Punjab

ਮੁਗਲਾਂ ਵਾਲੇ ਰਾਹ ‘ਤੇ ਚੱਲਣ ਲੱਗੀ ਭਾਰਤ ਸਰਕਾਰ: ਜਥੇਦਾਰ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ:- ਭਾਰਤ ਦੇਸ਼ ਅੰਦਰ ਘੱਟ ਗਿਣਤੀਆਂ ਦੇ ਲੋਕਾਂ ਨਾਲ ਸਰਕਾਰਾਂ ਵੱਲ਼ੋਂ ਕੀਤੇ ਜਾ ਰਹੇ ਧੱਕੇ ‘ਤੇ ਚਿੰਤਾਂ ਪ੍ਰਗਟ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੀ ਮੁਗ਼ਲ ਹਕੂਮਤ ਵਾਂਗ ਹੀ ਦੇਸ਼ ਅੰਦਰ ਘੱਟਗਿਣਤੀਆਂ ਨੂੰ ਖਤਮ ਕਰਨ ‘ਚ ਕੋਈ ਕਸਰ ਨਹੀਂ ਛੱਡ ਰਹੀ।

ਇੱਕ ਤਾਂ ਦੇਸ਼ ਅੰਦਰ ਸਿੱਖਾਂ ਨਾਲ ਹਰ ਪਾਸੇ ਵਧੀਕੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ, ਦੂਸਰਾ ਗ਼ੈਰਹਿੰਦੂਆਂ ਨੂੰ ਦੇਸ਼ ਅੰਦਰ ਨਾ ਰਹਿਣ ਦੇਣ ਦੀਆਂ ਨੀਤੀਆਂ ਦੀ ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਹੈ।

ਗਿਆਨੀ ਹਰਪ੍ਰੀਤ ਸਿੰਘ ਮੁਤਾਬਿਕ, ਭਾਰਤ ਸਰਕਾਰ ਬੇਸ਼ੱਕ ਸਿੱਧੇ ਤੌਰ ‘ਤੇ ਕਿਸੇ ਨੂੰ ਕੁਝ ਵੀ ਨਹੀਂ ਕਹਿ ਰਹੀ ਪਰ ਅੰਦਰਖਾਤੇ ਘੱਟ ਗਿਣਤੀਆਂ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਇਸ ਤੋਂ ਇਲਾਵਾਂ ਉਹਨਾਂ ਕਿਹਾ ਕਿ ਸਰਕਾਰ ਆਪਣੀ ਹੱਦ ਪਾਰ ਕਰ ਚੁੱਕੀ ਹੈ ਹੁਣ ਤਾਂ ਦਲਿਤ ਭਾਈਚਾਰੇ ਦੇ ਲੋਕ ਵੀ ਇਸ ਕਹਿਰ ਤੋਂ ਨਹੀਂ ਬਚ ਸਕਣਗੇ।

ਧਾਰਮਿਕ ਸਥਾਨਾਂ ਬਾਰੇ ਬੋਲਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਧਾਰਮਿਕ ਸਥਾਨ ਖਤਰੇ ਵਿੱਚ ਹਨ। ਇਨ੍ਹਾਂ ਹੀ ਨਹੀਂ 1-2 ਸੂਬਿਆਂ ‘ਚ ਤਾਂ ਸਾਡੇ ਧਾਰਮਿਕ ਸਥਾਨ ਢਾਹ ਵੀ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਕੱਟੜਵਾਦ ਨਹੀਂ ਤਾਂ ਹੋਰ ਕੀ ਹੈ।

ਉਹਨਾਂ ਕਿਹਾ ਕਿ ਸਾਡੀਆਂ ਧਾਰਮਿਕ ਸੰਸਥਾਵਾਂ ‘ਚ ਬੈਠੇ ਕਈ ਨੁਮਾਇੰਦੇ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਖਤਮ ਕਰ ਰਹੇ ਹਨ। ਇਸ ਲ਼ਈ ਸਾਨੂੰ ਅੰਦਰ ਬੈਠੀਆਂ ਕਾਲੀਆਂ ਭੇਡਾਂ ਅਤੇ ਬਾਹਰ ਬੈਠ ਕੇ ਨੁਕਸਾਨ ਕਰ ਰਹੇ ਲੋਕਾਂ ‘ਤੇ ਪੂਰਾ ਸ਼ੱਕ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲਕੇ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਬਚਾਉਣ ਦੀ ਲੋੜ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਭਾਰਤ ਸਰਕਾਰ ਨੂੰ ਅਸਿੱਧੇ ਤੌਰ ‘ਤੇ ਤਾੜਨਾ ਕਰਦਿਆਂ ਕਿਹਾ ਕਿ ਧਾਰਮਿਕ ਕੱਟੜਤਾ ਨੇ ਵੱਡੀਆਂ-ਵੱਡੀਆਂ ਹਕੂਮਤਾਂ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ਜਥੇਦਾਰ  ਸਰਕਾਰਾਂ ਨੂੰ ਸਾਫ ਕਿਹਾ ਹੈ ਕਿ ਧਾਰਮਿਕ ਕੱਟੜਤਾ ਵਾਲਾ ਸਿਸਟਮ  ਭਾਵੇ ਬੇਸ਼ੱਕ ਚੋਣਾ ਜਿੱਤਣ ਵਿੱਚ ਕਾਮਯਾਬ ਹੋ ਗਿਆ ਹੈ ਪਰ ਇਹ ਸਦਾ ਲਈ ਨਹੀਂ ਰਹਿੰਦਾ।