੱਲ ਕੀਤੀ ਤਾਂ ਸਰਕਾਰ ਨੇ ਗੱਲਬਾਤ ਬੰਦ ਕਰ ਦਿੱਤੀ’।

ਕਿਸਾਨ ਲੀਡਰ ਗੁਰਨਾਮ ਚੜੂਨੀ ਨੇ ਕਿਹਾ ਕਿ ‘ਕੇਂਦਰ ਸਰਕਾਰ ਨੇ ਦੇਸ਼ ਵੇਚਣੇ ਲਾ ਦਿੱਤਾ ਹੈ। ਬੈਂਕ, ਕੰਪਨੀਆਂ, ਰੇਲਾਂ, ਹਵਾਈ ਅੱਡੇ, ਬਿਜਲੀ, ਸੜਕਾਂ, ਸਭ ਕੁੱਝ ਪ੍ਰਾਈਵੇਟ ਕਰ ਦਿੱਤਾ ਹੈ। ਜੇ ਇਹੀ ਹਾਲ ਰਿਹਾ ਤਾਂ 10 ਸਾਲ ਬਾਅਦ ਤੁਸੀਂ ਕਹੋਗੇ ਕਿ ਇਹ ਅਡਾਨੀ ਸਟੇਟ ਹੈ, ਇਹ ਅੰਬਾਨੀ ਸਟੇਟ ਹੈ, ਇਹ ਬਾਬਾ ਰਾਮਦੇਵ ਦਾ ਸਟੇਟ ਹੈ। ਜੇ ਪੂਰੇ ਦੇਸ਼ ਦੀ ਧਰਤੀ ਕੁੱਝ ਲੋਕ ਖਰੀਦ ਲੈਣ, ਤਾਂ ਫਿਰ ਕੀ ਇਹ ਭਾਰਤ ਦੇਸ਼ ਬਚੇਗਾ ਜਾਂ ਅਡਾਨੀ-ਅੰਬਾਨੀ ਦਾ ਦੇਸ਼ ਬਚੇਗਾ। ਇਹ ਹੋ ਚੱਲਿਆ ਹੈ, ਅੱਜ ਅੰਬਾਨੀ ਦੀ ਇੱਕ ਘੰਟੇ ਦੀ 90 ਕਰੋੜ ਆਮਦਨ ਹੈ।  ਅੱਜ ਸਾਡਾ ਸੰਵਿਧਾਨ ਨਹੀਂ ਬਚਿਆ। ਪੂਰੇ ਦੇਸ਼ ਦੇ ਕਿਸਾਨ ਸੜਕਾਂ ‘ਤੇ ਹਨ ਅਤੇ ਦੇਸ਼ ਦਾ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਬਿਆਨ ਦੇ ਰਹੇ ਹਨ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ, ਤਾਂ ਫਿਰ ਲੋਕ ਰਾਜ ਕਿਹੜਾ ਰਹਿ ਗਿਆ। ਸਾਡੇ ਕੋਲ ਅੰਦੋਲਨ ਲੜਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਇਹ ਹੈ ਜਨ ਅੰਦੋਲਨ – ਇੱਕ ਪਾਸੇ ਲੁਟੇਰਾ, ਇੱਕ ਪਾਸੇ ਕਮੇਰਾ। ’