India International

ਵਾਰਾਣਾਸੀ ‘ਚ ਦਰਜ ਐੱਫਆਈਆਰ ‘ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਦਾ ਨਾਂ

ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਵਾਰਾਣਸੀ ਦੇ ਭੇਲੂਪੁਰ ਥਾਣੇ ਵਿਚ ਦਰਜ ਇੱਕ ਐੱਫਆਈਆਰ ਵਿੱਚ ਕੁੱਲ 18 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਦਾ ਵੀ ਨਾਂ ਸ਼ਾਮਿਲ ਹੈ।

ਜਾਣਕਾਰੀ ਅਨੁਸਾਰ ਇਹ ਐੱਫਆਈਆਰ 6 ਫਰਵਰੀ ਨੂੰ ਅਦਾਲਤ ਦੇ ਹੁਕਾਮਾਂ ਤੇ ਦਰਜ ਕੀਤੀ ਗਈ ਹੈ। ਵਾਰਾਣਸੀ ਦੇ ਗੌਰੀਗੰਜ ਖੇਤਰ ਵਿਚ ਰਹਿਣ ਵਾਲੇ ਗਿਰੀਜਾ ਸ਼ੰਕਰ ਵੱਲੋਂ ਦੋਸ਼ ਲਾਏ ਗਏ ਹਨ ਕਿ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਵਟਸਐਪ ਗਰੁੱਪ ਵਿੱਚ ਇੱਕ ਵੀਡੀਓ ਰਾਹੀਂ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਗਿਰੀਜਾ ਸ਼ੰਕਰ ਨੇ ਕਾਲ ਕਰਕੇ ਵੀਡੀਓ ‘ਤੇ ਸਵਾਲ ਕੀਤਾ, ਜਿਸ ਤੋਂ ਬਾਅਦ ਯੂਟਿਊਬ ‘ਤੇ ਇਕ ਵੀਡੀਓ ਪਾਈ ਗਈ। ਇਸ ਵਿੱਚ ਗਿਰੀਜਾ ਸ਼ੰਕਰ ਦਾ ਮੋਬਾਈਲ ਨੰਬਰ ਕਥਿਤ ਤੌਰ ‘ਤੇ ਇਸ ਵਿਚ ਪਾ ਦਿੱਤਾ ਗਿਆ। ਉਦੋਂ ਤੋਂ ਹੀ ਉਸ ਦੇ ਮੋਬਾਈਲ ਫੋਨ ‘ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦਾ ਮੋਬਾਈਲ ਨੰਬਰ ਯੂ-ਟਿਊਬ ‘ਤੇ ਵਿਸ਼ਾਲ ਸਿੰਘ ਨਾਂ ਦੇ ਵਿਅਕਤੀ ਨੇ ਪਾਇਆ ਹੈ। ਇਸ ਨੰਬਰ ਦੇ ਜਨਤਕ ਹੋਣ ਤੋਂ ਬਾਅਦ ਗਿਰਿਜਾ ਸ਼ੰਕਰ ਨੂੰ 8500 ਕਾਲਾਂ ਆਈਆਂ ਹਨ, ਜਿਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਦੇ ਐੱਫਆਈਆਰ ਵਿੱਚ 18 ਲੋਕਾਂ ਦੇ ਨਾਂ ਹਨ,  ਇਨ੍ਹਾਂ ਵਿੱਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਵੀ ਸ਼ਾਮਿਲ ਹਨ। ਇਨ੍ਹਾਂ ‘ਤੇ ਆਈਟੀ ਐਕਟ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ।