India Punjab

ਫਟੀ ਜੀਂਸ ਦੇ ਬਿਆਨ ‘ਤੇ ਕੁੜੀਆਂ ਨੇ ਧੋ ਕੇ ਰੱਖ ਦਿੱਤਾ ਉੱਤਰਾਖੰਡ ਦਾ ਮੁੱਖ ਮੰਤਰੀ, ਦਿੱਤੀ ਨਸੀਹਤ, ਕਿਹਾ, ‘ਤੁਹਾਨੂੰ ਫਟੀ ਹੋਈ ਮਾਨਸਿਕਤਾ ਸਿਊਣ ਦੀ ਲੋੜ ਹੈ’

ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਔਰਤਾਂ ਦੀ ਫਟੀ ਜੀਂਸ ‘ਤੇ ਦਿੱਤਾ ਸੀ ਬਿਆਨ, ਕਿਹਾ, ਗਲਤ ਉਦਾਹਰਣ ਕਰ ਰਹੀਆਂ ਹਨ ਪੇਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਕੁੜੀਆਂ ਦੀ ਫਟੀ ਹਈ ਜੀਂਸ ‘ਤੇ ਬਿਆਨ ਦੇਣਾ ਇੰਨਾ ਮਹਿੰਗਾ ਪੈ ਗਿਆ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਧੱਜੀਆਂ ਉੱਡ ਰਹੀਆਂ ਹਨ। ਉਨ੍ਹਾਂ ਦੇ ਬਿਆਨ ‘ਤੇ ਬਹੁਤ ਸਾਰੀਆਂ ਕੁੜੀਆਂ ਵੱਲੋਂ ਨਰਾਜ਼ਗੀ ਜਤਾਈ ਗਈ ਹੈ ਅਤੇ ਉਨ੍ਹਾਂ ਨੇ ਰਾਵਤ ਦੇ ਬਿਆਨ ‘ਤੇ ਸੋਸ਼ਲ ਮੀਡੀਆ ‘ਤੇ #RippedJeansTwitter ਦੇ ਹੈਸ਼ਟੈਗ ਦੇ ਨਾਲ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਤੀਰਥ ਸਿੰਘ ਰਾਵਤ ਨੇ ਔਰਤਾਂ ਦੀ ਫਟੇ ਹੋਏ ਡਿਜ਼ਾਇਨ ਵਾਲੀ ਜੀਂਸ ‘ਤੇ ਬਿਆਨ ਦਿੰਦਿਆਂ ਕਿਹਾ ਸੀ ਕਿ “ਮੈਂ ਇੱਕ ਵਾਰ ਜਦੋਂ ਜਹਾਜ਼ ਵਿੱਚ ਬੈਠਿਆ ਤਾਂ ਮੇਰੇ ਨਾਲ ਇੱਕ ਭੈਣਜੀ ਬੈਠੀ ਹੋਈ ਸੀ। ਮੈਂ ਉਨ੍ਹਾਂ ਨੂੰ ਦੇਖਿਆ ਤਾਂ ਨੀਚੇ ਗਮਬੂਟ ਸਨ। ਜਦੋਂ ਹੋਰ ਉੱਪਰ ਦੇਖਿਆਂ ਤਾਂ ਗੋਡੇ ਪਾਟੇ ਹੋਏ ਸੀ। ਹੱਥ ਦੇਖੇ ਤਾਂ ਕਈ ਕੜੇ ਸਨ। ਜਦੋਂ ਗੋਡੇ ਦੇਖੇ ਅਤੇ ਦੋ ਬੱਚੇ ਨਾਲ ਦਿਖੇ ਤਾਂ ਮੇਰੇ ਪੁੱਛਣ ‘ਤੇ ਪਤਾ ਲੱਗਾ ਕਿ ਉਸਦਾ ਪਤੀ ਜੇਐੱਨਯੂ ਵਿੱਚ ਪ੍ਰੋਫੈਸਰ ਹੈ ਅਤੇ ਉਹ ਖ਼ੁਦ ਕੋਈ ਐੱਨਜੀਓ ਚਲਾਉਂਦੀ ਹੈ। ਜੋ ਐੱਨਜੀਓ ਚਲਾਉਂਦੀ ਹੈ, ਉਨ੍ਹਾਂ ਦੇ ਗੋਡੇ ਦਿਖਦੇ ਹਨ। ਸਮਾਜ ਵਿਚਾਲੇ ਜਾਂਦੇ ਹਨ, ਬੱਚੇ ਨਾਲ ਹਨ। ਕੀ ਸੰਸਕਾਰ ਦੇਵੇਗੀ?”

ਕੀ ਹਨ ਕੁੜੀਆਂ ਦੀਆਂ ਪ੍ਰਤੀਕਿਰਿਆਵਾਂ ?

ਅਦਾਕਾਰਾ ਗੁਲ ਪਨਾਗ ਨੇ ਦੋ ਟਵੀਟਸ ਸ਼ੇਅਰ ਕਰਕੇ ਕਿਹਾ ਕਿ ‘ਆਪਣੀ ਰਿਪਡ ਜੀਂਸ ਕੱਢ ਲਓ’।

ਅਪਰਨਾ ਸਿਨਹਾ ਨਾਂ ਦੀ ਇੱਕ ਕੁੜੀ ਨੇ ਟਵੀਟ ਕਰਕੇ ਕਿਹਾ ਕਿ ‘ਇਹ ਕੀ ਰਿਪਡ ਜੀਂਸ ਚੱਲ ਰਿਹਾ ਹੈ, ਕਿਉਂ ?’ ਅਪਰਨਾ  ਤਿਵਾਰੀ ਨਾਂ ਦੀ ਕੁੜੀ ਲਿਖਦੀ ਹੈ ਕਿ “ਰਿਪਡ ਜੀਂਸ ਪਹਿਨਣ ਵਾਲੀਆਂ ਔਰਤਾਂ ਕੀ ਸੰਸਕਾਰ ਦੇਣਗੀਆਂ ? ਕੀ ਇਸੇ ਕਾਰਨ ਸ਼ਰਟਲੈੱਸ ਆਦਮੀ ਫੇਲ੍ਹ ਹੁੰਦੇ ਹਨ।”

ਰੀਵਾ ਸਿੰਘ ਜੀਂਸ ਵਿੱਚ ਆਪਣੀ ਤਸਵੀਰ ਪੋਸਟ ਕਰਦੇ ਹੋਏ ਲਿਖਦੀ ਹੈ ਕਿ, “ਅਸੀਂ ਸੰਸਕਾਰੀ ਹਾਂ ਜਾਂ ਨਹੀਂ, ਇਹ ਫਿਲਹਾਲ ਦਰ-ਕਿਨਾਰ ਕਰ ਦਿਓ, ਪਹਿਲਾਂ ਇਹ ਦੱਸੋ ਕਿ ਸਾਡੇ ਕੋਲੋਂ ਹੀ ਸੰਸਕਾਰ ਦੀ ਆਸ ਕਿਉਂ ਰੱਖੀ ਜਾਂਦੀ ਹੈ? ਸਾਨੂੰ ਹੀ ਸੰਸਕਾਰ ਦੀ ਪਾਠਸ਼ਾਲਾ ਕਿਉਂ ਸਮਝਿਆਂ ਜਾਂਦਾ ਹੈ ? ਕਿਉਂ ਦਈਏ ਅਸੀਂ ਸੰਸਕਾਰ ? ਔਰਤਾਂ ਵਿਗੜ ਗਈਆਂ ਹਨ ਹੈ ਨਾ, ਤਾਂ ਪੁਰਸ਼ ਇਹ ਕਾਰਜਭਾਰ ਕਿਉਂ ਨਹੀਂ ਸਾਂਭਦੇ। ਰੋਜ਼ਾਨਾ ਸੂਰਜ ਨਿਕਲਣ ਤੋਂ ਪਹਿਲਾਂ ਉੱਠੋ, ਤਾਂ ਜੋ ਬੱਚਿਆਂ ਨੂੰ ਕਹਿ ਸਕੀਏ ਕਿ ਜਲਦੀ ਉੱਠਣਾ ਚਾਹੀਦਾ ਹੈ। ਵਧੀਆ ਪੌਸ਼ਟਿਕ ਖਾਣਾ ਬਣਾ ਕੇ ਘਰ-ਪਰਿਵਾਰ ਨੂੰ ਖੁਆਓ, ਤਾਂ ਜੋ ਮਨ੍ਹਾਂ ਕਰ ਸਕੇ ਚਾਈਨਜ਼, ਇਟੈਲੀਅਨ ਕੁਜ਼ੀਨ ਨੂੰ। ਸ਼ਾਮ ਨੂੰ ਸਾਰਿਆਂ ਨੂੰ ਖਾਣਾ ਖੁਆ ਕੇ ਬਿਸਤਰੇ ਵਿੱਚ ਜਾਓ। ਵਧੀਆ ਪਾਲਣ-ਪੋਸ਼ਣ ਸ਼ੁਰੂ ਕਰੋ, ਕਦੋਂ ਤੋਂ ਕਰ ਰਹੇ ਹੋ।”

ਅਦਿਤੀ ਰਾਵਲ ਨੇ ਕਿਹਾ ਕਿ, “ਫਟੀ ਜੀਂਸ, ਫਟੀ ਮਾਨਸਿਕਤਾ ਦੀ ਸਿਲਾਈ ਦੀ ਲੋੜ ਹੈ।” ਸ਼ਵੇਤਾ ਰਾਜ ਆਪਣੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਦੀ ਹੈ ਕਿ, “ਹੇ ਨਵੇਂ ਮੁੱਖ ਮੰਤਰੀ ਜੀ, ਜੀਂਸ ਵਾਲੀਆਂ ਮਾਂਵਾਂ, ਤੁਹਾਡੀ ਸਮਝ ਦੇ ਉੱਪਰ ਦੀ ਚੀਜ਼ ਹੈ, ਇਸ ਲਈ ਤੁਸੀਂ ਰਹਿਣ ਦਿਓ।”

ਇਸ ਤੋਂ ਇਲਾਵਾ ਸ਼ਿਵਸ਼ੈਨਾ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੈਦੀ ਸਣੇ ਕਈ ਹੋਰ ਔਰਤਾਂ ਨੇ ਇਸ ਬਿਆਨ ‘ਤੇ ਇਤਰਾਜ਼ ਜਤਾਇਆ ਹੈ। ਸ਼ਿਵਸ਼ੈਨਾ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੈਦੀ ਨੇ ਟਵੀਟ ਕਰਕੇ ਕਿਹਾ ਹੈ ਕਿ ‘ਦੇਸ਼ ਦੀ ਸੰਸਕ੍ਰਿਤੀ ਅਤੇ ਸਸੰਕਾਰ ਉਨ੍ਹਾਂ ਆਦਮੀਆਂ ਦੇ ਕਰਕੇ ਪ੍ਰਭਾਵਿਤ ਹੁੰਦੇ ਹਨ, ਜੋ ਬੈਠ ਕੇ ਔਰਤਾਂ ਅਤੇ ਉਨ੍ਹਾਂ ਦੀ ਚੋਣ ਬਾਰੇ ਨਿਆਂ ਕਰਦੇ ਹਨ। ਸੋਚ ਬਦਲੋ, ਮੁੱਖ ਮੰਤਰੀ ਜੀ, ਤਾਂ ਹੀ ਦੇਸ਼ ਬਚੇਗਾ।’

ਹਾਲਾਂਕਿ, ਕੁੱਝ ਪੁਰਸ਼ਾਂ ਨੇ ਰਾਵਤ ਦੇ ਬਿਆਨ ਦਾ ਸਮਰਥਨ ਕੀਤਾ। ਜਗਦੀਸ਼ ਨਾਂ ਦੇ ਇੱਕ ਵਿਅਕਤੀ ਨੇ ਰਾਵਤ ਦੇ ਬਿਆਨ ਦਾ ਸਮਰਥਨ ਕਰਦਿਆਂ ਸ਼ਿਵਸ਼ੈਨਾ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੈਦੀ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਕਿਹਾ ਕਿ ‘ਕੀ ਤੁਸੀਂ ਔਰਤਾਂ ਦੇ ਫਟੀ ਜੀਂਸ ਪਹਿਨਣ ਦੀ ਵਕਾਲਤ ਕਰ ਰਹੇ ਹੋ? ਕੀ ਇਹ ਸਾਡੀ ਹਿੰਦੂ ਸੱਭਿਅਤਾ ਹੈ। ਫਟੀ ਜੀਂਸ ਦਾ ਸਮਰਥਨ ਕਰਨ ਵਾਲੇ ਲੋਕੋ, ਸ਼ਰਮ ਕਰੋ।’