India International Punjab

‘ਪੁਲਿਸ ਨੇ ਕਕਾਰਾਂ ਦੀ ਬੇਅਦਬੀ ਕੀਤੀ, ਗੰਦ ਬਕਿਆ, ਸੋਚ ਕੇ ਨਮੋਸ਼ੀ ਆਉਂਦੀ ਹੈ….’

ਤਿਹਾੜ ‘ਚੋਂ ਰਿਹਾਅ ਹੋਏ ਗੁਰਮੁੱਖ ਸਿੰਘ ਤੇ ਜੀਤ ਸਿੰਘ ਦੇ ਜੋ ਬੁੱਢੇ ਹੱਡਾਂ ਨੇ ਸਹੀਆਂ…

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਤਿਹਾੜ ਜੇਲ੍ਹ ਚੋਂ ਜ਼ਮਾਨਤ ‘ਤੇ ਰਿਹਾ ਹੋਏ ਸਾਬਕਾ ਫੌਜੀਆਂ ਗੁਰਮੁੱਖ ਸਿੰਘ ਤੇ ਜੀਤ ਸਿੰਘ ਨੇ ਜੋ ਮੀਡਿਆ ਸਾਹਮਣੇ ਆਪਣੀ ਹੱਡ ਬੀਤੀ ਦੱਸੀ ਹੈ, ਉਸਨੂੰ ਸੁਣ ਕੇ ਇੱਕੋ ਸ਼ਬਦ ਮੂਹੋਂ ਨਿਕਲਦਾ ਹੈ, ਅੱਤ ਦਰਜੇ ਦੀ ਤਾਨਾਸ਼ਾਹ ਤੇ ਬੇਸ਼ਰਮ ਸਰਕਾਰ ਦਾ ਪੁਲਸਿਆ ਤਸ਼ੱਦਦ।
ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਇਸਨੂੰ ਮਨੁੱਖੀ ਅਧਿਕਾਰਾਂ ਨੂੰ ਦਰੜਨਾ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਧਰਨਿਆਂ ਕੋਲ ਬਹਿ ਕੇ ਪੁਲਿਸ ਨੇ ਅੰਨ ਪਾਣੀ ਛਕਿਆ, ਗੁਰੂ ਦੀ ਪੰਗਤ ਦਾ ਪਵਿੱਤਰ ਲੰਗਰ ਖਾਧਾ, ਜਿਨ੍ਹਾਂ ਹੱਥੋਂ ਪਾਣੀ ਪੀਤਾ, ਜਿਨ੍ਹਾਂ ਤੋਂ ਸੇਵਾ ਕਰਵਾਈ, ਉਨ੍ਹਾਂ ਬਜੁਰਗਾਂ ਦੇ ਹੱਡ ਪੈਰ ਤੋੜੇ, ਮਰੋੜੇ, ਧੱਕੇ ਮਾਰੇ, ਗੰਦ ਤੋਂ ਗੰਦ ਭਾਸ਼ਾ ਦੀ ਵਰਤੋ ਕੀਤੀ। ਗੁਰੂ ਦੀਆਂ ਬਖਸ਼ਿਸ਼ਾਂ ਕਕਾਰਾਂ ਦੀ ਬੇਅਦਬੀ ਕੀਤੀ। ਦੁਨਿਆਂ ਦਾ ਇਤਿਹਾਸ ਜਦੋਂ ਲਿਖਿਆ ਜਾਵੇਗਾ, ਤਾਂ ਇਸਦੀ ਕਹਾਣੀ ਤਾਨਾਸ਼ਾਹੀ ਤਸ਼ੱਦਦ ਤੋਂ ਸ਼ੁਰੂ ਹੋਵੇਗੀ।

ਤਿਹਾੜ ਜੇਲ੍ਹ ‘ਚੋਂ ਬਾਹਰ ਆ ਕੇ ਸੰਨ 1962, 65 ਤੇ 71 ਦੀਆਂ ਜੰਗਾਂ ਦੇ ਗਵਾਹ ਸਾਬਕਾ ਫੌਜੀ ਗੁਰਮੱਖ ਸਿੰਘ ਨੇ ਦੱਸਿਆ ਉਹ ਸੁਣ ਕੇ ਕਿਸੇ ਦਾ ਵੀ ਖੂਨ ਉਬਾਲਾ ਮਾਰ ਸਕਦਾ ਹੈ। ਗੁਰਮੁੱਖ ਸਿੰਘ ਨੇ ਕਿਹਾ ਕਿ ਅਸੀਂ ਬੁਰਾੜੀ ਮੈਦਾਨ ‘ਚ ਰੋਟੀ ਖਾਣ ਲੱਗੇ ਸੀ ਜਦੋਂ ਪੁਲਿਸ ਸਾਨੂੰ ਗ੍ਰਿਫ਼ਤਾਰ ਕਰਨ ਆ ਗਈ। ਗੁਰਮੁਖ ਸਿੰਘ ਦੀ ਉਮਰ 80 ਸਾਲ ਹੈ ਤੇ ਦੰਦਾਂ ਦੀ ਬੀੜ ਵੀ ਓਪਰੀ ਲੱਗੀ ਹੋਈ ਹੈ। ਗੁਰਮੁੱਖ ਸਿੰਘ ਨੇ ਕਿਹਾ ਕਿ ਸਾਨੂੰ ਰੋਟੀ ਤੱਕ ਨਹੀਂ ਖਾਣ ਦਿੱਤੀ ਗਈ, ਦੰਦਾਂ ਦੀ ਬੀੜ ਵੀ ਟੈਂਟ ਵਿੱਚ ਹੀ ਰਹਿ ਗਈ। ਜਰਮਨ ਤੋਂ ਗਿਫ਼ਟ ‘ਚ ਮਿਲਿਆ ਸ੍ਰੀਸਾਹਿਬ ਵੀ ਉੱਥੇ ਹੀ ਰਹਿ ਗਿਆ। ਮੇਰੇ ਬਹੁਤ ਡੰਡੇ ਮਾਰੇ ਗਏ, ਮੈਨੂੰ ਧੱਕੇ ਮਾਰੇ ਗਏ, ਗੱਡੀ ‘ਚ ਵੀ ਕਈ ਵਾਰ ਮੇਰੀਆਂ ਵੱਖੀਆਂ ‘ਚ ਸੱਟਾਂ ਮਾਰੀਆਂ ਗਈਆਂ। ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਗਈ। ਮੈਨੂੰ ਅੱਤ ਦਰਜੇ ਦੀਆਂ ਗੰਦੀਆਂ ਗਾਲਾਂ ਕੱਢੀਆਂ ਗਈਆਂ ਤੇ ਪੁਲਿਸ ਨੇ ਅੱਤਵਾਦੀ ਕਹਿੰਦਿਆਂ ਮੇਰੀਆਂ ਬਾਹਾਂ ਤੱਕ ਮਰੋੜ ਦਿੱਤੀਆਂ। ਸਾਡਾ ਟੈਂਟਾਂ ਵਿੱਚ ਹੀ ਸਾਰਾ ਸਮਾਨ ਰਹਿ ਗਿਆ। ਸਾਨੂੰ ਤੇ ਲਾਲ ਕਿਲ੍ਹੇ ਦਾ ਰਾਹ ਰਾਹ ਤੱਕ ਨਹੀਂ ਪਤਾ ਸੀ। 26 ਜਨਵਰੀ ਵਾਲੇ ਦਿਨ ਵੀ ਅਸੀਂ ਪੈਦਲ ਹੀ ਮਾਰਚ ਵਿੱਚ ਗਏ ਸਨ। ਪੁਲਿਸ ਨੇ ਹੱਦ ਦਰਜੇ ਦਾ ਤਸ਼ੱਦਦ ਕੀਤਾ ਹੈ, ਤਸ਼ੱਦਦ ਸ਼ਬਦ ਵੀ ਛੋਟਾ ਹੈ।
ਜੇਲ੍ਹਾਂ ਅੰਦਰਲੇ ਹਾਲਾਤ ਦੱਸਦਿਆਂ ਗੁਰਮੁੱਖ ਸਿੰਘ ਨੇ ਕਿਹਾ ਕਿ ਅੰਦਰ ਬਹੁਤ ਬੁਰਾ ਹਾਲ ਹੈ। ਇਕ ਬੈਰਕ ਵਿੱਚ 40-50 ਬੰਦੇ ਸੌਂਦੇ ਹਨ। ਟਾਇਲਟ ਓਵਰਫਲੋ ਹੋ ਚੁੱਕੇ ਹਨ। ਨਰਕ ਵਰਗੇ ਹਾਲਾਤ ਹਨ, ਜਿਨ੍ਹਾਂ ਨੂੰ ਸੋਚਿਆ ਵੀ ਨਹੀਂ ਜਾ ਸਕਦਾ। ਸਾਬਕਾ ਫੌਜੀ ਗੁਰਮੁੱਖ ਸਿੰਘ ਨੇ ਕਿਹਾ ਕਿ ਮੈਂ ਹਾਲੇ ਵੀ ਕਿਸਾਨਾਂ ਦੇ ਨਾਲ ਹਾਂ, ਤੇ ਜਿੱਥੇ ਮੇਰੀ ਲੋੜ ਪਵੇਗੀ ਮੈਂ ਖੜ੍ਹਾ ਹਾਂ। ਪਰ ਇਹ ਨਹੀਂ ਸੀ ਪਤਾ ਕਿ ਜਿਸ ਦੇਸ਼ ਲਈ ਜੰਗਾਂ ਲੜੀਆਂ ਉਹ ਸਾਡੇ ਨਾਲ ਇੰਨਾ ਗੰਦਾ ਵਤੀਰਾ ਕਰੇਗਾ, ਜੋ ਸੋਚ ਕੇ ਵੀ ਦਿਲ ਦਹਿਲ ਜਾਂਦਾ ਹੈ। ਜੈ ਜਵਾਨ ਕਿਹਾ ਜਰੂਰ ਜਾਂਦਾ ਹੈ, ਪਰ ਜਵਾਨ ਦੀ ਹਾਲਤ ਸਰਕਾਰ ਨੇ ਬਹੁਤ ਗੰਦੀ ਕਰ ਦਿੱਤੀ ਹੈ। ਜਿਸ ਦੇਸ਼ ਲਈ ਅਸੀਂ ਦੁਸ਼ਮਣਾ ਨੂੰ ਗੋਲੀਆਂ ਮਾਰੀਆਂ ਉਸੇ ਦੇਸ਼ ਦੀ ਪੁਲਿਸ ਨੇ ਸਾਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ, ਸਰਕਾਰ ਦੱਸੇ ਅਸੀਂ ਕੀ ਵਿਗਾੜਿਆ ਦੇਸ਼ ਦਾ। ਗੁਰਮੱਖ ਸਿੰਘ ਨੇ ਕਿਹਾ ਕਿ ਦਿੱਲੀ ਦੀ ਜਨਤਾ ਵੀ ਮੋਦੀ ਸਰਕਾਰ ਨੂੰ ਤਾਨਾਸ਼ਾਹ ਦੀ ਸਰਕਾਰ ਕਹਿੰਦੀ ਹੈ। ਜੇਲ੍ਹਾਂ ਅੰਦਰ ਭੇਡਾਂ-ਬੱਕਰੀਆਂ ਵਾਂਗ ਲੋਕ ਡੱਕੇ ਹੋਏ ਹਨ।
ਇਸ ਦੌਰਾਨ ਤਿਹਾੜ ਚੋਂ ਹੀ ਰਿਹਾਅ ਹੋਏ ਸਾਬਕਾ ਫੌਜੀ ਜੀਤ ਸਿੰਘ ਨੇ ਕਿਹਾ ਕਿ ਸਾਨੂੰ ਬੇਕਸੂਰੇ ਜੇਲ੍ਹ ਵਿੱਚ ਡੱਕਿਆ ਗਿਆ। ਸਾਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਗਈਆਂ। ਬਹੁਤ ਨਮੋਸ਼ੀ ਆਉਂਦੀ ਹੈ ਸੋਚ ਕੇ ਕਿ ਇਸ ਹੱਦ ਤੱਕ ਸਾਨੂੰ ਗੰਦੇ ਲਫ਼ਜਾਂ ਨਾਲ ਪੁਲਿਸ ਨੇ ਸੰਬੋਧਤ ਕੀਤਾ। ਆਪਣੀ ਸਾਰੀ ਹੱਡ ਬੀਤੀ ਦੱਸਦਿਆਂ ਬਜੁਰਗ ਜੀਤ ਸਿੰਘ ਕਈ ਵਾਰ ਰੋਏ। ਅੰਦਾਜਾ ਲਾ ਸਕਦੇ ਹਾਂ ਕਿ ਬੁੱਢੇ ਸ਼ਰੀਰਾਂ ਤੇ ਪੁਲਿਸ ਦੇ ਤਸ਼ੱਦਦ ਦਾ ਤਰੀਕਾ ਕਿਹੋ ਜਿਹਾ ਰਿਹਾ ਹੋਵੇਗਾ।
ਜ਼ਮਾਨਤ ਕਰਵਾਉਣ ਵਾਲੇ ਵਕੀਲ ਜਸਦੀਪ ਸਿੰਘ ਨੇ ਦੱਸਿਆ ਗਿਆ ਕਿ ਖ਼ਾਸ ਕਰਕੇ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਹੈ। ਕੋਈ ਮਾਰਕੀਟ ਗਿਆ, ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇੱਥੋਂ ਤੱਕ ਕੇ ਦਿੱਲੀ ਦੇ ਕਈ ਲੋਕ ਬਿਨਾਂ ਕਾਰਣ ਅੰਦਰ ਹਨ। ਧਰਨੇ ਜਾਂ ਟਰੈਕਟਰ ਪਰੇਡ ਵਾਲੀ ਥਾਂ ਤੇ ਜੋ ਕੋਈ ਵੀ ਪੁਲਿਸ ਦੇ ਹੱਥ ਆਇਆ, ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 307 ਦੇ ਪਰਚੇ ਪਾਏ ਜਾ ਰਹੇ ਹਨ। ਕਿਉਂ ਕਿ 307 ਵਿੱਚ ਜ਼ਮਾਨਤ ਕਰਾਉਣੀ ਬਹੁਤ ਔਖੀ ਹੁੰਦੀ ਹੈ। ਫਿਰ ਵੀ ਲੜਾਈ ਲੜ ਰਹੇ ਹਾ। ਮਾਣਯੋਗ ਜੱਜ ਨੇ ਖੁਦ ਮੰਨਿਆਂ ਕਿ ਸਾਬਕਾ ਫੌਜੀਆਂ ਨੂੰ ਜੇਲ੍ਹ ਡੱਕਣ ਦੀ ਕੀ ਤੁਕ ਹੈ। ਬੁਰਾੜੀ ਬੈਠੇ ਲੋਕ ਅੱਧੀ ਰਾਤ ਨੂੰ ਲਾਲ ਕਿਲ੍ਹੇ ਕੀ ਕਰਨ ਜਾਣਗੇ, ਜਦੋਂ ਕਿ 28 ਨੂੰ ਲਾਲ ਕਿਲ੍ਹਾ ਵੀ ਬੰਦ ਹੈ। ਕੁੱਲ ਮਿਲਾ ਕੇ ਪੁਲਿਸ ਨੇ ਜਿੰਨੇ ਜਾਲੀ ਕੇਸ ਪਾਏ ਜਾ ਸਕਦੇ ਸੀ ਪਾਏ ਹਨ।

ਇਸ ਮੌਕੇ ਦੋਹਾਂ ਬਜੁਰਗਾਂ ਦਾ ਸਨਮਾਨ ਕਰਨ ਮਗਰੋਂ ਦਿੱਲੀ ਸਿੱਖ ਗੁਰੂਦੁਅਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਗ੍ਰਿਫ਼ਤਾਰ 4 ਲੋਕਾਂ ਦੀਆਂ ਜਮਾਨਤਾਂ ਹੋ ਚੁੱਕੀਆਂ ਹਨ। ਐਂਟੀਸਿਪੇਟਰੀ ਜਮਾਨਤਾਂ ਵੀ ਲਾ ਰਹੇ ਹਾਂ। ਹਰ ਕੇਸ ਵਿੱਚ ਧਾਰਾ 307 ਲੱਗੀ ਹੈ। ਇਹ ਸਾਰੇ ਰਾਹ ਜਾਂਦੇ ਲੋਕ ਸੀ ਜੋ ਧੱਕੇ ਫੜ੍ਹ ਲਏ ਗਏ ਹਨ। ਪੁਲਿਸ ਦੇ ਜੋ ਕੋਈ ਵੀ ਹੱਥ ਆਉਂਦਾ ਹੈ ਉਹਨੂੰ ਜੇਲ੍ਹ ‘ਚ ਬੰਦ ਕੀਤਾ ਜਾ ਰਿਹਾ ਹੈ। ਪਰ ਪੁਲਿਸ ਤੇ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਲੰਗਰ ਖਾਧੇ, ਉਨ੍ਹਾਂ ਦੇ ਹੀ ਹੱਡ-ਪੈਰ ਤੋੜਨ ਤੱਕ ਚਲੇ ਗਈ। ਜੇਲ੍ਹਾਂ ‘ਚ ਲੋਕਾਂ ਨੂੰ ਡੱਕ ਕੇ ਸਰਕਾਰ ਕੋਈ ਅੰਦੋਲਨ ਨਹੀਂ ਦਬਾ ਸਕਦੀ।
ਸਵਾਲ ਤਾਂ ਸਰਕਾਰ ਨੂੰ ਵੀ ਕਰਨਾ ਬਣਦਾ ਹੈ, ਕਿ ਦਬਾਅ ਪਾਉਣ ਦਾ ਇਹ ਬੁਜਰਗ ਹੱਡਾਂ ਤੇ ਤਸ਼ੱਦਦ…ਲੋਕਤੰਤਰ ਦੀ ਕਿਹੜੀ ਪਵਿੱਤਰਤਾ ਹੈ? ਆਪਣੇ ਹੀ ਲੋਕਾਂ ਨੂੰ ਪਹਿਲਾਂ ਹੀ ਨਰਕ ਝੱਲ ਰਹੀਆਂ ਜੇਲ੍ਹਾਂ ਅੰਦਰ ਪਸ਼ੂਆਂ ਵਾਂਗ ਡਕ ਦੇਣਾ…ਕਿੱਥੋਂ ਦਾ ਕਾਨੂੰਨ ਹੈ। ਜੰਗਾਂ ਜਿੱਤ ਕੇ ਦੇਸ਼ ਦਾ ਸੀਨਾਂ ਚੌੜਾ ਕਰਨ ਵਾਲੇ ਸਾਬਕਾਂ ਫੌਜੀਆਂ ਦੀਆਂ ਬੁਜੁਰਗ ਛਾਤੀਆਂ ਨੂੰ ਭੰਨ ਸੁੱਟਣਾ…ਪੁਲਿਸ ਦੀ ਕਿਹੜੀ ਬਹਾਦੁਰੀ ਵੇਖਣ ਦਾ ਤਰੀਕਾ ਹੈ। ਸਰਕਾਰ ਨਾ ਭੁੱਲੇ, ਇਹ ਉਹੀ ਲੋਕ ਨੇ ਜਿਨ੍ਹਾਂ ਦੇ ਸਿਰ ਤੇ ਸਰਕਾਰਾਂ ਦੇ ਤਖਤ ਟਿਕੇ ਹੋਏ ਹਨ।