‘ਦ ਖ਼ਾਲਸ ਬਿਊਰੋ :- ਪਿਛਲੇ ਦਿਨੀਂ ਨਿਊਜ਼ੀਲੈਂਡ ‘ਚ ਹੋਈਆਂ ਆਮ ਚੋਣਾਂ ਦੇ ‘ਚ ਦੋ ਜਨਮਤ ਕਰਵਾਏ ਗਏ ਸਨ ਜਿਨ੍ਹਾਂ ਵਿੱਚ ਇੱਕ ਭੰਗ ਦੀ ਦਵਾਈ ਜਾਂ ਭੰਗ ਦੀ ਸ਼ਰਤਾਂਮਈ ਵਰਤੋਂ ਸਬੰਧੀ ਸੀ। ਇਸ ਵਿੱਚ ਸ਼ਾਮਿਲ ਸੀ ਕਿ ਭੰਗ ਦੇ ਬੂਟਿਆਂ ਜਾਂ ਪੱਤਿਆਂ ਨੂੰ ਦਵਾਈਆਂ ਦੇ ਰੂਪ ਵਿੱਚ ਬਦਲ ਕੇ ਇੱਥੇ ਵਰਤਣਾ ਕਾਨੂੰਨੀ ਹੋਣਾ ਚਾਹੀਦਾ ਹੈ ਕਿ ਨਹੀਂ।? ਦੂਜਾ ਅਹਿਮ ਤੇ ਸੰਵੇਦਨਸ਼ੀਲ ਜਨਮਤ ਇੱਛਾ ਮੁਕਤੀ ਸੀ। ਇਸ ਦਾ ਮਤਲਬ ਸੀ ਕਿ ਜੇਕਰ ਕੋਈ ਕਿਸੀ ਲਾਇਲਾਜ ਜਾਂ ਜੀਵਨ ਅੰਤ ਵੱਲ ਵੱਧ ਰਹੀ ਬਿਮਾਰੀ ਤੋਂ ਪੀੜਤ ਹੈ ਅਤੇ ਦੁੱਖ ਸਹਾਰ ਰਿਹਾ ਹੈ ਤਾਂ ਕੀ ਉਹ ਆਪਣੀ ਇੱਛਾ ਦੇ ਮੁਤਾਬਿਕ ਆਪਣੇ ਜੀਵਨ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ ਕਿ ਨਹੀਂ।?  ਜਿਸ ਸਬੰਧੀ ਸਰਕਾਰ ਨੇ  ‘ਲਾਈਫ਼ ਚੁਆਇਸ ਐਕਟ 2019’ ਪਾਸ ਕੀਤਾ ਹੋਇਆ ਹੈ ਜੋ ਕਿ ਜਨਮਤ ਦੇ ਬਾਅਦ ਅਮਲ ਵਿੱਚ ਆ ਸਕਦਾ ਹੈ।

ਇਨ੍ਹਾਂ ਜਨਮਤਾਂ ਸਬੰਧੀ ਰੁਝਾਨੀ ਨਤੀਜੇ ਸਾਹਮਣੇ ਆ ਗਏ ਹਨ, ਜਿਨ੍ਹਾਂ ਦੇ ਵਿੱਚ ਇੱਛਾ ਮੁਕਤੀ ਨੂੰ ਲੋਕਾਂ ਨੇ ‘ਹਾਂ’ ਕਹਿ ਦਿੱਤੀ ਹੈ ਜਦ ਕਿ ਭੰਗ ਦੀ ਸ਼ਰਤਾਂ ਮੁਤਾਬਿਕ ਵਰਤੋਂ ਨੂੰ ਵੀ ‘ਨਾਂਹ’ ਕਹਿ ਦਿੱਤੀ ਹੈ। ਇੱਛਾ ਮੁਕਤੀ ਸਬੰਧੀ ਹੋਈ ਵੋਟਾਂ ਦੀ ਗਿਣਤੀ ਮੁਤਾਬਿਕ ਇਸ ਮੁੱਦੇ ‘ਤੇ 15 ਲੱਖ 74 ਹਜ਼ਾਰ 645 ਲੋਕਾਂ ਨੇ ‘ਹਾਂ’ ਵਿੱਚ ਆਪਣੀ ਰਾਏ ਦਿੱਤੀ ਹੈ ਜਦ ਕਿ 8 ਲੱਖ 15 ਹਜ਼ਾਰ 829 ਲੋਕਾਂ ਨੇ ‘ਨਾਂਹ’ ਵਿੱਚ ਆਪਣੀ ਰਾਏ ਦਿੱਤੀ ਹੈ। ਇਸ ਤਰ੍ਹਾਂ ਕੁੱਲ 65.2% ਵੋਟ ‘ਹਾਂ’ ਵਿੱਚ ਭੁਗਤੀ ਅਤੇ 33.8% ਵੋਟ ‘ਨਾਂਹ’ ਵਿੱਚ ਹੋਇਆਂ।

ਦਰਅਸਲ ਭੰਗ ਦੀ ਸ਼ਰਤਾਂ ਸਹਿਤ ਵਰਤੋਂ ਕੀਤੀ ਜਾਣ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। 12 ਲੱਖ 81 ਹਜ਼ਾਰ 818 ਲੋਕਾਂ ਨੇ ‘ਨਾਂਹ’ ਦੇ ਵਿੱਚ ਆਪਣੀ ਰਾਏ ਦਿੱਤੀ ਜਦ ਕਿ 11 ਲੱਖ 14 ਹਜ਼ਾਰ 485 ਲੋਕਾਂ ਨੇ ‘ਹਾਂ’ ਦੇ ਵਿੱਚ ਆਪਣੀ ਵੋਟ ਦਿੱਤੀ। ਇਸ ਤਰ੍ਹਾਂ 53.1% ਨੇ ‘ਨਾਂਹ’ ਦੇ ਵਿੱਚ ਰਾਏ ਦਿੱਤੀ ਅਤੇ 46.1% ਲੋਕਾਂ ਨੇ ‘ਹਾਂ’ ਦੇ ਵਿੱਚ ਰਾਏ ਦਿੱਤੀ ਹੈ। ਵਰਨਣਯੋਗ ਹੈ ਕਿ ਇੱਥੇ ਦੇ 1000 ਦੇ ਕਰੀਬ ਡਾਕਟਰਾਂ ਨੇ ਇੱਕ ਚਿੱਠੀ ਲਿਖ ਕੇ ਰਾਏ ਦਿੱਤੀ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਹ ਅਜਿਹਾ ਟੀਕਾ ਲਾਉਣ ਜਿਸ ਦੇ ਨਾਲ ਮਰੀਜ਼ ਦਾ ਅੰਤ ਹੋ ਸਕੇ, ਪਰ ਇਸ ਦੇ ਬਾਵਜੂਦ ਇਸੇ ਦੁੱਖਾਂ ਭਰੀ ਜ਼ਿੰਦਗੀ ਨਾਲ ਜੂਝਣ ਨਾਲੋਂ ਮਰਨ ਨੂੰ ਲੋਕਾਂ ਨੇ ਤਰਜੀਹ ਦੇਣੀ ਬਿਹਤਰ ਸਮਝੀ ਹੈ।

ਹਾਲਾਂਕਿ ਇਨ੍ਹਾਂ ਚੋਣਾਂ ਦਾ ਅੰਤਿਮ ਨਤੀਜਾ 6 ਨਵੰਬਰ ਨੂੰ ਦੱਸਿਆ ਜਾਣਾ ਹੈ ਕਿਉਂਕਿ 4,80,000 ਸਪੈਸ਼ਲ ਵੋਟਾਂ ਦੀ ਗਿਣਤੀ ਅਜੇ ਹੋਣੀ ਬਾਕੀ ਹੈ। ਹਾਂ ਵਿੱਚ ਆਏ ਜਨਮੱਤ ਨੂੰ ਅਗਲੇ 18 ਮਹੀਨਿਆਂ ਦੇ ਵਿੱਚ ਕਾਨੂੰਨੀ ਰੂਪ ਮਿਲੇਗਾ। ਪ੍ਰਧਾਨ ਮੰਤਰੀ ਨੇ ਇਸ ਜਨਮੱਤ ਦੇ ਵਿੱਚ ਦੋਹਾਂ ਮੁੱਦਿਆਂ ‘ਤੇ ਆਪਣੀ ‘ਹਾਂ’ ਆਖੀ ਸੀ। ਲੋਕਾਂ ਨੇ ਭੰਗ ਨੂੰ ‘ਨਾਂਹ’ ਮਿਲਣ ‘ਤੇ ਖ਼ੁਸ਼ੀ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਨਿਊਜ਼ੀਲੈਂਡ ਇਸ ਦੇ ਨਾਲ ਨਸ਼ਿਆਂ ਤੋਂ ਹਟਵਾਂ ਤੇ ਸਿਹਤਮੰਦ ਰਹੇਗਾ।

 

Leave a Reply

Your email address will not be published. Required fields are marked *