‘ਦ ਖ਼ਾਲਸ ਬਿਊਰੋ :- ਸਿੱਖ ਕੌਮ ਦੇ ਇਤਿਹਾਸ ਵਿੱਚ 9 ਨਵੰਬਰ ਦਾ ਦਿਨ ਸੁਨਹਿਰੀ ਅੱਖਰਾਂ ਦੇ ਵਾਂਗ ਲਿਖਿਆ ਗਿਆ ਹੈ ਕਿਉਂਕਿ ਅੱਜ ਤੋਂ ਇੱਕ ਸਾਲ ਪਹਿਲਾਂ 9 ਨਵੰਬਰ 2019 ਦੇ ਵਿੱਚ ਦੋ ਮੁਲਕਾਂ ਦੇ ਵਿਚਾਲੇ ਇੱਕ ਗੁਰੂ ਘਰ ਦੇ ਦਰਸ਼ਨਾਂ ਲਈ ਸਰਹੱਦ ਨੂੰ ਖੋਲ੍ਹ ਦਿੱਤਾ ਗਿਆ ਸੀ। ਇਹ ਦੋਵੇਂ ਮੁਲਕਾਂ ਦਾ ਨਾਮ ਹੈ ਭਾਰਤ ਅਤੇ ਪਾਕਿਸਤਾਨ, ਜਿਹੜੇ ਕਦੇ ਇੱਕ ਹੀ ਮੁਲਕ ਹੋਇਆ ਕਰਦੇ ਸੀ। ਵੰਡ ਤੋਂ ਬਾਅਦ ਪਹਿਲੀ ਵਾਰ ਹੋਇਆ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ ਨੂੰ ਖ਼ਾਸ ਤੌਰ ‘ਤੇ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਜਾਣ ਵਾਲੀ ਸੰਗਤ ਦੇ ਵਾਸਤੇ ਖੋਲ੍ਹਿਆ ਗਿਆ। ਇਸ ਲਾਂਘੇ ਦਾ ਨਾਮ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ।

ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਇਤਿਹਾਸ ਵਿੱਚ ਲਾਂਘਾ ਖੋਲ੍ਹਣ ਤੋਂ ਇੱਕ ਸਾਲ ਬਾਅਦ ਦਾ ਇਤਿਹਾਸ ਵੀ ਲਿਖਿਆ ਜਾਵੇਗਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਤੋਂ ਬਾਅਦ ਪਹਿਲੀ ਵਰੇਗੰਢ੍ਹ ਮੌਕੇ ਇਹ ਲਾਂਘਾ ਬੰਦ ਰਿਹਾ। ਦੋਵਾਂ ਮੁਲਕਾਂ ਦੀਆਂ ਸਰਕਾਰਾਂ ਦੇ ਵਿੱਚੋਂ ਇੱਕ ਸਰਕਾਰ ਨੇ ਤਾਂ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਪਰ ਦੂਸੇ ਪਾਸੇ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਪਹਿਲੀ ਵਰੇਗੰਢ੍ਹ ਮੌਕੇ ਵੀ ਸੰਗਤ ਲਈ ਨਹੀਂ ਖੋਲ੍ਹਿਆ।

ਕਰਤਾਰਪੁਰ ਸਾਹਿਬ ਇਤਿਹਾਸਕ ਗੁਰਦੁਆਰਾ ਸਿੱਖ ਕੌਮ ਦੇ ਪਹਿਲੇ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਕਰ ਕਮਲਾਂ ਦੇ ਨਾਲ ਸਿੰਜਿਆ ਹੋਇਆ ਹੈ। ਗੁਰੂ ਸਾਹਿਬ ਜੀ ਨੇ ਇੱਥੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਬਤੀਤ ਕੀਤੇ ਸੀ। 2019 ਦੇ ਵਿੱਚ ਇਤਿਹਾਸਕ ਘਟਨਾਕ੍ਰਮ ਵਾਪਰਿਆ, ਦੋਵੇਂ ਮੁਲਕਾਂ ਦੀਆਂ ਸਰਕਾਰਾਂ ਵਿਚਾਲੇ ਸਾਂਝ ਪਈ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ।

ਸਿੱਖ ਕੌਮ ਅਫ਼ਸੋਸ ਦੇ ਨਾਲ ਅੱਜ ਯਾਦ ਵੀ ਕਰ ਰਹੀ ਹੈ ਕਿ ਪਹਿਲੀ ਵਰੇਗੰਢ੍ਹ ਮੌਕੇ ਵੀ ਭਾਰਤ ਦੀ ਹਕੂਮਤ ਨੇ ਇਹ ਲਾਂਘਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ। ਪਹਿਲੀ ਵਰੇਗੰਢ੍ਹ ਮੌਕੇ ਸ਼ਾਇਦ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਦੋਵਾਂ ਮੁਲਕਾਂ ਵਿੱਚ ਸਮਾਗਮ ਜ਼ਰੂਰ ਕੀਤੇ ਜਾਣੇ ਸੀ। ‘ਦ ਖ਼ਾਲਸ ਟੀਵੀ ਆਪ ਸਭ ਨੂੰ 9 ਨਵੰਬਰ 2019 ਦੇ ਉਹੀ ਦ੍ਰਿਸ਼ ਦਿਖਾਉਣਾ ਚਾਹੁੰਦਾ ਹੈ, ਜਦੋਂ ਇਹ ਇਤਿਹਾਸਕ ਘਟਨਾਕ੍ਰਮ ਵਾਪਰਿਆ ਸੀ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਸੀ।

https://www.youtube.com/watch?v=aUoiv8hq_l8&feature=youtu.be&t=2521

 

ਕਰਤਾਰਪੁਰ ਸਾਹਿਬ ਦਾ ਲਾਂਘਾ ਮਾਰਚ, 2020 ਦੇ ਵਿੱਚ ਹੀ ਬੰਦ ਕਰ ਦਿੱਤਾ ਗਿਆ ਸੀ। ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਜਦੋਂ ਸਾਰੀ ਦੁਨੀਆ ਦੇ ਵਿੱਚ ਲਾਕਡਾਊਨ ਲੱਗ ਗਿਆ ਤਾਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਵੀ ਆਰਜ਼ੀ ਤੌਰ ‘ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ। ਹੁਣ ਤਕਰੀਬਨ ਸਾਰੇ ਮੁਲਕਾਂ ਵਿੱਚ ਲਾਕਡਾਊਨ ਖਤਮ ਹੋ ਚੁੱਕਿਆ ਹੈ। ਭਾਰਤ ਵਿੱਚ ਵੀ ਅਨਲਾੱਕ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸਦੇ ਤਹਿਤ ਤਕਰੀਬਨ ਹਰ ਕਾਰੋਬਾਰ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਧਾਰਮਿਕ ਅਸਥਾਨ ਵੀ ਪੂਰੇ ਭਾਰਤ ਵਿੱਚ ਖੋਲ੍ਹ ਦਿੱਤੇ ਗਏ ਹਨ।

ਵਾਰ-ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਵੀ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ। ਹਾਲਾਂਕਿ, ਪਾਕਿਸਤਾਨ ਸਰਕਾਰ ਕਈ ਹਫ਼ਤੇ ਪਹਿਲਾਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦਾ ਐਲਾਨ ਕਰ ਚੁੱਕੀ ਹੈ ਅਤੇ ਸੰਗਤ ਬਿਨਾਂ ਰੋਕ-ਟੋਕ ਦੇ ਦਰਸ਼ਨ ਕਰ ਸਕਦੀ ਹੈ।

ਜਥੇਦਾਰ ਭਾਈ ਕੁਲਦੀਪ ਸਿੰਘ ਵਡਾਲਾ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਸਭ ਤੋਂ ਵੱਧ ਜੱਦੋ-ਜਹਿਦ ਕੀਤੀ, ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਸਿੱਖ ਸੰਗਤ ਨੂੰ ਨਾਲ ਲੈ ਕੇ ਹਰ ਮਹੀਨੇ ਸਰਹੱਦ ਉੱਤੇ ਜਾ ਕੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਕਰਦੇ ਸੀ ਅਤੇ ਸੈਂਕੜੇ ਵਾਰ ਇਹ ਅਰਦਾਸ ਕੀਤੀ ਜਾਂਦੀ ਰਹੀ। ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਨਾਲ ਸਮੇਂ ਦੀਆਂ ਸਰਕਾਰਾਂ ਦੇ ਵੱਖ-ਵੱਖ ਲੀਡਰ ਵੀ ਕਈ ਵਾਰ ਉਨ੍ਹਾਂ ਨਾਲ ਜਾ ਕੇ ਸਰਹੱਦ ਉੱਤੇ ਬੈਠਦੇ ਰਹੇ। ਸੰਘਰਸ਼ ਕਰਦੇ-ਕਰਦੇ ਜਥੇਦਾਰ ਕੁਲਦੀਪ ਸਿੰਘ ਵਡਾਲਾ 2018 ਵਿੱਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਜਾਣ ਤੋਂ ਇੱਕ ਸਾਲ ਬਾਅਦ ਹੀ ਸਿੱਖ ਕੌਮ ਵੱਲੋਂ ਸਾਲਾਬੱਧੀ ਕੀਤੀ ਜਾ ਰਹੀ ਅਰਦਾਸ ਸੰਪੂਰਨ ਹੋ ਗਈ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ।

ਨਵੰਬਰ,2019 ਦੇ ਵਿੱਚ ਖੁੱਲ੍ਹਿਆ ਲਾਂਘਾ ਕਰੀਬ ਪੰਜ ਮਹੀਨੇ ਹੀ ਚਾਲੂ ਰਿਹਾ, ਜਿਸਨੂੰ ਮਾਰਚ ਮਹੀਨੇ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਬੰਦ ਕਰ ਦਿੱਤਾ ਗਿਆ ਸੀ। ਸਿੱਖ ਸੰਗਤ ਦੇ ਨਾਲ ‘ਦ ਖ਼ਾਲਸ ਟੀਵੀ ਦੀ ਟੀਮ ਵੀ ਦੁਆ ਕਰਦੀ ਹੈ ਕਿ ਦੋਵਾਂ ਮੁਲਕਾਂ ਦੇ ਵਿਚਾਲੇ ਇੱਕ ਗੁਰੂ-ਘਰ ਦੇ ਦਰਸ਼ਨਾਂ ਲਈ ਖੁੱਲ੍ਹਿਆ ਇਹ ਲਾਂਘਾ ਮੁੜ ਤੋਂ ਖੁੱਲ੍ਹ ਜਾਵੇ।

Leave a Reply

Your email address will not be published. Required fields are marked *