Punjab

ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਗ਼੍ਰਿਫਤਾਰੀ ਵਾਰੰਟ ਜਾਰੀ

–       ਬਹਿਬਲ ਕਲਾਂ ਗੋਲੀ ਕਾਂਡ ‘ਚ ਫ਼ਰੀਦਕੋਟ ਸੈਸ਼ਨ ਅਦਾਲਤ ਵਿੱਚ ਨਹੀਂ ਹੋਏ ਪੇਸ਼

‘ਦ ਖ਼ਾਲਸ ਬਿਊਰੋ :- ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਫ਼ਰੀਦਕੋਟ ਸੈਸ਼ਨ ਅਦਾਲਤ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਸੁਮੇਧ ਸੈਣੀ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਵਾਰੰਟ ਜਾਰੀ ਕੀਤੇ ਹਨ।

ਜਾਣਕਾਰੀ ਅਨੁਸਾਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਵੀ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਇੱਕ ਹੁਕਮ ਵਿੱਚ ਆਈਜੀ ਨੂੰ ਅਦਾਲਤ ਵਿੱਚ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਸੀ, ਜਿਸ ਕਰਕੇ ਜੁਡੀਸ਼ੀਅਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਦੇਰ ਸ਼ਾਮ ਆਈਜੀ ਖ਼ਿਲਾਫ਼ ਜਾਰੀ ਜ਼ਮਾਨਤ ਯੋਗ ਵਰੰਟਾਂ ਦਾ ਹੁਕਮ ਵਾਪਸ ਲੈ ਲਿਆ ਸੀ।

ਉਮਰਾਨੰਗਲ ਨੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਪੇਸ਼ ਹੋਏ ਚਲਾਨ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਗਰੀਸ਼ ਅਗਨੀਹੋਤਰੀ ਨੇ ਉਮਰਾਨੰਗਲ ਨੂੰ ਅੱਜ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਦਿੰਦਿਆਂ ਇਸ ਮਾਮਲੇ ਦੀ ਸੁਣਵਾਈ 26 ਫਰਵਰੀ ਤੱਕ ਟਾਲ ਦਿੱਤੀ ਹੈ।

ਵਿਸ਼ੇਸ਼ ਜਾਂਚ ਟੀਮ ਨੇ 15 ਜਨਵਰੀ ਨੂੰ ਅਦਾਲਤ ਵਿੱਚ ਸੈਣੀ ਅਤੇ ਉਮਰਾਨੰਗਲ ਖਿਲਾਫ ਚਲਾਨ ਪੇਸ਼ ਕੀਤਾ ਸੀ, ਜਿਸ ਮਗਰੋਂ ਜੁਡੀਸ਼ੀਅਲ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਦੋਵਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।

ਇੱਕ ਨਜ਼ਰ ਬਹਿਬਲ ਕਲਾਂ ਗੋਲੀਕਾਂਡ

–       20 ਅਕਤੂਬਰ, 2015 ਨੂੰ ਬਹਿਬਲ ਕਲਾਂ ਗੋਲੀਕਾਂਡ ‘ਚ 26 ਸਾਲਾ ਗੁਰਜੀਤ ਸਣੇ 2 ਨੌਜਵਾਨਾਂ ਦੀ ਮੌਤ ਹੋ ਗਈ ਸੀ।

–       ਇਸ ਮਾਮਲੇ ਵਿੱਚ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ। 

–       ਐੱਸਆਈਟੀ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਸੀ।

14 ਅਕਤੂਬਰ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ਵਿੱਚੋਂ ਦੋ ਨੌਜਵਾਨ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਦੇ ਖਿਲਾਫ  ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਲੋਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ।